ਐਟਮੀ ਡੀਲ 'ਤੇ {ਹੋਇਆ ਖ਼ਤਮ ਅੜਿੱਕਾ
* ਅੱਤਵਾਦ ਵਿਸ਼ਵ ਪੱਧਰੀ ਵੰਗਾਰ, ਰਲ ਕੇ ਕਰਾਂਗੇ ਮੁਕਾਬਲਾ, ਵਪਾਰ 100 ਅਰਬ ਡਾਲਰ ਤਕ ਵਧੇਗਾ, ਅਫਗਾਨਿਸਤਾਨ ਵਿਚ ਭਾਰਤ ਦੀ ਭੂਮਿਕਾ ਨੂੰ ਸਰਾਹਿਆ
ਨਵੀਂ ਦਿੱਲੀ- ਭਾਰਤ ਤੇ ਅਮਰੀਕਾ ਦਰਮਿਆਨ ਐਟਮੀ ਡੀਲ 'ਤੇ ਅੜਿੱਕਾ ਖਤਮ ਹੋ ਗਿਆ ਹੈ ਅਤੇ ਦੋਵੇਂ ਦੇਸ਼ ਕਾਰੋਬਾਰੀ ਸਹਿਯੋਗ ਦੀ ਦਿਸ਼ਾ ਵਿਚ ਅੱਗੇ ਵਧਣ ਅਤੇ ਪ੍ਰਮੁੱਖ ਆਧੁਨਿਕ ਰੱਖਿਆ ਪ੍ਰਣਾਲੀਆਂ ਦਾ ਰਲ ਕੇ ਨਿਰਮਾਣ ਅਤੇ ਵਿਕਾਸ ਕਰਨ ਲਈ ਸਹਿਮਤ ਹੋਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਇਕੱਲਿਆਂ ਅਤੇ ਵਫਦ ਪੱਧਰ ਦੀ ਗੱਲਬਾਤ ਮਗਰੋਂ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐਟਮੀ ਡੀਲ ਨਾਲ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਨਵੀਂ ਦਿਸ਼ਾ ਅਤੇ ਨਵਾਂ ਭਰੋਸਾ ਆਇਆ ਹੈ। ਨਵੀਆਂ ਆਰਥਿਕ ਸੰਭਾਵਨਾਵਾਂ ਅਤੇ ਸਾਫ-ਸੁਥਰੀ ਊਰਜਾ ਲਈ ਸਾਡੇ ਬਦਲ ਵਧੇ। ਮੋਦੀ ਤੇ ਓਬਾਮਾ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਹੋਰ ਮਜ਼ਬੂਤ ਬਣਾਉਣ ਲਈ ਉਹ ਵਚਨਬੱਧ ਹਨ ਅਤੇ ਵੱਖ-ਵੱਖ ਖੇਤਰਾਂ ਵਿਚ ਇਕ-ਦੂਸਰੇ ਨੂੰ ਸਹਿਯੋਗ ਦੇਣਗੇ। ਮੋਦੀ ਤੇ ਓਬਾਮਾ ਵਿਚਾਲੇ ਹੋਈ ਉਤਸ਼ਾਹਜਨਕ ਗੱਲਬਾਤ ਸਪੱਸ਼ਟ ਸੰਕੇਤ ਸੀ ਕਿ 'ਇਹ ਦੋਸਤੀ ਅਸੀਂ ਨਹੀਂ ਛੱਡਾਂਗੇ'।
ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਐਟਮੀ ਡੀਲ 'ਤੇ ਦਸਤਖਤ ਦੇ 6 ਸਾਲ ਮਗਰੋਂ ਅਸੀਂ ਇਸ ਵਿਚ ਕਾਰੋਬਾਰੀ ਸਹਿਯੋਗ 'ਤੇ ਅੱਗੇ ਵਧ ਰਹੇ ਹਾਂ ਜੋ ਸਾਡੇ ਕਾਨੂੰਨ ਅਤੇ ਕੌਮਾਂਤਰੀ ਕਾਨੂੰਨੀ ਜ਼ਿੰਮੇਵਾਰੀਆਂ ਅਤੇ ਤਕਨੀਕੀ ਤੇ ਕਾਰੋਬਾਰੀ ਵਿਵਹਾਰਕਤਾ ਅਨੁਸਾਰ ਹੋਵੇਗਾ।
ਰੱਖਿਆ ਖੇਤਰ ਵਿਚ ਸਹਿਯੋਗ ਦੀ ਚਰਚਾ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਵਧਦੇ ਰੱਖਿਆ ਸਹਿਯੋਗ ਨੂੰ ਇਕ ਨਵੇਂ ਪੱਧਰ ਤਕ ਲਿਜਾਣ ਦਾ ਫੈਸਲਾ ਵੀ ਕੀਤਾ ਹੈ। ਅੱਜ ਅਸੀਂ ਵਿਸ਼ੇਸ਼ ਆਧੁਨਿਕ ਰੱਖਿਆ ਪ੍ਰਣਾਲੀਆਂ ਦਾ ਰਲ ਕੇ ਵਿਕਾਸ ਅਤੇ ਉਤਪਾਦਨ ਕਰਨ 'ਤੇ ਸਿਧਾਂਤਕ ਤੌਰ 'ਤੇ ਸਹਿਮਤ ਹੋਏ ਹਾਂ। ਇਸ ਨਾਲ ਸਾਨੂੰ ਰੱਖਿਆ ਉਦਯੋਗ ਨੂੰ ਉਨਤ ਬਣਾਉਣ ਅਤੇ ਨਿਰਮਾਣ ਖੇਤਰ ਦੇ ਵਿਸਤਾਰ ਵਿਚ ਮਦਦ ਮਿਲੇਗੀ।
