ਚੰਡੀਗੜ੍ਹ (ਭੁੱਲਰ) - ਡੇਰਾ ਸੱਚਾ ਸੌਦਾ ਪ੍ਰਮੁੱਖ ਬਾਬਾ ਗੁਰਮੀਤ ਰਾਮ ਰਹੀਮ ਦੀ ਬਹੁ-ਚਰਚਿਤ ਫ਼ਿਲਮ ਐੱਮ. ਐੱਸ. ਜੀ. ਦੇ ਵਿਵਾਦ ਨੂੰ ਸ਼ਾਂਤ ਹੋਏ ਅਜੇ ਥੋੜ੍ਹੇ ਹੀ ਦਿਨ ਹੋਏ ਹਨ ਤੇ ਹੁਣ 'ਨਾਨਕ ਸ਼ਾਹ ਫਕੀਰ' ਨਾਂ ਦੀ ਧਾਰਮਿਕ ਫਿਲਮ ਨੂੰ ਲੈ ਕੇ ਪੰਜਾਬ 'ਚ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਫਿਲਮ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਦਾਰ ਅਤੇ ਉਨ੍ਹਾਂ ਦੀ ਪ੍ਰਭੂ ਭਗਤੀ ਦੇ ਵਿਸ਼ੇ ਨੂੰ ਲੈ ਕੇ ਬਣਾਈ ਗਈ ਹੈ। ਇਸ ਦਾ ਇਥੇ ਸਿੱਖ ਸੰਗਠਨਾਂ ਵਲੋਂ ਵਿਰੋਧ ਕਰਦਿਆਂ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਸ਼ੁਰੂ ਕੀਤੀ ਹੈ, ਉੱਥੇ ਹੀ ਐੱਸ. ਜੀ. ਪੀ. ਸੀ. ਨੇ ਵੀ ਇਸ 'ਤੇ ਤੁਰੰਤ ਪਾਬੰਦੀ ਲਗਾਉਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ।
ਇਸ ਸਬੰਧੀ ਬੀਤੇ ਦਿਨੀਂ ਚੰਡੀਗੜ੍ਹ ਵਿਚ ਹੋਈ ਕਮੇਟੀ ਦੀ ਬੈਠਕ 'ਚ ਵਿਸ਼ੇਸ਼ ਤੌਰ 'ਤੇ ਪ੍ਰਸਤਾਵ ਪਾਸ ਕੀਤਾ ਗਿਆ ਹੈ। ਸਿੱਖ ਸੰਗਠਨ ਇਸ ਫ਼ਿਲਮ 'ਤੇ ਪਾਬੰਦੀ ਦੇ ਮਾਮਲੇ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਕਹਿ ਚੁੱਕੇ ਹਨ। ਮੁੱਖ ਤੌਰ 'ਤੇ ਇਸ ਦਾ ਵਿਰੋਧ ਕਰਨ ਵਾਲੇ ਸਿੱਖ ਨੇਤਾ ਇਸ ਗੱਲ 'ਤੇ ਇਤਰਾਜ਼ ਜਤਾ ਰਹੇ ਹਨ ਕਿ ਗੁਰੂ ਨਾਨਕ ਦੇਵ ਜੀ ਨੂੰ ਮਨੁੱਖੀ ਰੂਪ ਵਿਚ ਪੇਸ਼ ਕੀਤਾ ਗਿਆ ਹੈ, ਜੋ ਕਿ ਸਿੱਖ ਧਰਮ ਦੇ ਅਸੂਲਾਂ ਦੇ ਖਿਲਾਫ਼ ਹੈ ਕਿਉਂਕਿ ਸਿੱਖ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣੇ ਬਾਅਦ ਸ਼ਬਦ ਗੁਰੂ ਦੇ ਰੂਪ ਵਿਚ ਮਾਨਤਾ ਦਿੱਤੀ ਹੈ। ਸਿੱਖ ਧਰਮ ਵਿਚ ਕਿਸੇ ਵੀ ਤਰ੍ਹਾਂ ਦੀ ਮੂਰਤੀ ਪੂਜਾ ਤੇ ਸਿੱਖ ਗੁਰੂਆਂ ਦੀ ਨਕਲ ਕਰਨਾ ਸਿੱਖ ਮਰਿਆਦਾ ਦੇ ਖਿਲਾਫ਼ ਹੈ।
ਨਾਨਕ ਸ਼ਾਹ ਫਕੀਰ ਫਿਲਮ ਦਾ ਸੰਗੀਤ ਬੀਤੇ ਦਿਨੀਂ ਰਿਲੀਜ਼ ਕੀਤਾ ਜਾ ਚੁੱਕਿਆ ਹੈ ਤੇ ਇਹ ਫਿਲਮ 17 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਉੱਤਮ ਸਿੰਘ ਨੇ ਦਿੱਤਾ ਹੈ ਤੇ ਇਸ ਫਿਲਮ ਨਾਲ ਪਦਮਸ਼੍ਰੀ ਤੇ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਤੋਂ ਇਲਾਵਾ ਆਸਕਰ ਜੇਤੂ ਸੰਗੀਤਕਾਰ ਏ. ਆਰ. ਰਹਿਮਾਨ ਜੁੜੇ ਹੋਏ ਹਨ।
ਪੁਲਸ ਨੇ ਸ਼ਰੇਆਮ ਚਾੜ੍ਹਿਆ ਬੱਸ ਕੰਡਕਟਰ ਦਾ ਕੁਟਾਪਾ (ਵੀਡੀਓ)
NEXT STORY