ਇਕ ਰਾਤ ਸੁਪਨੇ 'ਚ,
ਮੇਰੀ ਆਪਣੇ ਹੀ ਹੰਝੂਆਂ ਨਾਲ ਮੁਲਾਕਾਤ ਹੋਈ
ਮੈਂ ਸ਼ੀਸ਼ੇ ਸਾਹਵੇਂ ਬੈਠੀ ਸਾਂ,
ਅੱਖਾਂ ਰਾਹੀਂ ਸਾਡੀ ਦੋਹਾਂ ਦੀ ਗੱਲਬਾਤ ਹੋਈ।
ਹੰਝੂ ਆਖਦੇ ਪਲਕਾਂ ਬੰਦ ਕਰ ਲੈ,
ਅਸੀਂ ਗੱਲ੍ਹਾਂ 'ਤੇ ਪਾਣੀ ਬਣ ਵਹਿਣਾ ਨਹੀਂ,
ਜਿਹੜੇ ਜਜ਼ਬੇ ਨੂੰ ਤੂੰ ਸਾਡੀ ਜ਼ੁਬਾਨ ਦਿੱਤੀ,
ਉਸ ਜਜ਼ਬਾਤ ਨੂੰ ਅਸੀਂ ਵੀ ਕਹਿਣਾ ਨਹੀਂ।
ਉਤੋਂ ਹੋਰ ਨੇ ਤੇ ਅੰਦਰੋਂ ਨੇ ਹੋਰ ਲੋਕੀਂ,
ਜਿਹੜੇ ਆਖਦੇ ਨੇ ਅਸੀਂ ਹਮਦਰਦ ਤੇਰੇ,
ਸੂਲ ਬਣ ਤੇਰੀ ਜ਼ਿੰਦਗੀ 'ਚ ਖੁੱਭ ਜਾਣਗੇ,
ਉਹ ਬਣ ਜਾਣਗੇ ਸਦਾ ਦੇ ਦਰਦ ਤੇਰੇ,
ਆਪੇ ਬਣਦੀ ਹੈਂ ਤਰਸ ਦੀ ਤੂੰ ਪਾਤਰ,
ਇਸ ਸਭ ਲਈ ਖੁਦ ਜ਼ਿੰਮੇਵਾਰ ਨੀਂ ਤੂੰ,
ਜਗ ਜਨਣੀ ਤੂੰ, ਨਾਲ ਤੇਰੇ ਜਗ ਵਸੇ,
ਫਿਰ ਸਮਝੇ ਕਿਉਂ ਖੁਦ ਨੂੰ ਲਾਚਾਰ ਨੀਂ ਤੂੰ।
ਹੁਣ ਹੰਝੂਆਂ ਦਾ ਕੋਈ ਨਹੀਓਂ ਮੁੱਲ ਪੈਂਦਾ,
ਉੱਠ ਘੜ ਕੋਈ ਨਵਾਂ ਹਥਿਆਰ ਨੀਂ ਤੂੰ,
ਨਾਰੀ ਜਾਤੀ 'ਤੇ ਤੇਰਾ ਉਪਕਾਰ ਹੋਊ,
ਜਦੋਂ ਖੜ੍ਹੇਂਗੀ ਡਟ ਕੇ ਤਿਆਰ ਨੀਂ ਤੂੰ।
ਦੇ ਦੇ ਕੇ ਮੱਤਾਂ ਮੈਨੂੰ ਮੇਰੀ ਬਾਬਤ,
ਹੰਝੂ ਬਣ ਕੇ ਫੁੱਲ ਅੱਜ ਪੇਸ਼ ਹੋਏ,
ਜਾਗ ਆਈ ਮੈਂ ਦੇਖ ਕੇ ਹੈਰਾਨ ਹੋਈ,
ਮੇਰੀਆਂ ਅੱਖਾਂ ਤੇ ਸਿਰਹਾਣਾ ਦੋਵੇਂ ਭਿੱਜੇ ਹੋਏ।
ਜਾਗ ਆਈ ਮੈਂ ਦੇਖ ਕੇ ...
— ਸਰਬਜੀਤ ਕੌਰ ਮਰੋਕ
ਕਤਲ ਦੇ ਦੋਸ਼ ਵਿਚ ਅਕਾਲੀ ਆਗੂ ਸਮੇਤ ਚਾਰ ਗ੍ਰਿਫਤਾਰ
NEXT STORY