ਖਰੜ (ਰਣਬੀਰ) : ਇੱਥੋਂ ਦੇ ਨਿਊ ਸੰਨੀ ਇਨਕਲੇਵ ਜਲਵਾਯੂ ਟਾਵਰਜ਼ ਦੇ ਅੰਦਰ 11ਵੀਂ ਜਮਾਤ 'ਚ ਪੜ੍ਹਦੀ ਨਾਬਾਲਗ ਕੁੜੀ ਵਲੋਂ 13ਵੀਂ ਮੰਜ਼ਿਲ ਤੋਂ ਛਾਲ ਮਾਰ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਖਰੜ ਪੁਲਸ ਮੌਕੇ 'ਤੇ ਪੁੱਜ ਗਈ ਅਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਨਾਬਾਲਗ ਕੁੜੀ ਦੀ ਪਛਾਣ ਇਮਨਪ੍ਰੀਤ ਕੌਰ (16) ਵਾਸੀ ਨਵ ਫਲੋਰ, ਸੰਨੀ ਐਨਕਲੇਵ, ਸੈਕਟਰ 125 ਦੀ ਵਜੋਂ ਹੋਈ ਹੈ ਅਤੇ ਉਹ ਮੋਹਾਲੀ ਫੇਜ਼-2 ਵਿੱਚ ਸਥਿਤ ਇੱਕ ਸਕੂਲ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਸੀ। ਉਹ ਹਰ ਰੋਜ਼ ਦੀ ਤਰ੍ਹਾਂ ਸਕੂਲ ਲਈ ਗਈ ਸੀ ਪਰ ਸਮੇਂ 'ਤੇ ਵਾਪਸ ਘਰ ਨਹੀਂ ਪਰਤੀ।
ਉਸਦੀ ਭਾਲ ਕਰਦੇ ਜਿਵੇਂ ਘਰ ਵਾਲੇ ਜਲਵਾਯੂ ਟਾਵਰਜ਼ ਦੇ ਐਂਟਰੀ ਗੇਟ ਨੇੜੇ ਪੁੱਜੇ ਤਾਂ ਉਸਦੀ ਐਕਟਿਵਾ ਖੜ੍ਹੀ ਵੇਖੀ। ਜਦੋਂ ਉਨ੍ਹਾਂ ਅੰਦਰ ਦੇਖਿਆ ਤਾਂ ਸੋਸਾਇਟੀ 'ਚ ਕੁੱਝ ਹਲਚਲ ਦੇਖਣ ਨੂੰ ਮਿਲੀ ਅਤੇ ਉਨ੍ਹਾਂ ਦੀ ਧੀ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਮਨਪ੍ਰੀਤ ਨੇ ਬਲਾਕ ਦੀ 13ਵੀਂ ਮੰਜ਼ਿਲ 'ਤੇ ਆਪਣੀਆਂ ਚੱਪਲਾਂ ਉਤਾਰੀਆਂ ਅਤੇ ਥੱਲੇ ਛਾਲ ਮਾਰ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਵਲੋਂ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੋਹਾਲੀ ਫੇਜ਼-6 ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ।
ਮੁੱਢਲੀ ਜਾਂਚ ਵਿੱਚ ਇਮਨਪ੍ਰੀਤ ਦੀ ਜੇਬ 'ਚੋਂ ਐਕਟਿਵਾ ਦੀ ਚਾਬੀ ਮਿਲੀ ਪਰ ਉਸਦਾ ਮੋਬਾਇਲ ਫੋਨ, ਕੋਈ ਹੋਰ ਸਾਮਾਨ ਜਾਂ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਦੀ ਧੀ ਪੂਰੀ ਤਰ੍ਹਾਂ ਠੀਕ-ਠਾਕ ਸੀ, ਜੋ ਅੱਜ ਰੋਜ਼ਾਨਾ ਵਾਂਗ ਹੀ ਸਕੂਲ ਲਈ ਗਈ ਸੀ। ਉਨ੍ਹਾਂ ਦੀ ਧੀ ਨਾਲ ਇਹ ਸਭ ਕਿੰਝ ਅਤੇ ਕਿਵੇਂ ਵਾਪਰਿਆ, ਉਨ੍ਹਾਂ ਨੂੰ ਕੋਈ ਅੰਦਾਜ਼ਾ ਤੱਕ ਨਹੀਂ ਹੈ। ਪੁਲਸ ਵਲੋਂ ਇਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਫ਼ਿਰ ਸ਼ੁਰੂ ਹੋਈ ਅਕਾਲੀ-ਭਾਜਪਾ ਗੱਠਜੋੜ ਦੀ ਚਰਚਾ! ਇਸ ਗੱਲ 'ਤੇ ਫਸਿਆ ਪੇਚ
NEXT STORY