ਫਾਜ਼ਿਲਕਾ/ਜਲਾਲਾਬਾਦ (ਨਾਗਪਾਲ, ਬਜਾਜ, ਆਦਰਸ਼, ਜਤਿੰਦਰ) – ਇਕ ਮੁਲਜ਼ਮ ਵੱਲੋਂ ਗ੍ਰਿਫਤਾਰੀ ਤੋਂ ਬਚਣ ਲਈ ਪੁਲਸ ਪਾਰਟੀ ਤੇ ਫਾਇਰਿੰਗ ਕੀਤੀ ਗਈ। ਪੁਲਸ ਦੀ ਜਵਾਬੀ ਕਾਰਵਾਈ ’ਚ ਮੁਲਜ਼ਮੀ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਫਾਜ਼ਿਲਕਾ ਗਗਨ ਅਜੀਤ ਸਿੰਘ ਨੇ ਦੱਸਿਆ ਕਿ 25 ਨਵੰਬਰ ਨੂੰ ਮਨਪ੍ਰੀਤ ਸਿੰਘ ਵਾਸੀ ਚੱਕ ਕਾਠਗੜ੍ਹ, ਥਾਣਾ ਅਮੀਰ ਖਾਸ ਵੱਲੋਂ ਆਪਣੇ ਪਿੰਡ ਦੇ ਇਕ ਵਿਅਕਤੀ ’ਤੇ ਫਾਇਰਿੰਗ ਕੀਤੀ ਗਈ ਸੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ। ਇਸ ਸਬੰਧੀ ਮੁਲਜ਼ਮ ਵਿਰੁੱਧ ਐੱਫ. ਆਈ. ਆਰ. 27 ਨਵੰਬਰ ਨੂੰ ਥਾਣਾ ਸਿਟੀ ਜਲਾਲਾਬਾਦ ਵਿਖੇ ਦਰਜ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਗ੍ਰਿਫਤਾਰੀ ਲਈ ਕਾਰਵਾਈ ਦੌਰਾਨ ਪੁਲਸ ਪਾਰਟੀ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ। ਇਸ ਦੌਰਾਨ ਮੁਲਜ਼ਮ ਨੇ ਗ੍ਰਿਫਤਾਰੀ ਤੋਂ ਬਚਣ ਲਈ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਇਕ ਗੋਲੀ ਪੁਲਸ ਦੀ ਗੱਡੀ ’ਤੇ ਲੱਗੀ। ਪੁਲਸ ਪਾਰਟੀ ਵੱਲੋਂ ਸਵੈ-ਰੱਖਿਆ ’ਚ ਜਵਾਬੀ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਮੁਲਜ਼ਮ ਦੀ ਲੱਤ ’ਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ।
ਪੁਲਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਮੁਲਜ਼ਮ ਪਾਸੋਂ ਤਿੰਨ ਹਥਿਆਰ ਬਰਾਮਦ ਕੀਤੇ ਗਏ, ਜਿਨ੍ਹਾਂ ’ਚ ਇਕ ਗਲੌਕ ਪਿਸਤੌਲ, ਇਕ .30 ਬੋਰ ਪਿਸਤੌਲ ਅਤੇ ਇਕ ਦੇਸੀ ਕੱਟਾ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਖਿਲਾਫ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਹਨ। ਜਿਨ੍ਹਾਂ ਵਿਚ ਦੋ ਮੁਕੱਦਮੇ ਥਾਣਾ ਸਿਟੀ ਜਲਾਲਾਬਾਦ ਅਤੇ ਇਕ ਥਾਣਾ ਗੁਰੂਹਰਸਹਾਏ ਜ਼ਿਲਾ ਫਿਰੋਜ਼ਪੁਰ ਵਿਖੇ ਦਰਜ ਹੈ। ਜ਼ਖਮੀ ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਦਾਖਲ ਕਰਵਾਇਆ ਗਿਆ ਹੈ।
ਫ਼ਾਜ਼ਿਲਕਾ 'ਚ ਹੋ ਗਿਆ ਐਨਕਾਊਂਟਰ! ਦੋਹਾਂ ਪਾਸਿਓਂ ਚੱਲੀਆਂ ਗੋਲ਼ੀਆਂ
NEXT STORY