ਨਵੀਂ ਦਿੱਲੀ- ਰੇਲਵੇ ’ਚ 100 ਫੀਸਦੀ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ) ਨੂੰ ਇਜਾਜ਼ਤ ਦੇਣ ਦਾ ਫੈਸਲਾ ਕਰਨ ਤੋਂ ਬਾਅਦ ਸਰਕਾਰ ਨੇ ਇਸ ਦੇ ਲਈ 10 ਖੇਤਰਾਂ ’ਚ 20 ਪ੍ਰਾਜੈਕਟਾਂ ਦੀ ਚੋਣ ਕੀਤੀ ਹੈ। ਇਹ ਜਾਣਕਾਰੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਆਵਾਜਾਈ ਬੁਨਿਆਦੀ ਢਾਂਚਾ ਮੰਤਰਾਲਾ ਦੀ ਬੈਠਕ ਤੋਂ ਬਾਅਦ ਪ੍ਰਧਾਨਮੰਤਰੀ ਦਫਤਰ ਨੇ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਬੈਠਕ ਦੇ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਨੈਕਟੀਵਿਟੀ ਨਾਲ ਜੁੜੇ ਖੇਤਰਾਂ ਜਿਵੇਂ ਸੜਕਾਂ, ਰੇਲਵੇ, ਜਹਾਜ਼ਰਾਨੀ ਦੇ ਨਿਰਮਾਣ ਦੇ ਲਈ ਤੈਅ ਕੀਤੇ ਗਏ ਟੀਚੇ ਹਾਸਲ ਕਰਨ ਦੀ ਦਿਸ਼ਾ ’ਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਮੀਖਿਆ ਕੀਤੀ। ਬੈਠਕ ਦੇ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਕਨੈਕਟੀਵਿਟੀ ਨਾਲ ਜੁੜੇ ਵੱਖ-ਵੱਖ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਨੂੁੰ ਆਪਸ ਵਿਚ ਜੋੜਿਆ ਜਾਵੇ ਅਤੇ ਉਨ੍ਹਾਂ ਦੇ ਨਿਰਮਾਣ ਦੇ ਲਈ ਬਿਹਤਰ ਤਾਲਮੇਲ ਹੋਣਾ ਚਾਹੀਦਾ ਹੈ।
ਪ੍ਰਧਾਨਮੰਤਰੀ ਨੇ ਕਿਹਾ ਕਿ ਉਹ ਸਾਰੇ ਤਟੀ ਸੂਬਿਆਂ ਦੇ ਨਾਲ ਹੋਣ ਵਾਲੀ ਵਿਸ਼ੇਸ਼ ਬੈਠਕ ਦਾ ਇੰਤਜ਼ਾਰ ਕਰ ਰਹੇ ਹਨ। ਬੈਠਕ ’ਚ ਪੀ.ਐੱਮ. ਨੇ ਇਹ ਵੀ ਕਿਹਾ ਕਿ ਸਾਰੇ ਪ੍ਰਾਜੈਕਟਾਂ ਦੀ ਰਾਹ ’ਚ ਆਉਣ ਵਾਲੀ ਕਿਸੇ ਵੀ ਸਮੱਸਿਆ ਦੇ ਹੱਲ ਦੇ ਲਈ ਸਾਰੇ ਮੰਤਰਾਲੇ ਬਿਹਤਰ ਢੰਗ ਨਾਲ ਕੰਮ ਕਰਨ ਅਤੇ ਇਨ੍ਹਾਂ ਸਾਰੇ ਪ੍ਰਾਜੈਕਟਾਂ ਨੂੰ ਛੇਤੀ ਹੀ ਪੂਰਾ ਕੀਤਾ ਜਾਵੇ।
ਪ੍ਰਧਾਨਮੰਤਰੀ ਨੇ ਕਿਹਾ ਕਿ ਸਾਗਰਮਾਲਾ ਪ੍ਰਾਜੈਕਟ ’ਚ ਬੰਦਰਗਾਹ ਨੂੰ ਕੇਂਦਰ ’ਚ ਰੱਖ ਕੇ ਬੁਨਿਆਦੀ ਢਾਂਚਾ ਵਿਕਸਿਤ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ ਜਿਸ ’ਚ ਬੰਦਰਗਾਹ, ਕੌਮਾਂਤਰੀ ਜਹਾਜ਼ਰਾਨੀ, ਰਾਜਮਾਰਗ ਅਤੇ ਰੇਲ ਕਨੈਕਟੀਵਿਟੀ ਸ਼ਾਮਲ ਹੋਵੇਗੀ। ਸੂਬਿਆਂ ’ਚ ਪ੍ਰਸਤਾਵਤ ਕੌਮਾਂਤਰੀ ਹਵਾਈ ਅੱਡਿਆਂ ਦੇ ਵਿਕਾਸ ਦੇ ਲਈ ਸੂਬਿਆਂ ਨੂੰ ਸ਼ਾਂਝੇਦਾਰ ਬਣਾਉਣ ’ਤੇ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਜਿਸ ਨਾਲ ਇਨ੍ਹਾਂ ਹਵਾਈ ਅੱਡਿਆਂ ਨੂੰ ਵਿਵਹਾਰਕ ਬਣਾਉਣ ’ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਪ੍ਰਧਾਨਮੰਤਰੀ ਨੇ ਪ੍ਰਾਜੈਕਟਾਂ ਦੇ ਲਈ ਤੈਅ ਕੀਤੇ ਗਏ ਟੀਚਿਆਂ ਦੀ ਮਹੀਨੇਵਾਰ ਸਮੀਖਿਆ ਦੇ ਆਧਾਰ ’ਤੇ ਸਖਤ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਹਨ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਬਾਜ਼ਾਰ ਬੰਦ
NEXT STORY