26 ਨਵੰਬਰ ਸਿਰਫ਼ ਭਾਰਤੀ ਇਤਿਹਾਸ ਦੀ ਇਕ ਤਰੀਕ ਨਹੀਂ, ਸਗੋਂ ਆਜ਼ਾਦ ਭਾਰਤ ਦੇ ਲੋਕਤੰਤਰੀ ਭਵਿੱਖ ਦੀ ਨੀਂਹ ਰੱਖੇ ਜਾਣ ਦਾ ਇਤਿਹਾਸਕ ਦਿਨ ਵੀ ਹੈ। 1949 ’ਚ ਇਸੇ ਦਿਨ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀ। ਇਹ ਉਹ ਦਸਤਾਵੇਜ਼ ਹੈ ਜਿਸ ਨੇ ਵੰਨ-ਸੁਵੰਨਤਾਵਾਂ ਨਾਲ ਭਰੇ ਭਾਰਤ ਨੂੰ ਇਕ ਸੂਤਰ ’ਚ ਬੰਨ੍ਹਦੇ ਹੋਏ ਹਰੇਕ ਨਾਗਰਿਕ ਨੂੰ ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦਾ ਭਰੋਸਾ ਦਿੱਤਾ।
ਇਸ ਮਹਾਨ ਸੰਵਿਧਾਨ ਦੇ ਨਿਰਮਾਣ ’ਚ ਖਰੜਾ ਕਮੇਟੀ ਦੇ ਮੁਖੀ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਭੂਮਿਕਾ ਇਤਿਹਾਸਕ ਅਤੇ ਫ਼ੈਸਲਾਕੁੰਨ ਰਹੀ। ਬਾਬਾ ਸਾਹਿਬ ਸਿਰਫ਼ ਸੰਵਿਧਾਨ ਦੇ ਮੁੱਖ ਸ਼ਿਲਪਕਾਰ ਹੀ ਨਹੀਂ ਸਨ, ਸਗੋਂ ਸਮਾਜਿਕ ਵਿਤਕਰੇ, ਛੂਤਛਾਤ ਅਤੇ ਨਾਬਰਾਬਰੀ ਵਿਰੁੱਧ ਉਮਰ ਭਰ ਸੰਘਰਸ਼ ਕਰਨ ਵਾਲੇ ਮਹਾਨ ਚਿੰਤਕ, ਅਰਥਸ਼ਾਸਤਰੀ ਅਤੇ ਸਮਾਜ ਸੁਧਾਰਕ ਵੀ ਸਨ। ਉਨ੍ਹਾਂ ਨੇ ਅਜਿਹੇ ਭਾਰਤ ਦੀ ਕਲਪਨਾ ਕੀਤੀ ਸੀ ਜਿੱਥੇ ਕਿਸੇ ਵਿਅਕਤੀ ਦਾ ਭਵਿੱਖ ਉਸ ਦੀ ਜਾਤ, ਧਰਮ, ਲਿੰਗ ਜਾਂ ਸਮਾਜਿਕ ਪਿਛੋਕੜ ਤੋਂ ਨਹੀਂ, ਸਗੋਂ ਉਸ ਦੇ ਅਧਿਕਾਰਾਂ ਅਤੇ ਮੌਕਿਆਂ ਤੋਂ ਤੈਅ ਹੋਵੇ।
ਸੰਵਿਧਾਨ ਦੀ ਪ੍ਰਸਤਾਵਨਾ ’ਚ ਸ਼ਾਮਲ ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਆਦਰਸ਼ ਬਾਬਾ ਸਾਹਿਬ ਦੀ ਉਸੇ ਵਿਆਪਕ ਸੋਚ ਨੂੰ ਪ੍ਰਗਟਾਉਂਦੇ ਹਨ। ਇਸ ਲਈ ਸੰਵਿਧਾਨ ਦਾ ਸਤਿਕਾਰ ਸਿਰਫ਼ ਇਕ ਪੁਸਤਕ ਜਾਂ ਇਸ ਦੀਆਂ ਵਿਵਸਥਾਵਾਂ ਦਾ ਸਤਿਕਾਰ ਨਹੀਂ, ਸਗੋਂ ਉਨ੍ਹਾਂ ਕਦਰਾਂ-ਕੀਮਤਾਂ ਅਤੇ ਸੰਘਰਸ਼ਾਂ ਦਾ ਸਤਿਕਾਰ ਹੈ ਜਿਨ੍ਹਾਂ ਲਈ ਬਾਬਾ ਸਾਹਿਬ ਨੇ ਆਪਣਾ ਪੂਰਾ ਜੀਵਨ ਸਮਰਪਿਤ ਕੀਤਾ।
ਸੰਵਿਧਾਨ ਗੌਰਵ ਦਿਵਸ : ਮੋਦੀ ਸਰਕਾਰ ਦੀ ਇਤਿਹਾਸਕ ਪਹਿਲ
