ਗੁਰਦਾਸਪੁਰ , (ਵਿਨੋਦ, ਦੀਪਕ)- ਨਸ਼ੇ ਦੀ ਪੂਰਤੀ ਦੇ ਲਈ ਟਿਊਬਵੈੱਲ ਮੋਟਰਾਂ ਚੋਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਸੀ.ਆਈ.ਏ. ਸਟਾਫ ਗੁਰਦਾਸਪੁਰ ਨੇ ਚੋਰੀ ਦੀਆਂ ਤਿੰਨ ਟਿਊਬਵੈੱਲ ਮੋਟਰਾਂ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।ਇਸ ਸਬੰਧੀ ਸੀ.ਆਈ.ਏ. ਸਟਾਫ ਗੁਰਦਾਸਪੁਰ ਦੇ ਇੰਚਾਰਜ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਗੁਰਦਰਸ਼ਨ ਸਿੰਘ ਪੁਲਸ ਪਾਰਟੀ ਦੇ ਨਾਲ ਕਲਾਨੌਰ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਕਿ ਕਿਸੇ ਮੁਖਬਰ ਨੇ ਪੁਲਸ ਪਾਰਟੀ ਨੂੰ ਸੂਚਿਤ ਕੀਤਾ ਕਿ ਦੋ ਦੋਸ਼ੀ ਇਲਾਕੇ ਵਿਚ ਟਿਊਬਵੈੱਲ ਮੋਟਰਾਂ ਚੋਰੀ ਕਰਕੇ ਨਸ਼ੇ ਦੀ ਪੂਰਤੀ ਦੇ ਲਈ ਸਾਮਾਨ ਖਰੀਦ ਕੇ ਨਸ਼ਾ ਪੂਰਤੀ ਕਰਦੇ ਹਨ।
ਦੋਸ਼ੀ ਅੱਜ ਵੀ ਇਕ ਚੋਰੀ ਦੀ ਮੋਟਰ ਦੇ ਨਾਲ ਮੋਟਰਸਾਈਕਲ 'ਤੇ ਕਲਾਨੌਰ ਆ ਰਹੇ ਹਨ ਤਾਂ ਕਿ ਮੋਟਰ ਨੂੰ ਵੇਚਿਆ ਜਾ ਸਕੇ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਰੁਡਿਆਨਾ ਮੋੜ 'ਤੇ ਨਾਕਾ ਲਾਇਆ। ਜਿਵੇਂ ਹੀ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨ ਆਉਂਦੇ ਦਿਖਾਈ ਦਿੱਤੇ ਤਾਂ ਉਨ੍ਹਾਂ ਨੂੰ ਜਦ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪਾਰਟੀ ਨੇ ਦੋਸ਼ੀਆਂ 'ਤੇ ਕਾਬੂ ਪਾ ਲਿਆ। ਉਨ੍ਹਾਂ ਦੇ ਕੋਲੋਂ ਇਕ ਤਿੰਨ ਹਾਰਸਪਾਵਰ ਦੀ ਟਿਊਬਵੈੱਲ ਮੋਟਰ ਬਰਾਮਦ ਹੋਈ, ਜੋ ਉਨ੍ਹਾਂ ਨੇ ਚੋਰੀ ਕੀਤੀ ਸੀ ਅਤੇ ਕਲਾਨੌਰ ਵੇਚਣ ਦੇ ਲਈ ਜਾ ਰਹੇ ਸਨ। ਦੋਸ਼ੀਆਂ ਦੀ ਪਛਾਣ ਗੁਰਮੁੱਖ ਸਿੰਘ ਪੁੱਤਰ ਨਰਿੰਦਰ ਸਿੰਘ ਨਿਵਾਸੀ ਪਿੰਡ ਰੋਸਾ ਅਤੇ ਸਤਨਾਮ ਸਿੰਘ ਪੁੱਤਰ ਮੰਗਤ ਸਿੰਘ ਨਿਵਾਸੀ ਪਿੰਡ ਖਦਰ ਦੇ ਰੂਪ ਵਿਚ ਹੋਈ। ਇਨ੍ਹਾਂ ਤੋਂ ਪੁੱਛ-ਗਿਛ ਦੇ ਆਧਾਰ 'ਤੇ ਸਟਾਫ ਨੇ ਚੋਰੀ ਕੀਤੀਆਂ ਦੋ ਹੋਰ ਮੋਟਰਾਂ ਬਰਾਮਦ ਕੀਤੀਆਂ ਜੋ ਇਨ੍ਹਾਂ ਨੇ ਪਿੰਡ ਰੋਸਾ ਤੇ ਲਖਣਕਲਾਂ ਦੇ ਖੇਤਾਂ ਤੋਂ ਚੋਰੀ ਕੀਤੀਆਂ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਸਤਨਾਮ ਸਿੰਘ ਦੇ ਵਿਰੁੱਧ ਸਾਲ 2015 'ਚ ਇਕ ਮਹਿਲਾ ਦੇ ਨਾਲ ਛੇੜਛਾੜ ਕਰਨ ਦਾ ਕੇਸ ਵੀ ਦਰਜ ਹੈ, ਜਦਕਿ ਦੋਵੇਂ ਹੀ ਦੋਸ਼ੀ ਨਸ਼ੇੜੀ ਹਨ। ਇਨ੍ਹਾਂ ਤੋਂ ਪੁੱਛ-ਗਿਛ ਜਾਰੀ ਹੈ।
ਮੋਟਰਸਾਈਕਲ ਡਿਵਾਈਡਰ ਨਾਲ ਟਕਰਾਇਆ, 1 ਦੀ ਮੌਤ
NEXT STORY