ਮਨੁੱਖੀ ਸਰੀਰ ਅਦਭੁੱਤ ਹੈ। ਪ੍ਰਾਣ ਸ਼ਕਤੀ ਦੀਆਂ ਅਨੇਕਾਂ ਗ੍ਰੰਥੀਆਂ ਭੰਵਰਾਂ ਤੇ ਚੱਕਰਾਂ ਦਾ ਜਾਲ ਵਿਛਿਆ ਹੋਇਆ ਹੈ, ਇਸ ਸਰੀਰ ਵਿਚ। ਇਨ੍ਹਾਂ 'ਚੋਂ ਮੁੱਖ ਧਾਰਾ ਹੈ 'ਸੁਖਮਨਾ', ਜਿਹੜੀ ਨਾਭਿ ਕੁੰਡ ਤੋਂ ਉੱਠ ਕੇ ਦਸਮ ਦੁਆਰ 'ਚ ਖੁੱਲ੍ਹਦੀ ਹੈ। ਇਸ ਸੁਖਮਨਾ ਤੋਂ ਇੜਾ, ਪਿੰਗਲਾ ਆਦਿ ਨੌਂ ਧਾਰਾਵਾਂ ਹੋਰ ਨਿਕਲਦੀਆਂ ਹਨ, ਜਿਹੜੀਆਂ ਇਕ-ਇਕ ਇੰਦਰੀ ਛਿੱਦਰਾਂ ਤਕ ਗਤੀ ਕਰਦੀਆਂ ਹਨ। ਸੁਖਮਨਾ ਸਣੇ ਇਨ੍ਹਾਂ ਨੌਂ ਧਾਰਾਵਾਂ ਤੋਂ ਸੈਂਕੜੇ ਹੋਰ ਧਾਰਾਵਾਂ ਨਿਕਲ ਕੇ ਸਾਰੇ ਸਰੀਰ 'ਚ ਵਿਆਪਤ ਹੋ ਰਹੀਆਂ ਹਨ।
ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ (ਕਬੀਰ 793)
ਸੁਖਮਨਾ ਸਣੇ ਨੌਂ ਇੰਦਰੀ ਛਿੱਦਰਾਂ ਵਿਚ ਵਗ ਰਹੀਆਂ ਦਸ ਪ੍ਰਾਣ ਸ਼ਕਤੀ ਦੀਆਂ ਧਾਰਾਵਾਂ ਹੀ ਦਸ ਮੁੰਸਫ ਹਨ, ਜਿਹੜੀਆਂ ਕਈ ਸ਼ਾਖਾਵਾਂ ਬਣ ਕੇ ਸਾਰੀ ਦੇਹੀ ਵਿਚ ਫੈਲੀਆਂ ਹੋਈਆਂ ਹਨ। ਜਿਥੇ-ਜਿਥੇ ਵੀ ਇਹ ਧਾਰਾਵਾਂ ਇਕੱਠੀਆਂ ਹੋਈਆਂ, ਉਪਰ ਨੂੰ (ਮੁੜ ਸੁਖਮਨਾ ਵਿਚ ਲੀਨ ਹੋ ਕੇ) ਚੜ੍ਹਨ ਦਾ ਰਸਤਾ ਬਣਾਉਂਦੀਆਂ ਹਨ, ਉਹੀ ਤੀਰਥ ਹਨ। ਇਨ੍ਹਾਂ ਤੀਰਥਾਂ (ਚੱਕਰਾਂ ਗ੍ਰੰਥੀਆਂ) ਵਿਚ ਜੋ ਕੋਈ ਸਾਧਕ ਸਿੱਖ ਆਪਣੇ ਸਵਾਸ ਤੇ ਮਨ ਨੂੰ ਲੀਨ ਕਰ ਸਕੇ ਤਾਂ ਉਸ ਨੂੰ ਸੁਖਮਨਾ ਵਿਚ ਪ੍ਰਵੇਸ਼ ਕਰਨ ਦਾ ਰਸਤਾ ਮਿਲ ਜਾਂਦਾ ਹੈ। ਇਹੀ ਤੀਰਥਾਂ ਵਿਚ ਇਸ਼ਨਾਨ ਕਰਨਾ ਹੈ ਤੇ ਆਖਿਰ ਸੁਰਤਿ ਦਸਮ ਦੁਆਰ ਤੋਂ ਪਾਰ ਪ੍ਰਮਾਤਮੀ ਜੋਤਿ ਰੂਪੀ ਮਹਾ-ਸਮੁੰਦਰ 'ਚ ਪ੍ਰਵੇਸ਼ ਕਰ ਜਾਂਦੀ ਹੈ। ਇਹ ਤੀਰਥ '108' ਹਨ। ਆਦਿ ਸ਼ਬਦ 'ੴ' ਸਤਿਨਾਮ ਦੀ ਧਾਰਾ ਦਸਮ ਦੁਆਰ ਤੋਂ ਹੇਠਾਂ ਉਤਰਦੀ ਹੋਈ ਸੁਖਮਨਾ ਵਿਚ ਸਿੱਧੀ ਹੀ ਵਗਦੀ ਹੈ। ਇਹੀ ਮੁੱਖ ਤੀਰਥ ਹੈ। ਇਸ ਸੁਖਮਨਾ ਤੋਂ ਇੜਾ, ਪਿੰਗਲਾ ਦੀਆਂ ਦੋ ਧਾਰਾਵਾਂ ਸਵਾਸ ਦੇ ਆਉਣ-ਜਾਣ ਦੇ ਰਿਸ਼ਤਿਆਂ ਰਾਹੀਂ ਇੜਾ, ਪਿੰਗਲਾ ਦੇ ਸੱਜੇ-ਖੱਬੇ ਹਰ ਇਕ ਪ੍ਰਾਣੀ 'ਚ ਵਗ ਰਹੀਆਂ ਹਨ। ਇਨ੍ਹਾਂ ਰਾਹੀਂ ਸਹਿਜ ਹੀ ਚੱਲ ਰਹੇ ਸ਼ਬਦ ਦੀ ਗੱਲ ਕਰਦੇ ਹੋਏ ਗੁਰੂ ਸਾਹਿਬ ਦੱਸਦੇ ਹਨ :
ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ (ਮ.੧, ਪੰ :੧੦੮੨ )
ਸੋਹੰ ਸੋ ਜਾ ਕਉ ਹੈ ਜਾਪ ਜਾ ਕਉ ਲਿਪਤ ਨ ਹੋਇ ਪੁੰਨ ਅਰੁ ਪਾਪ (ਭੈਰਉ ਕਬੀਰ, ੧੧੩੨) 'ਹੰ, ਸਹ' ਇਹ ਦੋ ਸਹਿਜ ਸ਼ਬਦ ਸਾਰੇ ਪ੍ਰਾਣੀਆਂ 'ਚ ਦਿਨ-ਰਾਤ ਚੱਲ ਹੀ ਰਹੇ ਹਨ। ਜਿੰਨੇ ਵੀ ਸਵਾਸ ਲੈਣ ਵਾਲੇ ਪ੍ਰਾਣੀ ਹਨ, ਉਹ ਸਵਾਸ ਛੱਡਣ ਵੇਲੇ 'ਹੰ' ਤੇ ਸਵਾਸ ਭਰਨ ਵੇਲੇ 'ਸਰ' ਸ਼ਬਦ ਦਾ ਉਚਾਰਣ ਜਾਣੇ- ਅਣਜਾਣੇ ਕਰਦੇ ਹੀ ਹਨ।
ਗੁਰੂ ਕਾ ਲੰਗਰ : ਉਦੇਸ਼ ਅਤੇ ਮੰਤਵ (ਦੇਖੋ ਤਸਵੀਰਾਂ)
NEXT STORY