ਸੂਬੇ 'ਚ ਅਮਨ ਅਤੇ ਸ਼ਾਂਤੀ ਨੂੰ ਬਹਾਲ ਰੱਖਣਾ ਹੀ ਪਹਿਲ : ਬਾਦਲ
ਧੂਰੀ, (ਸੰਜੀਵ ਜੈਨ)- ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਧੂਰੀ ਵਿਧਾਨ ਸਭਾ ਹਲਕੇ ਵਿਚ ਦੂਜੇ ਗੇੜ ਦੇ ਸੰਗਤ ਦਰਸ਼ਨ ਸਮਾਗਮ ਦੇ ਦੂਜੇ ਦਿਨ ਸਿਰਸਾ ਮੁਖੀ ਦੀ ਰਿਲੀਜ਼ ਹੋਣ ਜਾ ਰਹੀ ਫਿਲਮ ਐੱਮ. ਐੱਸ. ਜੀ. ਬਾਰੇ ਪੁੱਛਣ 'ਤੇ ਕਿਹਾ ਕਿ ਸੂਬੇ 'ਚ ਅਮਨ ਅਤੇ ਸ਼ਾਂਤੀ ਨੂੰ ਬਹਾਲ ਰੱਖਣਾ ਉਨ੍ਹਾਂ ਦੀ ਪਹਿਲ ਹੈ ਅਤੇ ਇਸ ਨੂੰ ਮੁੱਖ ਰੱਖ ਕੇ ਹੀ ਸੂਬੇ 'ਚ ਇਸ ਦੇ ਰਿਲੀਜ਼ ਜਾ ਰੋਕ ਸੰਬੰਧੀ ਕੋਈ ਫੈਸਲਾ ਲਿਆ ਜਾਵੇਗਾ। ਪੰਜਾਬ ਵਿਚ ਬਹੁਤ ਜੱਦੋ-ਜਹਿਦ ਤੋਂ ਬਾਅਦ ਸ਼ਾਂਤੀ ਸਥਾਪਿਤ ਕੀਤੀ ਗਈ ਹੈ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇਗਾ। ਸੂਬੇ ਵਿਚ ਆਪਸੀ ਭਾਈਚਾਰੇ, ਸਦਭਾਵਨਾ ਅਤੇ ਅਮਨ-ਸ਼ਾਂਤੀ ਨੂੰ ਵਿਗੜਨ ਦੀ ਕਿਸੇ ਹਾਲਤ ਵਿਚ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਬਾਦਲ ਨੇ ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਲਈ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਇਸ ਵੇਲੇ ਦੇਸ਼ ਗਰੀਬੀ, ਬੇਰੋਜ਼ਗਾਰੀ ਅਤੇ ਨਸ਼ਿਆਂ ਵਰਗੀਆਂ ਅਨੇਕਾਂ ਗੰਭੀਰ ਸਮੱਸਿਆਵਾਂ ਵਿਚ ਉਲਝਿਆ ਪਿਆ ਹੈ ਅਤੇ ਇਹ ਕਾਂਗਰਸ ਪਾਰਟੀ ਦੀਆਂ ਦਿਸ਼ਾਹੀਣ ਅਤੇ ਗਲਤ ਨੀਤੀਆਂ ਦਾ ਹੀ ਨਤੀਜਾ ਹਨ। ਕਾਂਗਰਸ ਸਾਰੀਆਂ ਬੀਮਾਰੀਆਂ ਦੀ ਮਾਂ ਹੈ ।
