ਨਕੋਦਰ (ਪਾਲੀ)- ਨਕੋਦਰ ਦੇ ਸਦਰ ਥਾਣਾ ਖੇਤਰ ਵਿਚੋਂ 2 ਕਿੱਲੋ ਹੈਰੋਇਨ (ਚਿੱਟਾ) ਅਤੇ ਚਾਰ ਅਤਿ-ਆਧੁਨਿਕ ਪਿਸਤੌਲਾਂ ਦੀ ਬਰਾਮਦਗੀ ਦਾ ਮਾਮਲਾ ਹੁਣ ਪੁਲਸ ਦੀ ਕਾਰਵਾਈ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪੁਲਸ ਜਿੱਥੇ ਇਸ ਬਰਾਮਦਗੀ ਨੂੰ ਆਪਣੀ ਵੱਡੀ ਸਫਲਤਾ ਦੱਸ ਰਹੀ ਹੈ, ਉੱਥੇ ਹੀ ਸਥਾਨਕ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਮੁਲਜ਼ਮ ਨੂੰ ਪੁਲਿਸ ਨੇ ਨਹੀਂ, ਸਗੋਂ ਪਿੰਡ ਦੇ ਲੋਕਾਂ ਨੇ ਆਪਣੀ ਸੂਝ-ਬੂਝ ਅਤੇ ਬਹਾਦਰੀ ਨਾਲ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਵੱਲੋਂ ਦਰਜ ਐੱਫ.ਆਈ.ਆਰ. ਵਿਚ ਪਿੰਡ ਵਾਸੀਆਂ ਦੀ ਭੂਮਿਕਾ ਦਾ ਕੋਈ ਜ਼ਿਕਰ ਨਹੀਂ ਹੈ, ਸਗੋਂ ਪੂਰੀ ਕਾਰਵਾਈ ਨੂੰ ਪੁਲਸ ਦੀ ਗਸ਼ਤ ਅਤੇ ਨਾਕਾਬੰਦੀ ਦੌਰਾਨ ਕੀਤੀ ਗਈ ਗ੍ਰਿਫ਼ਤਾਰੀ ਵਜੋਂ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ, ਮੁਲਜ਼ਮ ਦੀ ਪਛਾਣ ਪ੍ਰਭਦੀਪ ਸਿੰਘ ਉਰਫ਼ ਪ੍ਰਭ ਵਾਸੀ ਪਿੰਡ ਅਵਾਣ ਚਾਹਾਰਮੀ ਵਜੋਂ ਹੋਈ ਹੈ। ਸੂਤਰਾਂ ਅਤੇ ਪਿੰਡ ਵਾਸੀਆ ਅਨੁਸਾਰ ਪੂਰਾ ਘਟਨਾਕ੍ਰਮ ਪਿੰਡ ਵਿਚ ਦੋ ਗੱਡੀਆਂ ਦੀ ਟੱਕਰ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਤੋਂ ਸ਼ੁਰੂ ਹੋਇਆ। ਵਿਵਾਦ ਦੌਰਾਨ ਜਦੋਂ ਪਿੰਡ ਵਾਸੀ ਵਿਚ-ਬਚਾਅ ਕਰਨ ਲਈ ਅੱਗੇ ਆਏ ਤਾਂ ਬੋਲੈਰੋ ਸਵਾਰ ਪ੍ਰਭਦੀਪ ਸਿੰਘ ਨੇ ਕਥਿਤ ਤੌਰ ’ਤੇ ਰੋਅਬ ਜਮਾਉਣ ਲਈ ਰਿਵਾਲਵਰ ਕੱਢ ਲਈ। ਇਸੇ ਦੌਰਾਨ ਖਿੱਚੋਤਾਣ ਵਿੱਚ ਪਹਿਲਾ ਹਥਿਆਰ ਉਸ ਦੇ ਹੱਥੋਂ ਹੇਠਾਂ ਡਿੱਗ ਗਿਆ, ਜਿਸ ਤੋਂ ਬਾਅਦ ਉਸ ਨੇ ਤੁਰੰਤ ਦੂਜਾ ਹਥਿਆਰ ਕੱਢ ਲਿਆ। ਨੌਜਵਾਨ ਕੋਲ ਇੱਕ ਤੋਂ ਬਾਅਦ ਇੱਕ ਹਥਿਆਰ ਦੇਖ ਕੇ ਮੌਕੇ ’ਤੇ ਮੌਜੂਦ ਪਿੰਡ ਵਾਸੀਆਂ ਨੇ ਹਿੰਮਤ ਦਿਖਾਉਂਦਿਆਂ ਉਸ ਨੂੰ ਘੇਰ ਕੇ ਕਾਬੂ ਕਰ ਲਿਆ।ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਪਿੰਡ ਵਾਸੀਆਂ ਅਨੁਸਾਰ, ਜਦੋਂ ਨੌਜਵਾਨ ਕੋਲੋਂ ਹਥਿਆਰਾਂ ਦੇ ਲਾਇਸੈਂਸ ਸਬੰਧੀ ਦਸਤਾਵੇਜ਼ ਮੰਗੇ ਗਏ ਤਾਂ ਉਹ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕਿਆ।
