ਜਲੰਧਰ (ਰਮਨਜੀਤ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਦਾ ਹੀ ਅਸਰ ਹੈ ਕਿ ਲੰਬੇ ਸਮੇਂ ਤੋਂ ਲਟਕੇ ਆ ਰਹੇ ਜਲੰਧਰ ਕਲੱਸਟਰ ਵਿਚ ਵੀ ਸਾਲਿਡ ਵੇਸਟ ਮੈਨੇਜਮੈਂਟ ਪਲਾਨ ਅਧੀਨ ਕੰਮ ਸ਼ੁਰੂ ਹੋ ਜਾਵੇਗਾ। ਇਸ ਲਈ 5 ਨਵੰਬਰ ਦਾ ਦਿਨ ਤੈਅ ਕੀਤਾ ਗਿਆ ਹੈ।
ਸਾਲਿਡ ਵੇਸਟ ਤਹਿਤ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਮਗਰੋਂ ਇਸ ਨੂੰ ਆਧੁਨਿਕ ਤਰੀਕਿਆਂ ਨਾਲ ਬਿਜਲੀ ਪੈਦਾ ਕਰਨ ਅਤੇ ਖਾਦ ਬਣਾਉਣ ਲਈ ਵਰਤੋਂ ਵਿਚ ਲਿਆਂਦਾ ਜਾਵੇਗਾ। ਇਸ ਲਈ ਸੂਬਾ ਸਰਕਾਰ ਵਲੋਂ ਇਕ ਨਿੱਜੀ ਖੇਤਰ ਦੀ ਕੰਪਨੀ ਦਾ ਸਹਿਯੋਗ ਲਿਆ ਗਿਆ ਹੈ।
ਸੂਬੇ ਦੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੇ ਦੱਸਿਆ ਕਿ ਜਲੰਧਰ ਕਲੱਸਟਰ ਵਿਚ ਸਾਲਿਡ ਵੇਸਟ ਦਾ ਕੰਮ ਸ਼ੁਰੂ ਕਰਨ ਸੰਬੰਧੀ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ ਤੇ ਇਸ ਨੂੰ 5 ਨਵੰਬਰ ਨੂੰ ਆਰੰਭ ਕੀਤਾ ਜਾਵੇਗਾ।
ਜੋਸ਼ੀ ਨੇ ਕਿਹਾ ਕਿ ਨਿੱਜੀ ਕੰਪਨੀ ਤੇ ਜਨਤਕ ਹਿੱਸੇਦਾਰੀ (ਪੀ.ਪੀ.ਪੀ.) ਮੋਡ ਅਧੀਨ ਇਸ ਪ੍ਰਬੰਧ ਅਧੀਨ ਸਾਲਿਡ ਵੇਸਟ ਮੈਨੇਜਮੈਂਟ ਕੰਪਨੀ ਦੇ ਪ੍ਰਤੀਨਿਧੀਆਂ ਵਲੋਂ ਕੂੜੇ ਨੂੰ ਘਰ-ਘਰ ਤੋਂ ਇਕੱਠਾ ਕਰਕੇ ਪ੍ਰੋਸੈਸਿੰਗ ਵਾਲੀ ਥਾਂ 'ਤੇ ਲਿਆਂਦਾ ਜਾਵੇਗਾ ਅਤੇ ਇਸ ਨੂੰ ਵਿਗਿਆਨਕ ਢੰਗ ਨਾਲ ਬਿਜਲੀ ਅਤੇ ਖਾਦ ਬਣਾਉਣ ਲਈ ਵਰਤਿਆ ਜਾਵੇਗਾ। ਇਸ ਪ੍ਰਣਾਲੀ ਨਾਲ ਜਿੱਥੇ ਸ਼ਹਿਰਾਂ ਨੂੰ ਸਵੱਛ ਰੂਪ ਮਿਲੇਗਾ, ਉਥੇ ਹੀ ਕੂੜੇ ਦੀ ਵਿਗਿਆਨਕ ਢੰਗ ਨਾਲ ਪ੍ਰੋਸੈਸਿੰਗ ਕਰਕੇ ਮੁੜ ਵਰਤੋਂ ਵਿਚ ਲਿਆਂਦਾ ਜਾਵੇਗਾ।
ਨੂੰਹ ਨੇ ਲਗਾਏ ਸੁਹਰੇ ’ਤੇ ਕੁੱਟਮਾਰ ਕਰਨ ਦੇ ਦੋਸ਼
NEXT STORY