ਉਨ੍ਹਾਂ ਦਸਿਆ ਕਿ ਦੋਵਾਂ ਧਿਰਾਂ ਨੇ ਡਿਫੈਂਸ ਫਰੇਮ ਵਰਕ ਐਗਰੀਮੈਂਟ ਦਾ ਨਵੀਨੀਕਰਨ ਵੀ ਕੀਤਾ ਹੈ ਅਤੇ ਦੋਵੇਂ ਸਮੁੰਦਰੀ ਸੁਰੱਖਿਆ 'ਚ ਸਹਿਯੋਗ ਵਧਾਉਣ ਨੂੰ ਪ੍ਰਮੁੱਖ ਕੌਮਾਂਤਰੀ ਖਤਰਾ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਇਸ ਦਾ ਸਰੂਪ ਬਦਲਿਆ ਹੈ ਜਦ ਕਿ ਪੁਰਾਣੀਆਂ ਵੰਗਾਰਾਂ ਅਜੇ ਵੀ ਮੌਜੂਦ ਹਨ। ਦੋਵਾਂ ਧਿਰਾਂ ਵਿਚਾਲੇ ਇਸ ਗੱਲ 'ਤੇ ਸਹਿਮਤੀ ਬਣੀ ਹੈ ਕਿ ਇਸ ਦਾ ਮੁਕਾਬਲਾ ਕਰਨ ਲਈ ਇਕ ਵਿਆਪਕ ਵਿਸ਼ਵ ਪੱਧਰੀ ਰਣਨੀਤੀ ਦੀ ਜ਼ਰੂਰਤ ਹੈ। ਅੱਤਵਾਦੀ ਸੰਗਠਨਾਂ ਵਿਚਾਲੇ ਕੋਈ ਫਰਕ ਨਹੀਂ ਕੀਤਾ ਜਾਣਾ ਚਾਹੀਦਾ। ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਇਕ ਸੁਭਾਵਿਕ ਸਾਂਝੇਦਾਰੀ ਹੈ।
ਸਾਫ-ਸੁਥਰੀ ਅਤੇ ਨਵੀਨੀਕਰਨ ਊਰਜਾ ਆਪਣੀ ਅਤੇ ਓਬਾਮਾ ਦੀ ਨਿੱਜੀ ਅਤੇ ਰਾਸ਼ਟਰੀ ਪਹਿਲਕਦਮੀ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਉਹ ਇਸ ਖੇਤਰ ਵਿਚ ਵਿਸ਼ੇਸ਼ ਹਿੱਸੇਦਾਰੀ ਨੂੰ ਅੱਗੇ ਵਧਣ 'ਤੇ ਵੀ ਸਹਿਮਤ ਹੋਏ ਹਨ। ਉਨ੍ਹਾਂ ਨੇ ਓਬਾਮਾ ਨੂੰ ਨਵੀਨੀਕਰਨ ਊਰਜਾ ਨੂੰ ਦੁਨੀਆ ਲਈ ਜ਼ਿਆਦਾ ਸੁਲਭ ਅਤੇ ਸਸਤੀ ਬਣਾਉਣ ਦੇ ਕੌਮਾਂਤਰੀ ਯਤਨਾਂ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ।
ਓਬਾਮਾ ਨੇ ਅਫਗਾਨਿਸਤਾਨ ਵਿਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਕਿਹਾ, ''ਅਸੀਂ ਅਫਗਾਨਿਸਤਾਨ ਦੀ ਰਲ ਕੇ ਮਦਦ ਕਰਾਂਗੇ।'' ਓਬਾਮਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦੀ ਮੈਂਬਰੀ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਹੈ। ਦੋਵਾਂ ਆਗੂਆਂ ਨੇ ਏਸ਼ੀਆ, ਪ੍ਰਸ਼ਾਂਤ ਅਤੇ ਹਿੰਦ ਮਹਾਸਾਗਰ ਖੇਤਰ ਵਿਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਅੱਗੇ ਵਧਾਉਣ ਲਈ ਆਪਣਾ ਸਹਿਯੋਗ ਹੋਰ ਗੂੜ੍ਹਾ ਕਰਨ ਦੀ ਪ੍ਰਤੀਬੱਧਤਾ ਦੋਹਰਾਈ।
ਸਰਕਾਰ ਦਾ 2020 ਤਕ 30 ਕਰੋੜ ਲੋਕਾਂ ਨੂੰ ਟਰੇਂਡ ਕਰਨ ਦਾ ਟੀਚਾ
NEXT STORY