"ਬੋਲੈਰੋ ਦੀ ਤਲਾਸ਼ੀ ਦੌਰਾਨ ਖੁੱਲ੍ਹਿਆ ਨਸ਼ੇ ਅਤੇ ਹਥਿਆਰਾਂ ਦੇ ਜ਼ਖੀਰੇ ਦਾ ਭੇਤ"
ਸੂਚਨਾ ਮਿਲਣ ’ਤੇ ਥਾਣਾ ਸਦਰ ਨਕੋਦਰ ਦੇ ਐੱਸ.ਐੱਚ.ਓ. ਇੰਸਪੈਕਟਰ ਹਰਦੀਪ ਸਿੰਘ, ਸ਼ੰਕਰ ਚੌਕੀ ਇੰਚਾਰਜ ਪਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਇਸ ਤੋਂ ਬਾਅਦ ਡੀ.ਐੱਸ.ਪੀ. ਲਖਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਮੁਲਜ਼ਮ ਦੀ ਚਿੱਟੇ ਰੰਗ ਦੀ ਮਹਿੰਦਰਾ ਬੋਲੈਰੋ ਗੱਡੀ (ਨੰਬਰ PB-08-FX-7328) ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਗੱਡੀ ਵਿੱਚੋਂ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਹੋਇਆ।
ਪੁਲਸ ਅਨੁਸਾਰ, ਡਰਾਈਵਰ ਸੀਟ ਦੇ ਹੇਠਾਂ ਤੋਂ ਦੋ ਕਾਲੇ ਰੰਗ ਦੇ ਗਲੌਕ ਪਿਸਤੌਲ ਮੈਗਜ਼ੀਨਾਂ ਸਮੇਤ ਬਰਾਮਦ ਹੋਏ। ਇੱਕ ਮੈਗਜ਼ੀਨ ਵਿੱਚੋਂ ਪੰਜ ਜ਼ਿੰਦਾ ਕਾਰਤੂਸ ਵੀ ਮਿਲੇ। ਇਸ ਤੋਂ ਇਲਾਵਾ ਪਿਛਲੀਆਂ ਸੀਟਾਂ ਦੇ ਵਿਚਕਾਰ ਜ਼ਿੱਪ ਲੱਗੀ ਜਗ੍ਹਾ ਤੋਂ ਦੋ 'ਮੇਡ ਇਨ ਚਾਈਨਾ' ਪਿਸਤੌਲ ਮੈਗਜ਼ੀਨਾਂ ਸਮੇਤ, ਡੈਸ਼ਬੋਰਡ ਵਿੱਚੋਂ ਦੋ ਵਾਧੂ ਖਾਲੀ ਮੈਗਜ਼ੀਨ ਅਤੇ ਡਰਾਈਵਰ ਸੀਟ ਦੇ ਪਿਛਲੇ ਕਵਰ ਵਿੱਚੋਂ ਇੱਕ ਐਪਲ ਆਈਪੈਡ ਵੀ ਬਰਾਮਦ ਕੀਤਾ ਗਿਆ।
ਉੱਥੇ ਹੀ ਡੈਸ਼ਬੋਰਡ ਅਤੇ ਅਗਲੀ ਸੀਟ ਦੇ ਪੈਰਾਂ ਵਾਲੀ ਜਗ੍ਹਾ ਤੋਂ ਇੱਕ ਵਜ਼ਨਦਾਰ ਮੋਮੀ ਲਿਫ਼ਾਫ਼ੇ ਵਿੱਚੋਂ 2 ਕਿੱਲੋਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਹੋਈ। ਇਸ ਵੱਡੀ ਬਰਾਮਦਗੀ ਨੇ ਮਾਮਲੇ ਨੂੰ ਸਿਰਫ਼ ਨਾਜਾਇਜ਼ ਹਥਿਆਰ ਰੱਖਣ ਤੱਕ ਸੀਮਤ ਨਾ ਰੱਖਦਿਆਂ ਨਸ਼ਾ ਤਸਕਰੀ ਨਾਲ ਵੀ ਜੋੜ ਦਿੱਤਾ।
'ਐੱਫ.ਆਈ.ਆਰ. ਵਿੱਚ ਪਿੰਡ ਵਾਸੀਆਂ ਦਾ ਜ਼ਿਕਰ ਤੱਕ ਨਹੀਂ, ਪੁਲਸ ਨੇ ਦਰਜ ਕੀਤੀ ਨਾਕਾਬੰਦੀ ਦੀ ਕਹਾਣੀ
