ਜਲੰਧਰ(ਧਵਨ)¸ ਸ਼੍ਰੋਮਣੀ ਅਕਾਲੀ ਦਲ ਵਲੋਂ ਜਿਥੇ ਇਕ ਪਾਸੇ ਕੇਂਦਰ ਦੀ ਰਾਜਗ ਸਰਕਾਰ ਦੇ ਜ਼ਮੀਨ ਹਾਸਲ ਕਰਨ ਬਾਰੇ ਕਾਨੂੰਨ 'ਚ ਸੋਧ ਦਾ ਵਿਰੋਧ ਕੀਤਾ ਗਿਆ ਹੈ, ਉਥੇ ਦੂਜੇ ਪਾਸੇ ਪੰਜਾਬ ਨਾਲ ਸੰਬੰਧਤ ਦੋ ਕੇਂਦਰੀ ਮੰਤਰੀ ਏਮਜ਼ ਦੀ ਸਥਿਤੀ ਨੂੰ ਲੈ ਕੇ ਆਪਸ 'ਚ ਭਿੜ ਗਏ ਹਨ। ਕੇਂਦਰ ਨੇ ਪੰਜਾਬ ਵਿਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਸਥਾਪਤ ਕਰਨ ਦੀ ਪ੍ਰਵਾਨਗੀ ਦਿਤੀ ਹੈ। ਕੇਂਦਰੀ ਖੁਰਾਕ ਅਤੇ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਏਮਜ਼ ਦੀ ਸਥਾਪਨਾ ਬਠਿੰਡਾ ਵਿਖੇ ਕਰਨ ਦਾ ਮਾਮਲਾ ਉਠਾਇਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਲਵਾ ਖੇਤਰ ਕੈਂਸਰ ਨਾਲ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ ਇਸ ਲਈ ਬਠਿੰਡਾ ਵਿਖੇ ਏਮਜ਼ ਬਣਨ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਲਾਭ ਹੋਵੇਗਾ। ਦੂਜੇ ਪਾਸੇ ਕੇਂਦਰੀ ਸਮਾਜ ਕਲਿਆਣ ਰਾਜ ਮੰਤਰੀ ਵਿਜੇ ਸਾਂਪਲਾ ਨੇ ਕੇਂਦਰੀ ਸਿਹਤ ਮੰਤਰਾਲਾ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਏਮਜ਼ ਹੁਸ਼ਿਆਰਪੁਰ ਵਿਖੇ ਸਥਾਪਤ ਕੀਤਾ ਜਾਣਾ ਚਾਹੀਦਾ ਹੈ। 28 ਫਰਵਰੀ ਨੂੰ ਲਿਖੀ ਚਿੱਠੀ ਵਿਚ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ ਪੈਂਦੇ ਤਲਵਾੜਾ ਸ਼ਹਿਰ ਵਿਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਜ਼ਮੀਨ 'ਤੇ ਇਕ ਅਧੂਰਾ ਹਸਪਤਾਲ ਬਣਾਇਆ ਗਿਆ ਹੈ। ਇਸ ਨੂੰ ਆਧੁਨਿਕ ਹਸਪਤਾਲ ਦਾ ਦਰਜਾ ਦਿੱਤਾ ਜਾ ਸਕਦਾ ਹੈ। ਇਸ ਲਈ ਨਵੀਂ ਜ਼ਮੀਨ ਵੀ ਹਾਸਲ ਕਰਨ ਦੀ ਲੋੜ ਨਹੀਂ ਪਵੇਗੀ।
ਤਲਵਾੜਾ ਵਿਖੇ ਬੀ. ਬੀ. ਐੱਮ. ਬੀ. ਹਸਪਤਾਲ 680 ਏਕੜ ਖੇਤਰ ਵਿਚ ਅੱਜ ਤੋਂ ਲਗਭਗ 25 ਸਾਲ ਪਹਿਲਾਂ ਬਣਾਇਆ ਗਿਆ ਸੀ। ਇਸ ਨੂੰ ਹੁਣ ਏਮਜ਼ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਏਮਜ਼ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ 'ਚ ਠਣ ਗਈ ਹੈ। ਦੋਹਾਂ ਪਾਰਟੀਆਂ ਦਰਮਿਆਨ ਮਤਭੇਦ ਸਾਹਮਣੇ ਆ ਗਏ ਹਨ। ਹੁਣੇ ਜਿਹੇ ਹੀ ਸੰਪੰਨ ਨਗਰ ਨਿਗਮ ਅਤੇ ਕੌÎਂਸਲ ਦੀਆਂ ਚੋਣਾਂ ਵਿਚ ਵੀ ਦੋਹਾਂ ਪਾਰਟੀਆਂ ਵਿਚਾਲੇ ਤਿੱਖੇ ਮਤਭੇਦ ਉਭਰ ਕੇ ਸਾਹਮਣੇ ਆਏ ਸਨ। ਸਾਂਪਲਾ ਦਾ ਕਹਿਣਾ ਸੀ ਕਿ ਕੇਂਦਰੀ ਹਸਪਤਾਲ ਪੰਜਾਬ ਦੇ ਕਿਸੇ ਕੇਂਦਰੀ ਸ਼ਹਿਰ ਵਿਚ ਸਥਾਪਤ ਹੋਣਾ ਚਾਹੀਦਾ ਹੈ। ਬਠਿੰਡਾ ਕਾਫੀ ਦੂਰ ਪਵੇਗਾ। ਦੂਜੇ ਪਾਸੇ ਹਰਸਿਮਰਤ ਦੇ ਨੇੜਲਿਆਂ ਦਾ ਕਹਿਣਾ ਹੈ ਕਿ ਹਰ ਕੈਬਨਿਟ ਮੰਤਰੀ ਨੂੰ ਆਪਣੇ ਵਿਚਾਰ ਰੱਖਣ ਅਤੇ ਆਪਣੇ ਖੇਤਰ ਦੀਆਂ ਮੰਗਾਂ ਉਠਾਉਣ ਦਾ ਅਧਿਕਾਰ ਹੈ। ਫੈਸਲਾ ਤਾਂ ਅਖੀਰ ਕੇਂਦਰ ਸਰਕਾਰ ਨੇ ਹੀ ਲੈਣਾ ਹੈ। ਦੋਹਾਂ ਕੇਂਦਰੀ ਮੰਤਰੀਆਂ ਵਲੋਂ ਉਠਾਏ ਗਏ ਮੁੱਦਿਆਂ ਪਿੱਛੋਂ ਪੰਜਾਬ ਦੀ ਸੱਤਾਧਾਰੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਵਿਚ ਇਕ ਨਵੀਂ ਸਿਆਸੀ ਬਹਿਸ ਸ਼ੁਰੂ ਹੋ ਗਈ ਹੈ। ਹਰ ਪਾਰਟੀ ਏਮਜ਼ ਨੂੰ ਆਪਣੇ ਖੇਤਰ ਵਿਚ ਲਿਆ ਕੇ ਉਸ ਦਾ ਸਿਆਸੀ ਲਾਭ ਉਠਾਉਣਾ ਚਾਹੁੰਦੀ ਹੈ।
ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲਈ ਚੁਣੌਤੀ ਨਹੀਂ : ਬਾਦਲ
NEXT STORY