ਜਲੰਧਰ (ਰਾਕੇਸ਼ ਬਹਿਲ, ਸੋਮਨਾਥ ਕੈਂਥ) — ਸੁਰੇਸ਼ ਕੁਮਾਰ ਕਾਂਡ ਵਿਚ ਸਿਰਫ 3 ਹੀ ਕਿਰਦਾਰ ਨਹੀਂ, ਸਗੋਂ ਕੁਝ ਹੋਰ ਕਿਰਦਾਰ ਵੀ ਹਨ। ਕਾਂਡ ਦੀ ਸਕ੍ਰਿਪਟ ਚੰਡੀਗੜ੍ਹ ਦੇ ਇਕ ਸਰਕਾਰੀ ਕਲੱਬ ਵਿਚ ਬੈਠ ਕੇ ਲਿਖੀ ਗਈ ਸੀ। ਅਜਿਹੀ ਚਰਚਾ ਹੈ ਕਿ ਸਕ੍ਰਿਪਟ ਲਿਖਦੇ ਸਮੇਂ ਇਸ ਦੇ ਕਿਹੜੇ ਪਾਤਰ ਨੇ ਕੀ ਕਰਨਾ ਹੈ, ਇਹ ਤੈਅ ਕਰ ਲਿਆ ਗਿਆ ਸੀ। ਹਰ ਕਹਾਣੀ ਦਾ ਇਕ ਥੀਮ ਹੁੰਦਾ ਹੈ। ਇਸ ਦਾ ਇਕ ਥੀਮ ਇਹ ਸੀ-ਮਿਸ਼ਨ ਕੈਪਟਨ ਅਮਰਿੰਦਰ ਸਿੰਘ ਅਤੇ ਨਿਸ਼ਾਨਾ ਸੀ ਸੁਰੇਸ਼ ਕੁਮਾਰ। ਇਸ ਸਕ੍ਰਿਪਟ ਨੂੰ ਲਿਖਣ ਵਾਲੇ ਪੰਜਾਬ ਸਰਕਾਰ ਦੇ ਪੁਰਾਣੇ ਸ਼ਾਤਰ ਨੌਕਰਸ਼ਾਹਾਂ ਨੇ ਪਹਿਲਾਂ ਤੋਂ ਹੀ ਇਹ ਤੈਅ ਕਰ ਲਿਆ ਸੀ ਕਿ ਕਿਸੇ ਵੀ ਤਰ੍ਹਾਂ ਇਸ ਦਾ ਅੰਤ ਦੁਖਦਾਈ ਹੋਣਾ ਚਾਹੀਦਾ ਹੈ, ਇਸ ਲਈ ਪੂਰੀ ਤਿਆਰੀ ਨਾਲ ਸਾਰੀ ਕਹਾਣੀ ਤਿਆਰ ਕੀਤੀ ਗਈ।
ਸੂਤਰ ਦੱਸਦੇ ਹਨ ਕਿ ਸਰਕਾਰ ਦੇ ਬਣਦਿਆਂ ਹੀ 10 ਸਾਲ ਤੋਂ ਸੱਤਾ ਦਾ ਸੁੱਖ ਭੋਗ ਰਹੇ ਕੁਝ ਅਧਿਕਾਰੀਆਂ ਨੇ ਕੈਪਟਨ ਸਰਕਾਰ ਨੂੰ ਫਲਾਪ ਕਰਵਾਉਣ ਦੇ ਮਨਸੂਬੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਸਨ। ਸਰਕਾਰ 16 ਮਾਰਚ 2017 ਨੂੰ ਬਣੀ ਸੀ। ਸਰਕਾਰ ਦੇ ਸਹੁੰ ਚੁੱਕਦਿਆਂ ਹੀ ਸਭ ਤੋਂ ਵੱਡੀ ਚੁਣੌਤੀ ਫਸਲ ਦੀ ਖਰੀਦ ਕਰਨਾ ਸੀ। 