ਲੰਬੇ ਸਮੇਂ ਤੱਕ 26 ਨਵੰਬਰ ਸੰਵਿਧਾਨ ਅੰਗੀਕਰਨ ਦਿਵਸ ਵਜੋਂ ਆਮ ਜਨਜੀਵਨ ’ਚ ਉਹ ਵਿਆਪਕ ਪਛਾਣ ਨਹੀਂ ਬਣਾ ਸਕਿਆ, ਜਿਸ ਦਾ ਉਹ ਹੱਕਦਾਰ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਾਲ 2015 ’ਚ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲੈ ਕੇ ਸੰਵਿਧਾਨ ਅਤੇ ਇਸ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਨੂੰ ਕੌਮੀ ਬਿਰਤਾਂਤ ਦੇ ਕੇਂਦਰ ’ਚ ਲਿਆਉਣ ਦੀ ਪਹਿਲ ਕੀਤੀ।
ਸਾਲ 2024 ’ਚ ਸੰਵਿਧਾਨ ਅਪਣਾਉਣ ਦੇ 75 ਸਾਲ ਪੂਰੇ ਹੋਣ ’ਤੇ ਸਰਕਾਰ ਨੇ ‘ਸਾਡਾ ਸੰਵਿਧਾਨ, ਸਾਡਾ ਸਵੈਮਾਣ’ ਮੁਹਿੰਮ ਰਾਹੀਂ ਇਸ ਸ਼ਾਨਾਮੱਤੀ ਵਿਰਾਸਤ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਯਤਨ ਕੀਤਾ।
ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ’ਚ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਜ਼ਮੀਨ ’ਤੇ ਉਤਾਰਨ ਦਾ ਯਤਨ
ਬਾਬਾ ਸਾਹਿਬ ਨੇ ਜਿਸ ਭਾਰਤ ਦਾ ਸੁਪਨਾ ਦੇਖਿਆ ਸੀ, ਉਸ ’ਚ ਸਮਾਜਿਕ ਨਿਆਂ ਸਿਰਫ਼ ਭਾਸ਼ਣਾਂ ਦਾ ਵਿਸ਼ਾ ਨਹੀਂ, ਸਗੋਂ ਸ਼ਾਸਨ ਦੀ ਪਹਿਲ ਹੋਣਾ ਚਾਹੀਦਾ ਸੀ। ਸਮਾਜ ਦੇ ਆਖ਼ਰੀ ਪਾਇਦਾਨ ’ਤੇ ਖੜ੍ਹੇ ਵਿਅਕਤੀ ਨੂੰ ਵੀ ਬਰਾਬਰ ਮੌਕੇ, ਸਤਿਕਾਰ ਅਤੇ ਅਧਿਕਾਰ ਮਿਲਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਕੇਂਦਰ ਸਰਕਾਰ ਦੀਆਂ ਅਨੇਕ ਨੀਤੀਆਂ ਅਤੇ ਸੰਵਿਧਾਨਕ ਪਹਿਲਕਦਮੀਆਂ ਨੂੰ ਇਸੇ ਨਜ਼ਰੀਏ ਤੋਂ ਦੇਖਿਆ ਜਾ ਸਕਦਾ ਹੈ।
ਸਮਾਜਿਕ ਨਿਆਂ ਅਤੇ ਸੰਵਿਧਾਨਕ ਅਧਿਕਾਰਾਂ ਦੇ ਵਿਸਥਾਰ ਦੀ ਦਿਸ਼ਾ ’ਚ 102ਵੀਂ ਸੰਵਿਧਾਨ ਸੋਧ ਰਾਹੀਂ ਕੌਮੀ ਪੱਛੜਾ ਵਰਗ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿੱਤਾ ਗਿਆ। 103ਵੀਂ ਸੋਧ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ 10 ਫੀਸਦੀ ਰਾਖਵੇਂਕਰਨ ਦੀ ਵਿਵਸਥਾ ਹੋਈ। 105ਵੀਂ ਸੋਧ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਮਾਜਿਕ ਅਤੇ ਵਿੱਦਿਅਕ ਤੌਰ ’ਤੇ ਪੱਛੜੇ ਵਰਗਾਂ ਦੀ ਪਛਾਣ ਕਰਨ ਦੀ ਤਾਕਤ ਮੁੜ ਸਪੱਸ਼ਟ ਤੌਰ ’ਤੇ ਪ੍ਰਦਾਨ ਕੀਤੀ।
ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਰੋਕੂ ਐਕਟ ਨੂੰ 2015 ਅਤੇ 2018 ’ਚ ਮਜ਼ਬੂਤ ਕਰਨ ਲਈ ਸੋਧਾਂ ਕੀਤੀਆਂ ਗਈਆਂ, ਤਾਂ ਜੋ ਪੀੜਤਾਂ ਨੂੰ ਕਾਨੂੰਨੀ ਸੁਰੱਖਿਆ ਅਤੇ ਨਿਆਂ ਮਿਲ ਸਕੇ।
ਔਰਤਾਂ ਦੀ ਭਾਈਵਾਲੀ ਅਤੇ ਬਰਾਬਰੀ ਦੇ ਖੇਤਰ ’ਚ ਨਾਰੀ ਸ਼ਕਤੀ ਵੰਦਨ ਐਕਟ, 2023 ਭਾਵ 106ਵੀਂ ਸੰਵਿਧਾਨ ਸੋਧ ਇਕ ਅਹਿਮ ਕਦਮ ਹੈ। ਇਸ ਤਹਿਤ ਲੋਕ ਸਭਾ ਅਤੇ ਸੂਬਾ ਵਿਧਾਨ ਸਭਾਵਾਂ ’ਚ ਔਰਤਾਂ ਲਈ ਇਕ-ਤਿਹਾਈ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਹੈ।
ਇਸੇ ਤਰ੍ਹਾਂ ਤਿੰਨ ਤਲਾਕ ’ਤੇ ਕਾਨੂੰਨੀ ਪਾਬੰਦੀ ਲਾਉਣ ਵਾਲਾ 2019 ਦਾ ਕਾਨੂੰਨ ਮੁਸਲਿਮ ਔਰਤਾਂ ਨੂੰ ਨਿਆਂ ਅਤੇ ਸੁਰੱਖਿਆ ਦੇਣ ਦੀ ਦਿਸ਼ਾ ’ਚ ਸਰਕਾਰ ਦਾ ਅਹਿਮ ਕਦਮ ਰਿਹਾ ਹੈ।
ਬਾਬਾ ਸਾਹਿਬ ਨੂੰ ਸਤਿਕਾਰ : ਪੰਚਤੀਰਥ ਤੋਂ ਸੰਵਿਧਾਨ ਦਿਵਸ ਤੱਕ
ਬਾਬਾ ਸਾਹਿਬ ਦਾ ਸਤਿਕਾਰ ਸਿਰਫ਼ ਉਨ੍ਹਾਂ ਦੇ ਨਾਂ ’ਤੇ ਯਾਦਗਾਰ ਬਣਾਉਣ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਉਨ੍ਹਾਂ ਦੀਆਂ ਯਾਦਾਂ, ਵਿਚਾਰਾਂ ਅਤੇ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਵੀ ਜ਼ਰੂਰੀ ਹੈ। ਮੋਦੀ ਸਰਕਾਰ ਨੇ ਇਸ ਦਿਸ਼ਾ ’ਚ ਪੰਚਤੀਰਥ ਦੇ ਸੰਕਲਪ ਨੂੰ ਅੱਗੇ ਵਧਾਇਆ :
1. ਮਹੂ, ਮੱਧ ਪ੍ਰਦੇਸ਼-ਬਾਬਾ ਸਾਹਿਬ ਦੀ ਜਨਮ ਭੂਮੀ।
2. ਲੰਡਨ-ਉਨ੍ਹਾਂ ਦੀ ਸਿੱਖਿਆ ਭੂਮੀ, ਜਿੱਥੇ ਉਨ੍ਹਾਂ ਨੇ ਉੱਚ ਸਿੱਖਿਆ ਹਾਸਲ ਕੀਤੀ।
3. ਨਾਗਪੁਰ-ਦੀਕਸ਼ਾ ਭੂਮੀ, ਜਿੱਥੇ ਉਨ੍ਹਾਂ ਨੇ ਬੁੱਧ ਧਰਮ ਦੀ ਦੀਕਸ਼ਾ ਲਈ।
4. ਦਿੱਲੀ-ਮਹਾਪ੍ਰੀਨਿਰਵਾਣ ਭੂਮੀ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਇਆ।
5. ਮੁੰਬਈ-ਚੈਤਯ ਭੂਮੀ, ਜਿੱਥੇ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਹਨ।
