ਫਤਿਹਗੜ੍ਹ ਸਾਹਿਬ (ਜਗਦੇਵ)-ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਰਾਲੀ ਦੀ ਸੁਚੱਜੀ ਸੰਭਾਲ ਲਈ ਅਪਣਾਏ ਗਏ ਪਿੰਡ ਥਾਬਲਾਂ ਵਿਖੇ ਹੈਪੀ ਸੀਡਰ ਨਾਲ ਕਣਕ ਦੀ ਸਿੱਧੀ ਬੀਜਾਈ ਲਈ ਖੇਤ ਪ੍ਰਦਰਸ਼ਨੀ ਲਾਈ ਗਈ, ਜਿਸ ਵਿਚ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਦੀ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਵਿਪਨ ਕੁਮਾਰ ਰਾਮਪਾਲ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਹਾਨੀਕਾਰਕ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜਿਹਡ਼ੀਆਂ ਸਾਡੇ ਵਾਤਾਵਰਣ ਲਈ ਇਕ ਗੰਭੀਰ ਸਮੱਸਿਆ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਪਰਾਲੀ ਵਿਚ ਮੌਜੂਦ ਜ਼ਰੂਰੀ ਤੱਤਾਂ ਅਤੇ ਸੂਖਮ ਜੀਵਾਂ ਦਾ ਖਾਤਮਾ ਹੋ ਜਾਂਦਾ ਹੈ, ਜਿਸ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਉਨ੍ਹਾਂ ਕਿਹਾ ਕਿ ਹੈਪੀ ਸੀਡਰ ਨਾਲ ਪਰਾਲੀ ਨੂੰ ਬਿਨਾਂ ਜਲਾਏ ਅਤੇ ਘੱਟ ਲਾਗਤ ਨਾਲ ਕਣਕ ਦੀ ਬੀਜਾਈ ਕੀਤੀ ਜਾ ਸਕਦੀ ਹੈ ਜਿਸ ਨਾਲ ਵਾਤਾਵਰਣ ਪ੍ਰਦੂਸ਼ਣ ਨੂੰ ਵੀ ਠੱਲ੍ਹ ਪਾਈ ਜਾ ਸਕਦੀ ਹੈ। ®ਇਸ ਮੌਕੇ ਸਹਾਇਕ ਪ੍ਰੋਫੈਸਰ ਪੌਦ ਸੁਰੱਖਿਆ ਡਾ. ਰੀਤ ਵਰਮਾ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਕਣਕ ਦੀ ਬੀਜਾਈ ਝੋਨੇ ਦੀ ਫਸਲ ਦੀ ਬਚੀ ਹੋਈ ਨਮੀ ਵਿਚ ਕੀਤੀ ਜਾ ਸਕਦੀ ਹੈ, ਜਿਸ ਨਾਲ ਕਣਕ ਨੂੰ ਇਕ ਸਿੰਚਾਈ ਘੱਟ ਲਗਦੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਸਿੱਧੀ ਬੀਜਾਈ ਕਰਨ ਨਾਲ ਨਦੀਨ ਨਾਸ਼ਕਾਂ ਉਪਰ ਆਉਣ ਵਾਲੇ ਖਰਚਿਆਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ, ਕਿਉਂਕਿ ਇਨ੍ਹਾਂ ਖੇਤਾਂ ਵਿਚ ਸਿਰਫ ਤੀਜਾ ਹਿੱਸਾ ਹੀ ਨਦੀਨ ਜੰਮ ਪਾਉਂਦੇ ਹਨ। ਇੰਜੀਨੀਅਰ ਗੁਰਨਾਜ ਸਿੰਘ ਗਿੱਲ ਨੇ ਕਿਹਾ ਕਿ ਝੋਨੇ ਦੀ ਕਟਾਈ ਸਿਰਫ ਉਨ੍ਹਾਂ ਕੰਬਾਇਨਾਂ ਨਾਲ ਹੀ ਕਰਵਾਉਣੀ ਚਾਹੀਦੀ ਹੈ, ਜਿਨ੍ਹਾਂ ਦੇ ਪਿੱਛੇ ਐੱਸ.ਐੱਮ.ਐੱਸ. ਸਿਸਟਮ ਲੱਗਿਆ ਹੋਇਆ ਹੋਵੇ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਵਾਸੀਆਂ ਲਈ ਹੈਪੀ ਸੀਡਰ ਵੀ ਮੁਹੱਈਆ ਕਰਵਾਇਆ ਗਿਆ। ਪਿੰਡ ਦੇ ਅਗਾਂਹਵਧੂ ਕਿਸਾਨ ਸ. ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਥਾਬਲਾਂ ਵਿਖੇ ਕਰੀਬ 150 ਏਕਡ਼ ਤੋਂ ਵੱਧ ਰਕਬੇ ਵਿਚ ਹੈਪੀ ਸੀਡਰ ਨਾਲ ਕਣਕ ਦੀ ਬੀਜਾਈ ਕੀਤੀ ਜਾ ਚੁੱਕੀ ਹੈ।
ਦੁਨੀਆ ਭਰ ’ਚ ਪੈਰ ਪਸਾਰ ਰਿਹਾ ਇਕ ਖਤਰਨਾਕ ਰੋਗ ‘ਡਾਇਬਟੀਜ਼’
NEXT STORY