'ਆਪ' ਨੂੰ ਸੱਤਾ ਤਾਂ ਨਹੀਂ ਮਿਲੀ ਪਰ ਹੁਣ ਮੌਕੇ ਨੂੰ ਉਹ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ ਸੀ, ਇਸ ਲਈ ਪਹਿਲੇ ਦਿਨ ਤੋਂ ਉਹ ਹਮਲਾਵਰ ਹੋ ਗਈ। ਇਸ ਲਾਬੀ ਵਿਚ ਅਧਿਕਾਰੀਆਂ ਦੇ ਨਾਲ-ਨਾਲ ਕੁਝ ਵਿਧਾਇਕ ਵੀ ਸ਼ਾਮਲ ਹਨ। ਇਨ੍ਹਾਂ ਦਾ ਇਕੋ-ਇਕ ਮਕਸਦ ਆਪਣਾ ਦਖਲ ਵਧਾ ਕੇ ਸਰਕਾਰ ਨੂੰ ਫੇਲ ਕਰਨਾ ਹੈ, ਜੋ ਸੁਰੇਸ਼ ਕੁਮਾਰ ਦੇ ਹੁੰਦਿਆਂ ਨਹੀਂ ਹੋ ਰਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਕਹਾਣੀ ਦੇ ਪਾਤਰਾਂ ਵਿਚ ਤਿੰਨ ਪੁਲਸ ਅਫਸਰ ਵੀ ਸ਼ਾਮਲ ਹਨ। ਇਹ ਤਿੰਨੇ ਮੁੱਖ ਮੰਤਰੀ ਦੇ ਬਹੁਤ ਨੇੜੇ ਹਨ। ਇਕ ਹਰ ਪਲ ਉਨ੍ਹਾਂ ਦੇ ਨਾਲ ਰਹਿੰਦਾ ਹੈ। 2 ਕਿਸੇ ਸਮੇਂ ਸੀ. ਐੱਮ. ਦੇ ਖਾਸ ਸਲਾਹਕਾਰ ਰਹੇ ਹਨ। ਸੁਰੇਸ਼ ਕੁਮਾਰ ਦੀ ਇਨ੍ਹਾਂ ਤਿੰਨਾਂ ਨਾਲ ਨਹੀਂ ਬਣਦੀ ਸੀ, ਇਸ ਲਈ ਇਹ ਤਿੰਨੇ ਵੀ ਇਸ ਖੇਡ ਵਿਚ ਸ਼ਾਮਲ ਹੋ ਗਏ। ਇਨ੍ਹਾਂ ਤਿੰਨਾਂ ਨੇ ਕਾਫੀ ਸਮਾਂ ਪਾਵਰ ਤੋਂ ਬਾਹਰ ਰਹੇ ਇਕ ਹੋਰ ਪੁਲਸ ਅਧਿਕਾਰੀ ਨੂੰ ਵੀ ਆਪਣੇ ਨਾਲ ਮਿਲਾ ਲਿਆ। ਇਸ ਅਧਿਕਾਰੀ ਨੇ ਹੀ ਇਸ ਕਹਾਣੀ ਦਾ ਅੰਤ ਤੈਅ ਕੀਤਾ।
ਸੂਤਰਾਂ ਦਾ ਕਹਿਣਾ ਹੈ ਕਿ ਇਕ ਅਧਿਕਾਰੀ ਜੋ ਇਕ ਵੱਡੇ ਅਹੁਦੇ ਦਾ ਦਾਅਵੇਦਾਰ ਸੀ, ਨੂੰ ਸੁਰੇਸ਼ ਕੁਮਾਰ ਨੇ ਵੱਡਾ ਅਹੁਦਾ ਨਹੀਂ ਲੈਣ ਦਿੱਤਾ। ਉਹ ਵੀ ਇਸ ਟੀਮ ਵਿਚ ਸ਼ਾਮਲ ਹੋ ਗਿਆ। ਇਹ ਸਭ ਪਾਤਰ ਆਪਣਾ-ਆਪਣਾ ਕੰਮ ਕਰ ਰਹੇ ਸਨ। ਇਨ੍ਹਾਂ ਦਾ ਮੁੱਖ ਕੰਮ ਮਾਹੌਲ ਨੂੰ ਤਿਆਰ ਕਰਨਾ ਸੀ। ਮਾਹੌਲ ਸੁਰੇਸ਼ ਕੁਮਾਰ ਦੇ ਵਿਰੁੱਧ ਬਣਾਉਣਾ ਸੀ ਕਿਉਂਕਿ ਇਨ੍ਹਾਂ ਨੂੰ ਸੁਰੇਸ਼ ਕੁਮਾਰ ਦਾ ਪਤਾ ਹੈ ਕਿ ਉਹ ਕਿਸੇ ਵਿਵਾਦ ਵਿਚ ਨਹੀਂ ਪੈਣਾ ਚਾਹੁੰਦੇ, ਇਸ ਲਈ ਪਟੀਸ਼ਨ ਦੇ ਦਾਇਰ ਹੁੰਦਿਆਂ ਹੀ ਸਭ ਆਪਣੇ ਕੰਮਾਂ ਵਿਚ ਲੱਗ ਗਏ। ਇਸ ਕਹਾਣੀ ਦਾ ਅੰਤ ਤੈਅ ਕਰਨ ਵਿਚ ਮੁੱਖ ਮੰਤਰੀ ਦੇ ਇਕ ਖਾਸ ਕਾਨੂੰਨੀ ਮਾਹਿਰ ਨੇ ਅਹਿਮ ਭੂਮਿਕਾ ਨਿਭਾਈ। ਸੁਰੇਸ਼ ਕੁਮਾਰ ਨੂੰ ਇਸ ਬਾਰੇ ਜਾਣਕਾਰੀ ਸੀ। ਸੁਰੇਸ਼ ਕੁਮਾਰ ਦਾ ਆਪਣੇ ਵਰਗੇ ਪਾਵਰਫੁੱਲ ਆਦਮੀ ਨਾਲ ਕਾਫੀ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ। ਇਸ ਦਾ ਕਾਰਨ ਇਹ ਸੀ ਕਿ ਸੁਰੇਸ਼ ਕੁਮਾਰ ਚਾਹੁੰਦੇ ਸਨ ਕਿ ਸਾਰਾ ਕੰਮ ਸਿਸਟਮ ਨਾਲ ਹੋਵੇ, ਇਸ ਲਈ ਕਈ ਵਾਰ ਉਕਤ ਵਿਅਕਤੀ ਨੂੰ ਉਨ੍ਹਾਂ ਨੇ ਰੋਕਿਆ ਵੀ ਤੇ ਕਿਹਾ ਕਿ ਸਿਸਟਮ ਵਿਚ ਦਖਲ-ਅੰਦਾਜ਼ੀ ਨਹੀਂ ਚੱਲੇਗੀ। ਇਸ ਕਾਰਨ ਸ਼ੁਰੂ ਹੋ ਗਈ ਪਾਵਰ ਸੈਂਟਰਾਂ ਦੀ ਲੜਾਈ। ਇਸ ਪਾਵਰਫੁੱਲ ਕਿਰਦਾਰ ਨੂੰ ਵੀ ਬਦਲਾ ਲੈਣ ਦਾ ਮੌਕਾ ਮਿਲ ਗਿਆ।
ਇਸ ਨੇ ਆਪਣਾ ਕੰਮ ਕਰ ਦਿੱਤਾ। ਪਟੀਸ਼ਨ ਦਾਇਰ ਹੋਣ ਪਿੱਛੋਂ ਜਦੋਂ ਸੁਰੇਸ਼ ਕੁਮਾਰ ਨੇ ਆਪਣਾ ਅਸਤੀਫਾ ਦਿੱਤਾ ਤਾਂ ਉਨ੍ਹਾਂ ਸੀ.ਐੱਮ. ਦੇ ਸਾਹਮਣੇ ਉਸ ਦਾ ਨਾਂ ਵੀ ਲਿਆ। ਸੂਤਰ ਦੱਸਦੇ ਹਨ ਕਿ ਸੀ. ਐੱਮ. ਦਾ ਬੇਹੱਦ ਖਾਸ ਰਿਹਾ ਇਕ ਸਲਾਹਕਾਰ ਵੀ ਅੰਦਰਖਾਤੇ ਇਸ ਖੇਡ ਵਿਚ ਸ਼ਾਮਲ ਹੈ।
ਇਕ ਕਾਰਨ ਇਹ ਵੀ ਹੋ ਸਕਦੈ
ਕਾਂਗਰਸ ਦੇ ਇਕ ਸੀਨੀਅਰ ਵਿਧਾਇਕ ਦਾ ਕਹਿਣਾ ਹੈ ਕਿ ਸੁਰੇਸ਼ ਕੁਮਾਰ ਕਾਰਨ ਸਿੰਚਾਈ ਵਿਭਾਗ ਵਿਚ ਚੱਲ ਰਿਹਾ ਵੱਡਾ ਘਪਲਾ ਸਾਹਮਣੇ ਆਇਆ ਸੀ। ਕਈ ਹੋਰ ਮਾਮਲਿਆਂ ਦੀ ਜਾਂਚ ਉਹ ਕਰਵਾ ਰਹੇ ਸਨ। ਇਹ ਵੀ ਇਕ ਕਾਰਨ ਹੈ ਕਿ ਭ੍ਰਿਸ਼ਟ ਲਾਬੀ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਰਾਹ ਤੋਂ ਹਟਾਉਣਾ ਚਾਹੁੰਦੀ ਸੀ, ਇਸ ਲਈ ਇਹ ਲਾਬੀ ਪਟੀਸ਼ਨ ਦਾਇਰ ਹੋਣ ਤੋਂ ਬਾਅਦ ਮਾਹੌਲ ਬਣਾ ਰਹੀ ਸੀ। ਇਸ ਵਿਧਾਇਕ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ 77 ਵਿਧਾਇਕਾਂ 'ਚੋਂ ਘੱਟੋ-ਘੱਟ 70 ਵਿਧਾਇਕ ਸੁਰੇਸ਼ ਕੁਮਾਰ ਦੇ ਹੱਕ 'ਚ ਸੀ. ਐੱਮ. ਨੂੰ ਲਿਖ ਕੇ ਦੇਣ ਦਾ ਮਨ ਬਣਾ ਰਹੇ ਹਨ।
ਸੁਰੇਸ਼ ਕੁਮਾਰ ਦੇ ਰਹਿੰਦਿਆਂ ਕੈਪਟਨ ਵਿਰੁੱਧ ਕੰਮ ਕਰ ਰਹੀ ਅਫਸਰਸ਼ਾਹੀ ਹੋ ਰਹੀ ਸੀ ਫੇਲ
ਸਰਕਾਰ ਦੇ ਬਣਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕਣਕ ਦੀ ਖਰੀਦ ਸੀ। 10 ਸਾਲ ਸੱਤਾ ਵਿਚ ਰਹੇ ਅਕਾਲੀ ਦਲ ਦੇ ਕੁਝ ਖਾਸ ਅਧਿਕਾਰੀ ਅਮਰਿੰਦਰ ਸਰਕਾਰ ਨੂੰ ਫੇਲ ਕਰਨ ਦੀ ਰਣਨੀਤੀ ਤਿਆਰ ਕਰ ਰਹੇ ਸਨ। ਆਮ ਆਦਮੀ ਪਾਰਟੀ ਵੀ ਫਸਲ ਦੀ ਖਰੀਦ ਸੰਬੰਧੀ ਰਾਜਪਾਲ ਨਾਲ ਮਿਲਣ ਪਹੁੰਚ ਗਈ ਪਰ ਸੁਰੇਸ਼ ਕੁਮਾਰ ਦੀ ਰਣਨੀਤੀ ਸਾਹਮਣੇ ਸਭ ਫੇਲ ਹੋ ਗਏ।
ਕੇਂਦਰ 'ਚ ਭਾਜਪਾ ਸਰਕਾਰ ਹੋਣ ਦੇ ਬਾਵਜੂਦ ਸੁਰੇਸ਼ ਕੁਮਾਰ ਨੇ ਕੈਸ਼ ਕ੍ਰੈਡਿਟ ਲਿਮਿਟ ਬਣਵਾ ਦਿੱਤੀ। ਕਿਸਾਨਾਂ ਨੂੰ ਪ੍ਰੇਸ਼ਾਨੀ ਵੀ ਨਹੀਂ ਹੋਈ ਤੇ ਮੰਡੀਆਂ 'ਚੋਂ ਫਸਲ ਵੀ ਚੁੱਕੀ ਗਈ। ਇਸ ਪਿੱਛੋਂ ਆਂਗਣਵਾੜੀ ਮੁਲਾਜ਼ਮਾਂ ਨੇ ਵੀ ਹੜਤਾਲ ਕੀਤੀ। ਉਸ ਦਾ ਵੀ ਸੁਰੇਸ਼ ਕੁਮਾਰ ਨੇ ਤੁਰੰਤ ਹੱਲ ਕਰ ਦਿੱਤਾ। ਅਜਿਹੇ ਕਈ ਮੌਕੇ 10 ਮਹੀਨਿਆਂ ਦੌਰਾਨ ਆਏ, ਜਦੋਂ ਸਰਕਾਰ ਕੁਸ਼ਲ ਪ੍ਰਸ਼ਾਸਨ ਦੇ ਜ਼ੋਰ 'ਤੇ ਬਾਹਰ ਨਿਕਲੀ।
ਇਹ ਮਾਮਲਾ ਜਿੰਨਾ ਸਿੱਧਾ ਨਜ਼ਰ ਆ ਰਿਹੈ, ਓਨਾ ਹੈ ਨਹੀਂ
ਇਸ ਕਾਂਡ ਦੀਆਂ ਤਾਰਾਂ ਕਈ ਅਧਿਕਾਰੀਆਂ ਨਾਲ ਸਿੱਧੇ ਤੇ ਅਸਿੱਧੇ ਤੌਰ 'ਤੇ ਜੁੜੀਆਂ ਹੋਈਆਂ ਹਨ। ਅਧਿਕਾਰੀ ਕਈ ਗਰੁੱਪਾਂ 'ਚ ਵੰਡੇ ਹੋਏ ਹਨ। ਇਹ ਗਰੁੱਪ ਹਿੰਦੂ, ਦਲਿਤ ਤੇ ਜਾਟ ਗਰੁੱਪਾਂ ਨਾਲ ਸੰਬੰਧਤ ਹਨ। ਹਮੇਸ਼ਾ ਤੋਂ ਕਿਸੇ ਨਾ ਕਿਸੇ ਗਰੁੱਪ ਦਾ ਪ੍ਰਸ਼ਾਸਨ ਤੇ ਪੁਲਸ 'ਤੇ ਕਬਜ਼ਾ ਰਿਹਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਸੀ, ਜਦੋਂ ਨਾ ਤਾਂ ਪੁਲਸ 'ਤੇ ਕੋਈ ਗਰੁੱਪ ਭਾਰੀ ਹੋ ਰਿਹਾ ਸੀ ਤੇ ਨਾ ਹੀ ਸਿਵਲ ਪ੍ਰਸ਼ਾਸਨ 'ਤੇ। ਅਜਿਹੀ ਹਾਲਤ 'ਚ ਇਨ੍ਹ੍ਹਾਂ ਗਰੁੱਪਾਂ ਨੂੰ ਚਲਾਉਣ ਵਾਲੇ ਅਧਿਕਾਰੀਆਂ ਨੂੰ ਸੁਰੇਸ਼ ਕੁਮਾਰ ਕਾਰਨ ਪ੍ਰੇਸ਼ਾਨੀ ਹੋ ਰਹੀ ਸੀ।
ਕਿਤੇ ਪੁਲਸ ਤਬਾਦਲੇ ਤਾਂ ਨਹੀਂ ਇਸ ਲੜਾਈ ਦੀ ਜੜ੍ਹ
ਗ੍ਰਹਿ ਵਿਭਾਗ ਸੀ. ਐੱਮ. ਦੇ ਕੋਲ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੁਝ ਸਮੇਂ ਤੋਂ ਇਨ੍ਹਾਂ ਤਬਾਦਲਿਆਂ 'ਚ ਸਿਆਸੀ ਦਖਲ ਘੱਟ ਹੋ ਗਿਆ ਸੀ। ਸਿਰਫ ਡੀ. ਐੱਸ. ਪੀ. ਪੱਧਰ 'ਤੇ ਆਗੂਆਂ ਦੀ ਗੱਲ ਮੰਨੀ ਜਾ ਰਹੀ ਸੀ ਤੇ ਉਹ ਵੀ ਰਿਕਾਰਡ ਦੇਖ ਕੇ। ਅਜਿਹੀ ਹਾਲਤ 'ਚ ਕਾਫੀ ਸਮਾਂ ਪੁਲਸ 'ਤੇ ਕਾਬਜ਼ ਰਹੇ ਕੁਝ ਅਧਿਕਾਰੀ ਪ੍ਰੇਸ਼ਾਨ ਹੋ ਗਏ ਸਨ। ਉਹ ਵੀ ਇਸ ਦੇ ਪਿੱਛੇ ਦਾ ਇਕ ਕਾਰਨ ਹੋ ਸਕਦੇ ਹਨ।
ਰੇਲ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ
NEXT STORY