ਮਾਛੀਵਾੜਾ ਸਾਹਿਬ(ਟੱਕਰ, ਸਚਦੇਵਾ)- ਸਥਾਨਕ ਇੰਦਰਾ ਕਾਲੋਨੀ ਨਿਵਾਸੀ ਰਣਜੀਤ ਸਿੰਘ ਵਲੋਂ ਜਮਾਲਪੁਰ ਨਿਵਾਸੀ ਮਨਦੀਪ ਕੌਰ ਨਾਲ ਪ੍ਰੇਮ ਵਿਆਹ ਕਰਨ ਉਪਰੰਤ ਨਾਰਾਜ਼ ਲੜਕੀ ਦੇ ਪੇਕਿਆਂ ਵਲੋਂ ਲੰਘੀ 12 ਅਪ੍ਰੈਲ ਨੂੰ ਆਪਣੇ ਜਵਾਈ ਦੇ ਘਰ 'ਤੇ ਹਮਲਾ ਕਰ ਦਿੱਤਾ ਗਿਆ ਸੀ ਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਨਾਲ ਜ਼ਖਮੀ ਹੋਏ ਦਾਦੇ ਦੀ ਮੌਤ ਹੋ ਗਈ। ਪ੍ਰੇਮ ਵਿਆਹ ਕਰਵਾਉਣ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਲੰਘੀ 23 ਮਾਰਚ ਨੂੰ ਉਸਨੇ ਜਮਾਲਪੁਰ ਨਿਵਾਸੀ ਮਨਦੀਪ ਕੌਰ ਨਾਲ ਚੰਡੀਗੜ੍ਹ ਹਾਈਕੋਰਟ ਜਾ ਕੇ ਪ੍ਰੇਮ ਵਿਆਹ ਕਰਵਾਇਆ ਸੀ। ਉਸਨੇ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰ ਇਸ ਵਿਆਹ ਤੋਂ ਨਾਖੁਸ਼ ਸਨ ਤੇ 12 ਅਪ੍ਰੈਲ ਦੀ ਰਾਤ ਨੂੰ 2.30 ਵਜੇ ਉਸਦਾ ਸਾਲਾ ਬੱਗਾ, ਸਾਂਢੂ ਬਲਜਿੰਦਰ ਸਿੰਘ ਤੇ ਹੋਰ 4 ਅਣÎਪਛਾਤੇ ਵਿਅਕਤੀਆਂ ਨੇ ਕਿਰਪਾਨਾਂ ਅਤੇ ਡੰਡਿਆਂ ਨਾਲ ਉਸਦੇ ਘਰ 'ਤੇ ਹਮਲਾ ਕਰ ਦਿੱਤਾ ਤੇ ਘਰ 'ਚ ਦਾਖਲ ਹੋ ਕੇ ਉਸਦੇ ਪਿਤਾ, ਦਾਦਾ, ਭਰਾ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਹ ਉਸਦੀ ਪਤਨੀ ਮਨਦੀਪ ਕੌਰ ਨੂੰ ਜ਼ਬਰਦਸਤੀ ਅਗਵਾ ਕਰਕੇ ਲੈ ਗਏ। ਰਿਸ਼ਤੇਦਾਰਾਂ ਵਲੋਂ ਸਾਰੇ ਹੀ ਜ਼ਖਮੀਆਂ ਨੂੰ ਮਾਛੀਵਾੜਾ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਦਕਿ ਉਸਦੇ ਦਾਦੇ ਕਰਤਾਰ ਸਿੰਘ ਨੂੰ ਸਮਰਾਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ।
ਨੌਜਵਾਨ ਰਣਜੀਤ ਸਿੰਘ ਤੇ ਉਸਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਪ੍ਰੇਮ ਵਿਆਹ ਕਾਰਨ ਹੀ ਦਾਦੇ ਕਰਤਾਰ ਸਿੰਘ ਦੀ ਕੀਤੀ ਕੁੱਟਮਾਰ ਕਾਰਨ ਅੱਜ ਉਸ ਦੀ ਮੌਤ ਹੋਈ ਹੈ ਅਤੇ ਉਨ੍ਹਾਂ ਪੁਲਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਥਾਣਾ ਮੁਖੀ ਦਰਸ਼ਨ ਸਿੰਘ ਨੇ ਦੱਸਿਆ ਕਿ ਕਰਤਾਰ ਸਿੰਘ ਦੇ ਪੋਸਟਮਾਰਟਮ ਉਪਰੰਤ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੜਕੀ ਦਾ ਭਰਾ ਅਤੇ ਉਸਦੇ 2 ਹੋਰ ਦੋਸਤ ਗ੍ਰਿਫਤਾਰ ਕਰ ਲਏ ਗਏ ਹਨ ਜਦਕਿ ਬਾਕੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਆਪਣੇ ਪਤੀ ਦੇ ਹੱਕ 'ਚ ਨਿੱਤਰੀ ਲੜਕੀ-ਰਣਜੀਤ ਸਿੰਘ ਨਾਲ ਜਮਾਲਪੁਰ ਦੀ ਪ੍ਰੇਮ ਵਿਆਹ ਕਰਵਾਉਣ ਵਾਲੀ ਲੜਕੀ ਮਨਦੀਪ ਕੌਰ ਵੀ ਆਪਣੇ ਪਤੀ ਅਤੇ ਸਹੁਰੇ ਦੇ ਹੱਕ 'ਚ ਨਿੱਤਰੀ। ਉਸਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦਾ ਭਰਾ ਤੇ ਹੋਰ ਰਿਸ਼ਤੇਦਾਰ ਇਸ ਪ੍ਰੇਮ ਵਿਆਹ ਤੋਂ ਨਾਖੁਸ਼ ਸਨ ਜਿਸ ਕਾਰਨ 12 ਅਪ੍ਰੈਲ ਨੂੰ ਉਹ ਹਮਲਾ ਕਰਕੇ ਉਸ ਨੂੰ ਅਗਵਾ ਕਰਕੇ ਲੈ ਗਏ ਸਨ।
ਮਨਦੀਪ ਕੌਰ ਨੇ ਦੋਸ਼ ਲਗਾਇਆ ਕਿ ਉਸਦੇ ਪੇਕੇ ਪਰਿਵਾਰ ਵਲੋਂ ਅਗਵਾ ਕਰਨ ਤੋਂ ਬਾਅਦ ਵਕੀਲ ਕੋਲ ਜਾ ਕੇ ਝੂਠੇ ਬਿਆਨ ਵੀ ਕਰਵਾਏ ਤੇ ਫਿਰ ਉਸਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਰੋਪੜ ਲੈ ਗਏ ਪਰ ਉਹ ਉਥੋਂ ਕਿਸੇ ਤਰੀਕੇ ਉਨ੍ਹਾਂ ਦੇ ਚੁੰਗਲ 'ਚੋਂ ਨਿਕਲ ਆਈ ਤੇ ਫਿਰ ਆਪਣੇ ਪਤੀ ਕੋਲ ਪਹੁੰਚ ਗਈ। ਉਸਨੇ ਵੀ ਦੋਸ਼ ਲਗਾਇਆ ਕਿ ਕਰਤਾਰ ਸਿੰਘ ਦੀ ਮੌਤ ਉਸਦੇ ਪੇਕੇ ਪਰਿਵਾਰ ਵਲੋਂ ਕੁੱਟਮਾਰ ਕਾਰਨ ਹੋਈ ਹੈ।
ਮਨਮੋਹਨ-ਬਾਦਲ ਮਿਲਣੀ ਨੇ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਕੀਤਾ ਹੰਗਾਮਾ
NEXT STORY