ਬੀਜਾ (ਬਿਪਨ)-ਬੀਜਾ ਇਲਾਕੇ ਵਿਚ ਸਿੱਖਿਆ ਮਹਿਕਮੇ ਦੀ ਇਕ ਵੱਡੀ ਲਾਪਰਵਾਹੀ ਸੋਮਵਾਰ ਦੀ ਸਵੇਰ ਨੂੰ ਉਸ ਸਮੇਂ ਸਾਹਮਣੇ ਆਈ, ਜਦੋਂ ਇਕ ਅਧਿਆਪਕਾ ਨੇ 10ਵੀਂ ਬੋਰਡ ਦੀ ਸਾਲਾਨਾ ਪ੍ਰੀਖਿਆ ਦੇ ਪੇਪਰ ਰਿਕਸ਼ੇ ਵਾਲੇ ਦੇ ਭਰੋਸੇ ਬੈਂਕ 'ਚੋਂ ਸਕੂਲ ਭੇਜ ਦਿੱਤੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰਿਕਸ਼ੇ ਵਾਲੇ ਨੇ ਵੀ ਆਪਣੀ ਮਨਮਰਜ਼ੀ ਕਰਨ 'ਚ ਕੋਈ ਕਸਰ ਨਹੀਂ ਛੱਡੀ। ਰਿਕਸ਼ੇ ਵਾਲਾ ਰਸਤੇ ਵਿਚ ਇਕ ਮਿਠਾਈ ਦੀ ਦੁਕਾਨ 'ਤੇ ਰੁਕਿਆ ਅਤੇ ਉਥੇ ਪੇਟ ਪੂਜਾ ਕਰਨ ਮਗਰੋਂ ਸਕੂਲ ਵੱਲ ਨੂੰ ਗਿਆ। ਉਹ ਉਥੇ 15 ਮਿੰਟ ਰੁਕਿਆ ਰਿਹਾ ਅਤੇ ਦੁਕਾਨ ਦੇ ਬਾਹਰ ਖੜ੍ਹੇ ਰਿਕਸ਼ੇ 'ਤੇ ਰੱਖੇ ਟਰੰਕ 'ਚ ਪ੍ਰਸ਼ਨ ਪੱਤਰਾਂ 'ਤੇ ਕਿਸੇ ਦੀ ਕੋਈ ਨਿਗਰਾਨੀ ਨਹੀਂ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਬੀਜਾ ਬ੍ਰਾਂਚ 'ਚੋਂ ਕਰੀਬ 9:30 ਵਜੇ ਇਕ ਅਧਿਆਪਕਾ ਪ੍ਰਸ਼ਨ ਪੱਤਰ ਲੈਣ ਆਈ। ਉਸ ਨੇ ਪ੍ਰਸ਼ਨ ਪੱਤਰਾਂ ਵਾਲਾ ਟਰੰਕ ਰਿਕਸ਼ੇ 'ਚ ਰੱਖਵਾ ਦਿੱਤਾ ਅਤੇ ਆਪ ਉਥੋਂ ਚਲੀ ਗਈ। ਰਿਕਸ਼ਾ ਵਾਲਾ ਬੀਜਾ ਦੇ ਚੌਕ 'ਚ ਮਿਠਾਈ ਦੀ ਦੁਕਾਨ 'ਤੇ ਪੇਟ ਪੂਜਾ ਕਰਨ ਲੱਗਾ।
ਉਸ ਨੂੰ ਰਿਕਸ਼ੇ 'ਚ ਪਏ ਟਰੰਕ ਦਾ ਖਿਆਲ ਨਹੀਂ ਰਿਹਾ। ਇਹ ਕੋਈ ਛੋਟੀ ਗੱਲ ਨਹੀਂ, ਸਿੱਖਿਆ ਵਿਭਾਗ ਦੀ ਵੱਡੀ ਲਾਪਰਵਾਹੀ ਹੈ। ਜੇਕਰ ਟਰੰਕ ਚੋਰੀ ਹੋ ਜਾਂਦਾ ਜਾਂ ਉਸ ਦਾ ਤਾਲਾ ਟੁੱਟ ਜਾਂਦਾ ਤਾਂ ਪੇਪਰ ਰੱਦ ਹੋ ਸਕਦਾ ਸੀ।
ਕੀ ਕਹਿਣਾ ਹੈ ਬੈਂਕ ਮੈਨੇਜਰ ਦਾ
ਬੈਂਕ ਮੈਨੇਜਰ ਸਰਦਾਰੀ ਲਾਲ ਸਰਾਓ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਬੈਂਕ ਦੇ ਅੰਦਰ-ਅੰਦਰ ਦੀ ਹੁੰਦੀ ਹੈ। ਅਧਿਆਪਕਾ ਨੇ ਪੇਪਰ ਰਿਸੀਵ ਕਰ ਲਏ ਸੀ। ਬਾਅਦ ਵਿਚ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ।
ਕੀ ਕਹਿਣਾ ਹੈ ਉਪ ਜ਼ਿਲਾ ਸਿੱਖਿਆ ਅਧਿਕਾਰੀ ਦਾ
ਉਪ ਜ਼ਿਲਾ ਸਿੱਖਿਆ ਅਧਿਕਾਰੀ ਲੁਧਿਆਣਾ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਇਹ ਵੱਡੀ ਲਾਪਰਵਾਹੀ ਹੈ। ਬੈਂਕ 'ਚੋਂ ਪੇਪਰ ਸੁਰੱਖਿਅਤ ਢੰਗ ਨਾਲ ਸਕੂਲ ਲਿਆਉਣ ਦੀ ਜ਼ਿੰਮੇਵਾਰੀ ਪ੍ਰੀਖਿਆ ਕੰਟਰੋਲਰ ਦੀ ਹੁੰਦੀ ਹੈ। ਜੇਕਰ ਕੋਈ ਲਾਪਰਵਾਹੀ ਹੋਈ ਹੈ ਤਾਂ ਜਾਂਚ ਕੀਤੀ ਜਾਵੇਗੀ।
ਭਰਾਵਾਂ ਤੋਂ ਦੁਖੀ ਵਿਅਕਤੀ ਨੇ ਚੁੱਕਿਆ ਖੌਫਨਾਕ ਕਦਮ...!
NEXT STORY