ਨਵੀਂ ਦਿੱਲੀ(ਯੂ. ਐੱਨ. ਆਈ.)— ਦੇਸ਼ ਦੇ 66ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁਖ ਮਹਿਮਾਨ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਦਾ ਅੱਜ ਇੱਥੇ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਟੋਕਾਲ ਤੋਂ ਹਟਦੇ ਹੋਏ ਹਵਾਈ ਅੱਡੇ 'ਤੇ ਜਾ ਕੇ ਸ਼੍ਰੀ ਓਬਾਮਾ ਦੀ ਅਗਵਾਈ ਕੀਤੀ ਬਾਅਦ ਵਿਚ ਉਨ੍ਹਾਂ ਦਾ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਸ਼੍ਰੀ ਮੋਦੀ ਦੀ ਹਾਜ਼ਰੀ ਵਿਚ ਰਵਾਇਤੀ ਤੌਰ 'ਤੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ। ਉਨ੍ਹਾਂ ਨੇ ਗਾਰਡ ਆਫ ਆਨਰ ਦਾ ਵੀ ਨਿਰੀਖਣ ਕੀਤਾ। ਸ਼੍ਰੀ ਓਬਾਮਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੇਰੇ ਲਈ ਗਣਤੰਤਰ ਦਿਵਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਆਉਣਾ ਬਹੁਤ ਵੱਡਾ ਸਨਮਾਨ ਹੈ। ਮੈਂ ਇੱਥੇ ਭਾਰਤ ਵਿਚ ਹੋਏ ਸਵਾਗਤ ਨਾਲ ਬਹੁਤ ਹੀ ਜ਼ਿਆਦਾ ਖੁਸ਼ ਹਾਂ। ਅਮਰੀਕੀ ਰਾਸ਼ਟਰਪਤੀ ਦਾ ਜਹਾਜ਼ (ਏਅਰਫੋਰਸ ਵਨ) ਨਿਰਧਾਰਿਤ ਸਮੇਂ ਤੋਂ 20 ਮਿੰਟ ਪਹਿਲਾਂ ਪਾਲਮ ਹਵਾਈ ਫੌਜ ਦੇ ਅੱਡੇ 'ਤੇ ਉਤਰਿਆ। ਸ਼੍ਰੀ ਓਬਾਮਾ ਜਹਾਜ਼ 'ਚੋਂ ਹੇਠਾਂ ਉਤਰਨ 'ਤੇ ਸਭ ਤੋਂ ਪਹਿਲਾਂ ਸ਼੍ਰੀ ਮੋਦੀ ਨੂੰ ਮੁਖਾਤਿਬ ਹੋਏ। ਦੋਵਾਂ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ, ਫਿਰ ਗਲੇ ਮਿਲੇ ਅਤੇ ਇਕ ਦੂਸਰੇ ਦੀ ਪਿੱਠ ਧਾਪੜੀ। ਦੋਵੇਂ ਆਗੂ ਹੱਥਾਂ ਵਿਚ ਹੱਥ ਫੜ ਕੇ ਕੁਝ ਦੇਰ ਤਕ ਗੱਲਾਂ ਕਰਦੇ ਰਹੇ । ਇਸ ਮੌਕੇ 'ਤੇ ਸ਼੍ਰੀ ਓਬਾਮਾ ਦੇ ਪ੍ਰੋਟੋਕਾਲ 'ਚ ਤਾਇਨਾਤ ਕੇਂਦਰੀ ਉੂਰਜਾ ਮੰਤਰੀ ਪਿਯੂਸ਼ ਗੋਇਲ, ਵਿਦੇਸ਼ ਸਕੱਤਰ ਸੁਜਾਤਾ ਸਿੰਘ ਅਤੇ ਭਾਰਤ ਵਿਚ ਅਮਰੀਕਾ ਦਾ ਰਾਜਦੂਤ ਰਿਚਰਡ ਵਰਮਾ ਮੌਜੂਦ ਸਨ। ਸ਼੍ਰੀ ਮੋਦੀ ਸ਼੍ਰੀ ਓਬਾਮਾ ਨੂੰ ਉਨ੍ਹਾਂ ਦੀ ਵਿਸ਼ੇਸ਼ ਕਾਰ 'ਦਿ ਬੀਸਟ' ਤਕ ਲੈ ਕੇ ਗਏ ਅਤੇ ਦੋਵਾਂ ਆਗੂਆਂ ਅਤੇ ਸ਼੍ਰੀਮਤੀ ਮਿਸ਼ੇਲ ਓਬਾਮਾ ਨੇ ਹੱਥ ਹਿਲਾ ਕੇ ਤਸਵੀਰਾਂ ਵੀ ਖਿੱਚਵਾਈਆਂ। ਸ਼੍ਰੀ ਓਬਾਮਾ ਇਸ ਦੇ ਮਗਰੋਂ ਸਿੱਧੇ ਹੋਟਲ ਆਈ. ਟੀ. ਸੀ. ਮੌਰਿਆ ਲਈ ਰਵਾਨਾ ਹੋ ਗਏ। ਦੁਪਹਿਰ ਲੱਗਭਗ 12 ਵੱਜ ਕੇ 5 ਮਿੰਟ 'ਤੇ ਸ਼੍ਰੀ ਓਬਾਮਾ ਰਾਸ਼ਟਰਪਤੀ ਭਵਨ ਪਹੁੰਚੇ, ਜਿੱਥੇ ਉਨ੍ਹਾਂ ਦੇ ਰਸਮੀ ਸਵਾਗਤ ਦੀ ਤਿਆਰੀ ਸੀ। ਰਾਸ਼ਟਰਪਤੀ ਭਵਨ ਦੇ ਮੁਖ ਗੇਟ 'ਤੇ ਸ਼੍ਰੀ ਓਬਾਮਾ ਦੀ ਕਾਰ ਦੇ ਪਹੁੰਚਣ 'ਤੇ ਰਾਸ਼ਟਰਪਤੀ ਦੇ ਘੋੜ ਸਵਾਰ ਅੰਗ ਰੱਖਿਅਕਾਂ ਨੇ ਉਸ ਨੂੰ ਆਪਣੇ ਘੇਰੇ 'ਚ ਲੈ ਲਿਆ ਅਤੇ ਫਿਰ ਹੌਲੀ-ਹੌਲੀ ਉਨ੍ਹਾਂ ਦੀ ਕਾਰ ਚੱਲਦੇ ਹੋਏ ਉੱਥੇ ਪਹੁੰਚੀ ਜਿੱਥੇ ਸ਼੍ਰੀ ਮੁਖਰਜੀ, ਸ਼੍ਰੀ ਮੋਦੀ ਅਤੇ ਕੇਂਦਰੀ ਮੰਤਰੀ ਮੰਡਲ ਦੇ ਮੈਂਬਰ ਮੌਜੂਦ ਸਨ। ਇਸੇ ਦਰਮਿਆਨ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ।
ਮੋਦੀ ਦੇ ਮੰਤਰੀ ਨੇ ਕਿਹਾ-ਵੰਦੇ ਮਾਤਰਮ ਨਾ ਥੋਪੋ
NEXT STORY