ਮੁਰੈਨਾ- ਅੱਜ ਦੇ ਇਸ ਕਲਯੁੱਗੀ ਯੁੱਗ 'ਚ ਬੱਚਿਆਂ ਲਈ ਮਾਂ-ਬਾਪ ਕੋਈ ਮਾਇਨੇ ਨਹੀਂ ਰੱਖਦੇ। ਜਿਸ ਪੁੱਤ ਨੂੰ ਮਾਂ ਨੇ 9 ਮਹੀਨੇ ਕੁੱਖ ਵਿਚ ਰੱਖਿਆ, ਉਹ ਹੀ ਉਸ ਦੀ ਜਾਨ ਦਾ ਵੈਰੀ ਬਣ ਗਿਆ। ਮਾਂ ਤਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ ਪਰ ਇਸ ਹਤਿਆਰੇ ਪੁੱਤ ਨੇ ਸਾਰੀਆਂ ਹੱਦਾਂ ਨੂੰ ਹੀ ਪਾਰ ਕਰ ਦਿੱਤਾ। ਜੂਆ ਖੇਡਣ ਲਈ ਪੈਸੇ ਨਾ ਦੇਣ 'ਤੇ ਇਕ ਸ਼ਰਾਬੀ ਪੁੱਤ ਨੇ ਮਾਂ ਦੇ ਸਿਰ 'ਚ ਕੁਹਾੜੀ ਮਾਰ ਕੇ ਹੱਤਿਆ ਕਰ ਦਿੱਤੀ। ਬਸ ਇੰਨਾ ਹੀ ਨਹੀਂ ਬੇਰਹਿਮ ਪੁੱਤ ਨੇ ਮਾਂ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀਆਂ ਉਂਗਲਾਂ 'ਚ ਤਾਰ ਲਪੇਟ ਕੇ ਕਰੰਟ ਵੀ ਲਾਇਆ ਤਾਂ ਕਿ ਮਾਂ ਦੀ ਮੌਤ ਸਾਰਿਆਂ ਨੂੰ ਹਾਦਸਾ ਲੱਗੇ। ਦਿਲ ਦਹਿਲਾ ਦੇਣ ਵਾਲਾ ਇਹ ਮਾਮਲਾ ਮੁਰੈਨਾ ਵਿਚ ਸੁਮਾਵਲੀ ਥਾਣਾ ਖੇਤਰ ਦੇ ਬੜਾਨਾ ਪਿੰਡ ਦਾ ਹੈ। ਹੱਤਿਆ ਤੋਂ ਬਾਅਦ ਦੋਸ਼ੀ ਵਿਅਕਤੀ ਫਰਾਰ ਹੈ।
ਜਾਣਕਾਰੀ ਮੁਤਾਬਕ ਬੜਾਨਾ ਪਿੰਡ ਵਾਸੀ ਰਵਿੰਦਰ ਜਾਦੌਨ ਦਾ ਪੁੱਤਰ ਰਾਹੁਲ ਜੋ ਕਿ ਜੂਆ ਖੇਡਣ ਨਾਲ ਸ਼ਰਾਬ ਪੀਣ ਦਾ ਆਦੀ ਹੈ। ਉਹ ਰਾਤ ਦੇ ਸਮੇਂ ਸ਼ਰਾਬ ਪੀ ਕੇ ਘਰ ਪੁੱਜਾ। ਘਰ ਪਹੁੰਚਦੇ ਹੀ ਉਸ ਨੇ ਆਪਣੀ ਮਾਂ ਤੋਂ ਜੂਆ ਖੇਡਣ ਲਈ ਪੈਸੇ ਮੰਗੇ। ਜਦੋਂ ਮਾਂ ਪਪੀਤਾ ਦੇਵੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ਵਿਚ ਆਏ ਰਾਹੁਲ ਨੇ ਮਾਂ ਦੇ ਸਿਰ 'ਚ ਕੁਹਾੜੀ ਨਾਲ ਵਾਰ ਕਰ ਦਿੱਤਾ। ਕੁਹਾੜੀ ਲੱਗਦੇ ਹੀ ਮਾਂ ਲਹੂ-ਲੁਹਾਨ ਹੋ ਕੇ ਡਿੱਗ ਪਈ। ਇਸ ਘਟਨਾ ਨੂੰ ਹਾਦਸੇ ਦਾ ਰੂਪ ਦੇਣ ਲਈ ਰਾਹੁਲ ਨੇ ਮਾਂ ਦੇ ਹੱਥਾਂ ਵਿਚ ਬਿਜਲੀ ਦੀ ਤਾਰ ਨਾਲ ਝਟਕੇ ਵੀ ਦਿੱਤੇ। ਸਵੇਰੇ ਜਦੋਂ ਘਰ ਦੇ ਦਰਵਾਜ਼ੇ ਨਹੀਂ ਖੁਲੇ ਤਾਂ ਪਿੰਡ ਵਾਲਿਆਂ ਨੂੰ ਸ਼ੱਕ ਹੋਇਆ। ਜਦੋਂ ਪਿੰਡ ਵਾਲਿਆਂ ਨੇ ਅੰਦਰ ਜਾ ਕੇ ਦੇਖਿਆ ਤਾਂ ਪਪੀਤਾ ਦੇਵੀ ਮ੍ਰਿਤਕ ਪਈ ਹੋਈ ਸੀ। ਪਿੰਡ ਵਾਲਿਆਂ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਘਟਨਾ ਦੇ ਸਮੇਂ ਮਾਂ-ਪੁੱਤ ਘਰ ਵਿਚ ਇਕੱਲੇ ਸਨ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕੇਜਰੀਵਾਲ ਕਾਰਨ ਅਧਿਆਪਕ ਬਣਿਆ 'ਚੋਰ'!
NEXT STORY