ਉਨ੍ਹਾਂ ਦੱਸਿਆ ਕਿ ਹਲਕੇ ਦੇ ਲੋਕਾਂ ਦੀ ਮੰਗ ਨੂੰ ਵੇਖਦੇ ਹੋਏ ਉਨ੍ਹਾਂ ਇੱਥੇ ਸਰਕਾਰੀ ਕਾਲਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਹਲਕੇ ਦੇ ਪਿੰਡ ਬੇਨੜਾ ਵਿਚ ਸਰਕਾਰੀ ਕਾਲਜ ਬਣਾਉਣ ਦਾ ਕੰਮ ਜਲਦੀ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸ ਲਈ 40 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ ਜਦੋਂਕਿ ਮੌਜੂਦਾ ਪ੍ਰਣਾਲੀ ਨੂੰ ਦਰੁੱਸਤ ਕਰਨ ਲਈ 3.06 ਕਰੋੜ ਰੁਪਏ ਅਤੇ ਸੜਕਾਂ ਦੇ ਲਈ 5 ਕਰੋੜ ਰੁਪਏ ਭੇਜ ਦਿੱਤੇ ਗਏ ਹਨ। ਉਨ੍ਹਾਂ ਸਰਕਾਰੀ ਕੰਨਿਆ ਸਕੂਲ ਧੂਰੀ ਦੇ ਨਾਲ ਲੱਗਦੀ ਪੁਰਾਣੀ ਅਦਾਲਤ ਦੀ ਥਾਂ ਨੂੰ ਸਕੂਲ ਦੇ ਪ੍ਰਸਾਰ ਲਈ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਸ਼ਹਿਰ ਦੇ ਓਵਰਬ੍ਰਿਜ, ਡਰੇਨ ਦੀ ਸਮੱਸਿਆ, ਸਟੇਡੀਅਮ ਆਦਿ ਦੇ ਕੰਮਾਂ ਨੂੰ ਵੀ ਜਲਦੀ ਨੇਪਰੇ ਚੜ੍ਹਾਇਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਅਤੇ ਯੋਜਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਗੋਬਿੰਦ ਸਿੰਘ ਲੌਂਗੋਵਾਲ ਹਲਕਾ ਇੰਚਾਰਜ ਧੂਰੀ, ਰਵਿੰਦਰ ਸਿੰਘ ਚੀਮਾ ਵਾਈਸ ਚੇਅਰਮੈਨ ਮੰਡੀ ਬੋਰਡ ਪੰਜਾਬ, ਅਮਨਵੀਰ ਸਿੰਘ ਚੈਰੀ ਯੂਥ ਅਕਾਲੀ ਆਗੂ, ਭੁਪਿੰਦਰ ਸਿੰਘ ਭਲਵਾਨ ਮੈਂਬਰ ਐੈੱਸ.ਜੀ.ਪੀ.ਸੀ, ਜਗਦੇਵ ਜਿੰਦਲ ਸਾਬਕਾ ਸੀ. ਮੀਤ ਪ੍ਰਧਾਨ ਨਗਰ ਕੌਂਸਲ, ਵਿਕਾਸ ਜੈਨ ਮੰਡਲ ਪ੍ਰਧਾਨ ਭਾਜਪਾ, ਬ੍ਰਜੇਸ਼ਵਰ ਗੋਇਲ ਜ਼ਿਲਾ ਸਕੱਤਰ ਭਾਜਪਾ, ਪ੍ਰਦੀਪ ਗਰਗ ਜ਼ਿਲਾ ਮੀਡੀਆ ਕਨਵੀਨਰ, ਹੰਸ ਰਾਜ ਗਰਗ ਸ਼ਹਿਰੀ ਪ੍ਰਧਾਨ ਅਕਾਲੀ ਦਲ, ਦਵਿੰਦਰ ਕੁਮਾਰ ਬਿੰਦਾ ਪ੍ਰਧਾਨ ਸ਼੍ਰੀ ਸਨਾਤਨ ਧਰਮ ਸਭਾ ਅਤੇ ਪਰਮਜੀਤ ਸਿੰਘ ਪੰਮਾ ਆਦਿ ਵੀ ਹਾਜ਼ਰ ਸਨ।
ਤਖਤ ਸ੍ਰੀ ਦਮਦਮਾ ਸਾਹਿਬ ਨੂੰ 5ਵਾਂ ਤਖਤ ਕਹਿਣ 'ਤੇ ਵਿਵਾਦ
NEXT STORY