ਲੁਧਿਆਣਾ - ਆਈ. ਪੀ. ਐੱਲ. ਮੈਚਾਂ 'ਤੇ ਲੱਗ ਰਹੇ ਸੱਟੇ ਨੂੰ ਰੋਕਣ ਲਈ ਪੁਲਸ ਦੀ ਸਾਰੀ ਕਾਰਵਾਈ ਛੋਟੀਆਂ ਮੱਛੀਆਂ ਤਕ ਹੀ ਸੀਮਤ ਹੈ, ਜਦਕਿ ਇਸ ਖੇਡ ਦੇ ਵੱਡੇ ਮੱਗਰਮੱਛ ਖਾਦੀ ਤੇ ਖਾਕੀ ਦੀ ਸਰਪ੍ਰਸਤੀ ਵਿਚ ਹੋਣ ਵਾਲੇ ਮੈਚ ਦੀ ਹਰ ਇਕ ਗੇਂਦ ਤੇ ਰਨ 'ਤੇ ਨਾ ਸਿਰਫ ਕਰੋੜਾਂ ਰੁਪਏ ਦਾ ਸੱਟਾ ਲਗਾ ਰਹੇ ਹਨ, ਬਲਕਿ ਉਨ੍ਹਾਂ ਦੇ ਕੁਨੈਕਸ਼ਨ ਦਿੱਲੀ, ਮੁੰਬਈ ਤੋਂ ਇਲਾਵਾ ਦੁਬਈ ਤਕ ਸਥਾਪਿਤ ਹੋਣ ਦੇ ਚਰਚੇ ਹਨ।
ਆਪਣੇ ਦਫਤਰ ਵਿਚ ਬੈਠ ਕੇ ਮੋਬਾਈਲ ਫੋਨ ਰਾਹੀਂ ਮੈਚ ਦੀ ਹਰੇਕ ਗੇਂਦ, ਰਨ 'ਤੇ ਲੱਖਾਂ ਰੁਪਏ ਦਾ ਸੱਟਾ ਆਸਾਨੀ ਨਾਲ ਲਗਾਇਆ ਜਾ ਰਿਹਾ ਹੈ। ਮੌਜੂਦਾ ਸੀਜ਼ਨ ਦੇ ਚੱਲ ਰਹੇ ਆਈ. ਪੀ. ਐੱਲ. ਦੇ ਹਰੇਕ ਮੈਚ 'ਤੇ ਮਹਾਨਗਰ ਵਿਚ ਕਰੋੜਾਂ ਦਾ ਸੱਟਾ ਖੇਡੇ ਜਾਣ ਕਾਰਨ ਦਿੱਲੀ, ਮੁੰਬਈ ਤੋਂ ਇਲਾਵਾ ਦੁਬਈ ਵਿਚ ਬੈਠੇ ਖੇਡ ਦੇ ਵੱਡੇ ਖਿਡਾਰੀਆਂ ਦੀ ਨਜ਼ਰ ਵਿਚ ਲੁਧਿਆਣਾ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ। ਇਨ੍ਹਾਂ ਖਿਡਾਰੀਆਂ ਵਲੋਂ ਸ਼ਹਿਰ ਦੇ ਚੋਣਵੇਂ ਬੁੱਕੀਜ਼ ਨਾਲ ਗਹਿਰੇ ਸਬੰਧ ਦੱਸੇ ਜਾਂਦੇ ਹਨ।
ਛੋਟੇ ਮੋਟੇ ਬੁੱਕੀਜ਼ ਤੇ ਪਲਟਰਾਂ ਨੂੰ ਫੜ ਕੇ ਆਪਣੀ ਪਿੱਠ ਥੱਪ ਥਪਾਉਣ ਵਾਲੀ ਪੁਲਸ ਸਭ ਕੁਝ ਜਾਣਦੇ ਹੋਏ ਵੀ ਇਨ੍ਹਾਂ ਮਗਰਮੱਛਾਂ ਕੋਲ ਫਟਕਦੀ ਵੀ ਨਹੀਂ। ਕਿਉਂਕਿ ਇਨ੍ਹਾਂ ਦੀ ਸਰਪ੍ਰਸਤੀ ਖਾਦੀ ਤੇ ਖਾਕੀ ਦੋਵੇਂ ਕਰ ਰਹੀਆਂ ਹਨ।
