ਹੁਸ਼ਿਆਰਪੁਰ, (ਜ.ਬ.)- ਜ਼ਿਲਾ ਪੁਲਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਥਿਤ ਤੌਰ 'ਤੇ 1 ਲੱਖ 45 ਹਜ਼ਾਰ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ 'ਚ 1 ਟਰੈਵਲ ਏਜੰਟ ਖਿਲਾਫ਼ 2 ਮਾਮਲੇ ਦਰਜ ਕੀਤੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਰਾਜ ਕੁਮਾਰ ਵਾਸੀ ਪਿੰਡ ਮਾਨਾ ਨੇ ਮੇਹਟੀਆਣਾ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੂੰ ਕੁਵੈਤ ਭੇਜਣ ਦੀ ਗੱਲ ਕਰ ਕੇ ਟਰੈਵਲ ਏਜੰਟ ਸਰਬਜੀਤ ਸਿੰਘ ਉਰਫ ਸਾਬੀ ਵਾਸੀ ਟੁੱਟ ਕਲਾਂ, ਜ਼ਿਲਾ ਜਲੰਧਰ ਨੇ ਕਥਿਤ ਤੌਰ 'ਤੇ ਉਸ ਕੋਲੋਂ 35 ਹਜ਼ਾਰ ਰੁਪਏ ਲੈ ਲਏ ਪਰ ਦੋਸ਼ੀ ਨੇ ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਇਸੇ ਤਰ੍ਹਾਂ ਨਸਰਾਲਾ ਕਸਬੇ ਦੇ ਰਹਿਣ ਵਾਲੇ ਕਰਮ ਸਿੰਘ ਨੇ ਵੀ ਥਾਣਾ ਬੁੱਲ੍ਹੋਵਾਲ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਕਤ ਟਰੈਵਲ ਏਜੰਟ ਸਰਬਜੀਤ ਸਿੰਘ ਸਾਬੀ ਨੇ ਕੁਵੈਤ ਭੇਜਣ ਲਈ ਕਥਿਤ ਤੌਰ 'ਤੇ ਉਸ ਕੋਲੋਂ 1 ਲੱਖ 10 ਹਜ਼ਾਰ ਰੁਪਏ ਅਤੇ ਉਸ ਦਾ ਪਾਸਪੋਰਟ ਲਿਆ ਸੀ। ਰੁਪਏ ਲੈਣ ਤੋਂ ਬਾਅਦ ਦੋਸ਼ੀ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਤੇ ਪਾਸਪੋਰਟ ਵਾਪਸ ਕੀਤਾ। ਜ਼ਿਲਾ ਪੁਲਸ ਮੁਖੀ ਦੇ ਹੁਕਮਾਂ 'ਤੇ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਸ਼ਿਕਾਇਤ ਦੀ ਜਾਂਚ ਕੀਤੀ ਸੀ। ਜਾਂਚ ਰਿਪੋਰਟ ਆਉਣ ਤੋਂ ਬਾਅਦ ਥਾਣਾ ਮੇਹਟੀਆਣਾ ਤੇ ਬੁੱਲ੍ਹੋਵਾਲ ਦੀ ਪੁਲਸ ਨੇ ਮਾਮਲੇ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੱਕੀ ਡਰਾਅ ਦੇ ਨਾਂ 'ਤੇ ਕਰੋੜਾਂ ਦੀ ਠੱਗੀ
NEXT STORY