ਇਸ ਮਾਮਲੇ ਵਿੱਚ ਸਭ ਤੋਂ ਵੱਡਾ ਸਵਾਲ ਪੁਲਸ ਵੱਲੋਂ ਦਰਜ ਐੱਫ.ਆਈ.ਆਰ. ਨੂੰ ਲੈ ਕੇ ਉੱਠ ਰਿਹਾ ਹੈ। ਪਿੰਡ ਵਾਸੀਆਂ ਦੇ ਦਾਅਵਿਆਂ ਦੇ ਉਲਟ ਐੱਫ.ਆਈ.ਆਰ. ਵਿੱਚ ਮੁਲਜ਼ਮ ਨੂੰ ਪਿੰਡ ਦੇ ਲੋਕਾਂ ਵੱਲੋਂ ਕਾਬੂ ਕੀਤੇ ਜਾਣ ਦਾ ਕੋਈ ਜ਼ਿਕਰ ਨਹੀਂ ਹੈ। ਪੁਲਸ ਦੀ ਐੱਫ.ਆਈ.ਆਰ. ਅਨੁਸਾਰ ਪੁਲਿਸ ਪਾਰਟੀ ਪਿੰਡ ਚੱਕ ਵੇਂਡਲ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਚਿੱਟੇ ਰੰਗ ਦੀ ਬੋਲੈਰੋ ਗੱਡੀ ਆਉਂਦੀ ਦਿਖਾਈ ਦਿੱਤੀ। ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਕਥਿਤ ਤੌਰ ’ਤੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।
ਐੱਫ.ਆਈ.ਆਰ. ਵਿੱਚ ਅੱਗੇ ਦੱਸਿਆ ਗਿਆ ਹੈ ਕਿ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 50 ਤਹਿਤ ਨੋਟਿਸ ਜਾਰੀ ਕਰਨ ਤੋਂ ਬਾਅਦ ਡੀ.ਐੱਸ.ਪੀ. ਲਖਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਤਲਾਸ਼ੀ ਲਈ ਗਈ ਅਤੇ ਨਸ਼ੀਲਾ ਪਦਾਰਥ ਤੇ ਹਥਿਆਰ ਬਰਾਮਦ ਕੀਤੇ ਗਏ।
ਪੁਲਿਸ ਨੇ ਮੁਲਜ਼ਮ ਪ੍ਰਭਦੀਪ ਸਿੰਘ ਉਰਫ਼ ਪ੍ਰਭ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਖ਼ਰ ਮੁਲਜ਼ਮ ਨੂੰ ਸਭ ਤੋਂ ਪਹਿਲਾਂ ਕਿਸ ਨੇ ਫੜਿਆ, ਪਿੰਡ ਵਾਸੀਆਂ ਨੇ ਜਾਂ ਪੁਲਸ ਨੇ?
ਇਕ ਪਾਸੇ ਪਿੰਡ ਵਾਸੀ ਆਪਣੀ ਬਹਾਦਰੀ ਨਾਲ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਦਾ ਦਾਅਵਾ ਕਰ ਰਹੇ ਹਨ, ਜਦਕਿ ਦੂਜੇ ਪਾਸੇ ਐੱਫ.ਆਈ.ਆਰ. ਵਿੱਚ ਪੂਰੀ ਕਾਰਵਾਈ ਪੁਲਿਸ ਦੀ ਨਾਕਾਬੰਦੀ ਦੌਰਾਨ ਹੋਈ ਗ੍ਰਿਫ਼ਤਾਰੀ ਵਜੋਂ ਦਰਜ ਹੈ। ਅਜਿਹੇ ਵਿੱਚ ਸਵਾਲ ਉੱਠਣਾ ਲਾਜ਼ਮੀ ਹੈ ਕਿ ਜੇਕਰ ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਸੀ ਤਾਂ ਐੱਫ.ਆਈ.ਆਰ. ਵਿੱਚ ਉਨ੍ਹਾਂ ਦੀ ਭੂਮਿਕਾ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ? ਕੀ ਪਿੰਡ ਵਾਸੀਆਂ ਦੀ ਬਹਾਦਰੀ ਨੂੰ ਪੁਲਸ ਰਿਕਾਰਡ ਵਿਚ ਜਗ੍ਹਾ ਨਹੀਂ ਮਿਲਣੀ ਚਾਹੀਦੀ ਸੀ? ਇਸ ਪੂਰੇ ਘਟਨਾਕ੍ਰਮ ਸਬੰਧੀ ਪੁਲਸ ਦਾ ਜਵਾਬ- ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਦੇ ਨਵੇਂ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
NEXT STORY