ਬੀਤੇ ਸਾਲਾਂ ਦੌਰਾਨ ਮਹਾਨਗਰ ਵਿਚ ਹੋਈ ਗੈਂਗਵਾਰ ਵਿਚ ਮਾਰੇ ਗਏ ਇਕ ਪ੍ਰਸਿੱਧ ਬਦਮਾਸ਼ ਦੀ ਹੱਤਿਆ ਦੇ ਦੋਸ਼ੀਆਂ ਨੂੰ ਫੰਡ ਮੁਹੱਈਆ ਕਰਵਾਉਣ ਦੇ ਦੋਸ਼ ਵਿਚ ਘਿਰਿਆ ਇਕ ਮਾਮੂਲੀ ਪਲਟਰ ਇਨ੍ਹੀਂ ਦਿਨੀਂ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਖੁਦ ਨੂੰ ਹੌਜ਼ਰੀ ਵਪਾਰੀ ਦਸਦਾ ਹੈ। ਜਦੋਂ ਕਿ ਪੁਲਸ ਦੀ ਗ੍ਰਿਫਤ ਵਿਚ ਆਉਣ ਵਾਲੇ ਛੋਟੇ ਪਲਟਰ ਪੁੱਛਗਿੱਛ ਦੌਰਾਨ ਉਕਤ ਬੁੱਕੀਜ਼ ਦੇ ਦੇਸ਼-ਵਿਦੇਸ਼ ਵਿਚ ਸਬੰਧਾਂ ਦੀਆਂ ਜਾਣਕਾਰੀਆਂ ਤਾਂ ਪੁਲਸ ਨੂੰ ਦੇ ਦਿੰਦੇ ਹਨ ਪਰ ਪੁਲਸ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕਰ ਸਕਦੀ। ਸ਼ਹਿਰ ਵਿਚ ਇਨ੍ਹੀਂ ਦਿਨੀਂ ਚਰਚਾ ਹੈ ਕਿ ਆਪਣੇ ਨਾਲ ਬੌਂਸਰਾਂ ਦਾ ਟੋਲਾ ਲੈ ਕੇ ਚੱਲਣ ਵਾਲੇ ਇਸ ਬੁੱਕੀ ਨੇ ਪਿਛਲੇ ਮਹੀਨੇ ਸ਼ਹਿਰ ਦੇ ਇਕ ਪਾਸ਼ ਇਲਾਕੇ ਵਿਚ ਕਰੋੜਾਂ ਰੁਪਏ ਦੀ ਜਾਇਦਾਦ ਕਾਊਂਟਰ ਪੇਮੈਂਟ 'ਤੇ ਖਰੀਦੀ। ਤਿੰਨ ਸਾਲ ਪਹਿਲਾਂ ਇਸਦੇ ਕੋਲ ਖਾਣ ਨੂੰ ਰੋਟੀ ਤਕ ਨਹੀਂ ਸੀ। ਇਹ ਉਹੀ ਲੋਕ ਹਨ ਜਿਨ੍ਹਾਂ ਨੇ ਆਪਣੇ ਘਰ ਤਾਂ ਭਰ ਲਏ ਪਰ ਸੈਂਕੜੇ ਛੋਟੇ ਮੋਟੇ ਵਪਾਰੀਆਂ ਨੂੰ ਸੱਟੇ ਦੀ ਲਤ ਲਗਾ ਕੇ ਬਰਬਾਦੀ ਦੀ ਕਗਾਰ 'ਤੇ ਲਿਆ ਖੜ੍ਹਾ ਕੀਤਾ।
ਵੇਖੋ ਫਿਰੋਜ਼ਪੁਰ ਸ਼ਹਿਰ ਨਗੀਨਾ, ਮੀਂਹ ਇਕ ਦਿਨ ਚਿੱਕੜ ਮਹੀਨਾ... (ਵੀਡੀਓ)
NEXT STORY