* ਪਤੀ ਨੇ ਲਗਾਇਆ ਪੁਲਸ 'ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼, * ਡੀ. ਐੱਸ. ਪੀ. ਨੇ ਪੁਲਸ 'ਤੇ ਲੱਗੇ ਦੋਸ਼ਾਂ ਨੂੰ ਕੀਤਾ ਰੱਦ
ਜ਼ੀਰਾ, (ਰਜਨੀਸ਼)-ਤਹਿਸੀਲ ਜ਼ੀਰਾ ਦੇ ਪਿੰਡ ਮਿਹਰ ਸਿੰਘ ਵਾਲਾ ਨਿਵਾਸੀ ਇਕ ਔਰਤ ਨੇ ਪੁਲਸ ਤੋਂ ਤੰਗ ਆ ਕੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮਨਜੀਤ ਕੌਰ (28) ਦੇ ਪਤੀ ਹਰਬੰਸ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਮਿਹਰ ਸਿੰਘ ਵਾਲਾ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਲਗਭਗ ਇਕ ਮਹੀਨਾ ਪਹਿਲਾਂ ਏਕਤਾ ਪਤਨੀ ਬਿੱਟੂ, ਅਮਨ ਪਤਨੀ ਗੁਰਦੇਵ ਸਿੰਘ ਵਾਸੀ ਵਾਰਡ ਨੰ. 4 ਮੁਹੱਲਾ ਜੱਟਾ ਵਾਲਾ ਜ਼ੀਰਾ ਨੇ ਆਪਣਾ ਮਕਾਨ ਕਿਸੇ ਲੋੜਵੰਦ ਵਿਅਕਤੀ ਨੂੰ ਡੇਢ ਲੱਖ ਰੁਪਏ 'ਚ ਗਹਿਣੇ ਦਿਵਾਉੁਣ ਲਈ ਵਿਖਾਇਆ, ਜਿਸ ਤੋਂ ਬਾਅਦ ਉਸ ਨੇ ਉਕਤ ਮਕਾਨ ਕੁਝ ਵਿਅਕਤੀਆਂ ਨੂੰ ਵਿਖਾਇਆ ਪਰ ਮਕਾਨ ਦੇ ਗਹਿਣੇ ਦੀ ਰਕਮ ਡੇਢ ਲੱਖ ਰੁਪਏ ਦੇਣ ਨੂੰ ਕੋਈ ਵੀ ਤਿਆਰ ਨਾ ਹੋਇਆ। ਇਸ ਤੋਂ ਬਾਅਦ ਉਕਤ ਔਰਤਾਂ ਨਾਲ ਮਕਾਨ ਕਿਸੇ ਨੂੰ ਗਹਿਣੇ ਨਾ ਦਿਵਾਉਣ 'ਤੇ ਤਕਰਾਰ ਹੋ ਗਿਆ ਅਤੇ ਆਪਸ ਵਿਚ ਗਾਲੀ-ਗਲੋਚ ਵੀ ਹੋਈ। ਤਕਰਾਰ ਤੋਂ ਬਾਅਦ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਉਕਤ ਔਰਤਾਂ ਨੇ ਇਕ ਲਿਖਤੀ ਦਰਖਾਸਤ ਪੁਲਸ ਨੂੰ ਦਿੱਤੀ, ਜਿਸ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਉਸ ਨੂੰ ਥਾਣੇ ਬੁਲਾਇਆ ਅਤੇ ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਰਿਸ਼ਵਤ ਦੀ ਮੰਗ ਕੀਤੀ। ਹਰਬੰਸ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੀ ਆਰਥਿਕ ਹਾਲਤ ਤੰਗ ਹੋਣ ਕਰਕੇ ਉਸ ਨੇ ਪੁਲਸ ਵਲੋਂ ਮੰਗੀ ਗਈ ਰਕਮ ਦੇਣ ਤੋਂ ਇਨਕਾਰ ਕੀਤਾ ਪਰ ਇਸ ਦੇ ਬਾਵਜੂਦ ਪੁਲਸ ਵਲੋਂ ਸਖ਼ਤ ਕਾਰਵਾਈ ਕਰਨ ਦੀ ਦਿੱਤੀ ਧਮਕੀ ਤੋਂ ਬਾਅਦ ਉਸ ਨੇ ਮੰਗੀ ਗਈ ਰਕਮ ਦੇਣੀ ਮੰਨ ਲਈ ਅਤੇ ਤੈਅ ਹੋਏ ਸੌਦੇ ਮੁਤਾਬਕ ਕੁਝ ਰਕਮ ਦੇ ਦਿੱਤੀ ਸੀ ਤੇ ਬਾਕੀ ਰਕਮ ਅਜੇ ਦੇਣੀ ਸੀ, ਜਿਸ ਦਾ ਉਹ ਪ੍ਰਬੰਧ ਨਹੀਂ ਕਰ ਸਕਿਆ ਪਰ ਪੁਲਸ ਵਲੋਂ ਬਕਾਇਆ ਰਕਮ ਦੇਣ ਲਈ ਫੋਨ 'ਤੇ ਉਸ ਨੂੰ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਇਹ ਸਾਰੀ ਕਹਾਣੀ ਉਸ ਨੇ ਆਪਣੀ ਪਤਨੀ ਮਨਜੀਤ ਕੌਰ ਨਾਲ ਸਾਂਝੀ ਕੀਤੀ ਸੀ, ਜਿਸ ਨੇ ਪੁਲਸ ਦੀ ਕਾਰਵਾਈ ਦੇ ਡਰ ਤੋਂ ਪ੍ਰੇਸ਼ਾਨ ਹੋ ਕੇ ਘਰ ਦੇ ਇਕ ਕਮਰੇ ਵਿਚ ਲਗੇ ਪੱਖੇ ਨਾਲ ਫਾਹਾ ਲਾ ਕੇ ਆਤਮ-ਹੱਤਿਆ ਕਰ ਲਈ। ਡੀ. ਐੱਸ. ਪੀ. ਜ਼ੀਰਾ ਹਰਦੇਵ ਸਿੰਘ ਬੋਪਾਰਾਏ, ਥਾਣਾ ਸਦਰ ਜ਼ੀਰਾ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਸਮੇਤ ਪੁਲਸ ਪਾਰਟੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਪਰ ਖਬਰ ਲਿਖੇ ਜਾਣ ਤੱਕ ਮ੍ਰਿਤਕ ਮਨਜੀਤ ਕੌਰ ਦੇ ਰਿਸ਼ਤੇਦਾਰ ਦੋਸ਼ੀ ਪੁਲਸ ਅਧਿਕਾਰੀਆਂ ਅਤੇ ਉਕਤ ਔਰਤਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਉਸ ਦੀ ਪੱਖੇ ਨਾਲ ਲਟਕ ਰਹੀ ਲਾਸ਼ ਨਹੀਂ ਸੀ ਉਤਾਰਨ ਦੇ ਰਹੇ। ਇਸ ਸਬੰਧ ਵਿਚ ਜਦੋਂ ਡੀ. ਐੱਸ. ਪੀ. ਜ਼ੀਰਾ ਹਰਦੇਵ ਸਿੰਘ ਬੋਪਾਰਾਏ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਪੁਲਸ ਅਧਿਕਾਰੀਆ 'ਤੇ ਲੱਗੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਮ੍ਰਿਤਕਾ ਮਨਜੀਤ ਕੌਰ ਦੇ ਪਿਤਾ ਸਵਰਨ ਸਿੰਘ ਵਾਸੀ ਜਲਾਲਾਬਾਦ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਸ਼ੱਕ ਜ਼ਾਹਿਰ ਕੀਤਾ ਹੈ, ਕਿ ਉਸ ਦੀ ਲੜਕੀ ਮਨਜੀਤ ਕੌਰ ਦੀ ਆਪਣੇ ਪਤੀ ਹਰਬੰਸ ਸਿੰਘ ਨਾਲ ਅਣਬਣ ਚੱਲ ਰਹੀ ਸੀ ਅਤੇ ਹੋ ਸਕਦਾ ਹੈ ਕਿ ਮਨਜੀਤ ਕੌਰ ਦੇ ਸੁਹਰੇ ਪਰਿਵਾਰ ਨੇ ਉਸ ਨੂੰ ਮਾਰ ਕੇ ਲਾਸ਼ ਪੱਖੇ ਨਾਲ ਲਟਕਾ ਦਿੱਤੀ ਹੋਵੇ। ਉਨ੍ਹਾਂ ਦੱਸਿਆ ਕਿ ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਜੋ ਵੀ ਸੱਚਾਈ ਸਾਹਮਣੇ ਆਈ ਉਸ ਦੇ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।
ਕਾਂਗਰਸੀ ਲੀਡਰ ਨੂੰ ਗ੍ਰਿਫਤਾਰ ਕਰਕੇ ਥਾਣਾ ਮਮਦੋਟ 'ਚ ਕਰੀ ਰੱਖਿਆ ਬੰਦ
NEXT STORY