ਦਿੱਲੀ ’ਚ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਦੀ ਉਸਾਰੀ ਅਤੇ 7 ਦਸੰਬਰ 2017 ਨੂੰ ਇਸ ਦਾ ਉਦਘਾਟਨ ਵੀ ਇਸੇ ਦਿਸ਼ਾ ’ਚ ਅਹਿਮ ਕਦਮ ਰਿਹਾ। ਮੁੰਬਈ ’ਚ ਇੰਦੂ ਮਿੱਲ ਕੰਪਲੈਕਸ ’ਚ ‘ਸਟੈਚੂ ਆਫ ਇਕੁਐਲਿਟੀ’ ਦੇ ਪ੍ਰਾਜੈਕਟ ਨੂੰ ਅੱਗੇ ਵਧਾਇਆ ਗਿਆ।
ਸੰਵਿਧਾਨ ਨਾਲ ਹੋਏ ਇਤਿਹਾਸਕ ਤਜਰਬੇ ਅਤੇ ਮੌਜੂਦਾ ਸੰਦਰਭ
ਭਾਰਤੀ ਸੰਵਿਧਾਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਸਮੇਂ ਅਤੇ ਸਮਾਜ ਦੀਆਂ ਲੋੜਾਂ ਮੁਤਾਬਕ ਸੋਧ ਦੀ ਇਜਾਜ਼ਤ ਦਿੰਦਾ ਹੈ ਪਰ ਜਦੋਂ ਸੋਧਾਂ ਸੱਤਾ ਦੇ ਸਿਆਸੀ ਹਿੱਤਾਂ ਜਾਂ ਨਾਗਰਿਕ ਆਜ਼ਾਦੀਆਂ ਨੂੰ ਸੀਮਤ ਕਰਨ ਦੇ ਮਕਸਦ ਨਾਲ ਕੀਤੀਆਂ ਜਾਂਦੀਆਂ ਹਨ, ਤਦ ਉਨ੍ਹਾਂ ’ਤੇ ਗੰਭੀਰ ਸਵਾਲ ਉੱਠਣਾ ਸੁਭਾਵਿਕ ਹੈ।
ਬਾਬਾ ਸਾਹਿਬ ਨੇ ਸੰਵਿਧਾਨ ਸਭਾ ’ਚ ਆਪਣੇ ਆਖ਼ਰੀ ਭਾਸ਼ਣ ’ਚ ਕਿਹਾ ਸੀ ਕਿ ਸਿਆਸੀ ਲੋਕਤੰਤਰ ਨੂੰ ਸਮਾਜਿਕ ਲੋਕਤੰਤਰ ’ਚ ਬਦਲਣਾ ਹੋਵੇਗਾ। ਆਜ਼ਾਦੀ, ਬਰਾਬਰੀ ਅਤੇ ਭਾਈਚਾਰਾ ਇਕ-ਦੂਜੇ ਤੋਂ ਵੱਖ ਨਹੀਂ ਕੀਤੇ ਜਾ ਸਕਦੇ।
ਇਸ ਲਈ 26 ਨਵੰਬਰ ਦਾ ਸੰਵਿਧਾਨ ਗੌਰਵ ਦਿਵਸ ਸਿਰਫ਼ ਅਤੀਤ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਨ ਦਾ ਮੌਕਾ ਨਹੀਂ, ਸਗੋਂ ਭਵਿੱਖ ਦੇ ਭਾਰਤ ਲਈ ਸੰਕਲਪ ਲੈਣ ਦਾ ਦਿਨ ਹੈ। ਆਓ, ਇਸ ਦਿਨ ਅਸੀਂ ਸੰਕਲਪ ਲਈਏ ਕਿ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਨੂੰ ਸਿਆਸੀ ਦੋਸ਼-ਜਵਾਬੀ ਦੋਸ਼ ਤੋਂ ਉੱਪਰ ਰੱਖਾਂਗੇ ਅਤੇ ਨਿਆਂ, ਬਰਾਬਰੀ, ਆਜ਼ਾਦੀ ਅਤੇ ਭਾਈਚਾਰੇ ’ਤੇ ਆਧਾਰਿਤ ਭਾਰਤ ਦੇ ਨਿਰਮਾਣ ’ਚ ਆਪਣੀ ਭੂਮਿਕਾ ਨਿਭਾਵਾਂਗੇ।
ਇਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਅਤੇ ਸੰਵਿਧਾਨ ਪ੍ਰਤੀ ਮਾਣ ਹੋਵੇਗਾ।
- ਹਰਸ਼ ਮਲਹੋਤਰਾ
ਕੇਂਦਰੀ ਰਾਜ ਮੰਤਰੀ ਅਤੇ ਪ੍ਰਧਾਨ ਦਿੱਲੀ ਭਾਜਪਾ
ਦੇਸ਼ ਦਾ ਮਾਰਗਦਰਸ਼ਕ : ਸਾਡਾ ਸੰਵਿਧਾਨ
NEXT STORY