ਕਪੂਰਥਲਾ, (ਭੂਸ਼ਣ) - ਬੈਂਕ ਆਫ ਇੰਡੀਆ ਦੇ ਕਪੂਰਥਲਾ ਬ੍ਰਾਂਚ 'ਚ 1.50 ਕਰੋੜ ਰੁਪਏ ਦਾ ਫਰਜ਼ੀ ਡਰਾਫਟ ਜਮ੍ਹਾ ਕਰਵਾ ਕੇ ਧੋਖਾਦੇਹੀ ਕਰਨ ਦੀ ਕੋਸ਼ਿਸ਼ ਦੇ ਮਾਮਲੇ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ 2 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ । ਜਾਣਕਾਰੀ ਅਨੁਸਾਰ ਬੈਂਕ ਆਫ ਇੰਡੀਆ ਕਪੂਰਥਲਾ ਬ੍ਰਾਂਚ ਦੇ ਆਸਿਟੈਂਟ ਮੈਨੇਜਰ ਸਤੀਸ਼ ਕੁਮਾਰ ਕਕੜ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਤਜਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਪਿੰਡ ਕੁਤਬੇਵਾਲ ਥਾਣਾ ਤਲਵੰਡੀ ਚੌਧਰੀਆਂ ਤੇ ਡੈਨੀਅਲ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਅਲੌਦੀਪੁਰ ਥਾਣਾ ਕੋਤਵਾਲੀ ਨੇ ਉਨ੍ਹਾਂ ਦੀ ਬੈਂਕ 'ਚ 1 ਮਾਰਚ 2014 ਨੂੰ ਪਾਰਸ ਐਂਡ ਕੰਪਨੀ ਕੁਤਬੇਵਾਲ ਦੇ ਨਾਂ 'ਤੇ ਇਕ ਖਾਤਾ ਖੋਲ੍ਹਿਆ ਸੀ ।
ਇਸ ਦੌਰਾਨ 31 ਮਾਰਚ 2014 ਨੂੰ ਉਕਤ ਦੋਵੇਂ ਵਿਅਕਤੀ ਤਜਿੰਦਰ ਸਿੰਘ ਤੇ ਡੈਨੀਅਲ ਉਨ੍ਹਾਂ ਦੀ ਬੈਂਕ 'ਚ ਆਏ ਤੇ 1.50 ਕਰੋੜ ਰੁਪਏ ਦੀ ਰਕਮ ਦਾ ਇਕ ਬੈਂਕ ਡਰਾਫਟ ਜੋ ਕਿ ਬੈਂਕ ਆਫ ਇੰਡੀਆ ਮਹਾਰਾਸ਼ਟਰ ਦੀ ਬ੍ਰਾਂਚ ਤੋਂ ਜਾਰੀ ਹੋਇਆ ਸੀ, ਨੂੰ ਜਮ੍ਹਾ ਕਰਵਾਇਆ । ਜਿਸ ਨੂੰ ਲੈ ਕੇ ਜਦੋਂ ਉਨ੍ਹਾਂ ਨੇ ਉਕਤ ਬੈਂਕ ਸ਼ਾਖਾ ਤੋਂ ਇਸ ਡਰਾਫਟ ਸਬੰਧੀ ਜਾਣਕਾਰੀ ਹਾਸਲ ਕੀਤੀ ਤਾਂ ਜਾਂਚ ਦੌਰਾਨ ਉਕਤ ਬੈਂਕ ਸ਼ਾਖਾ ਨੇ ਦੱਸਿਆ ਕਿ ਉਨ੍ਹਾਂ ਦੀ ਬ੍ਰਾਂਚ ਨੇ ਅਜਿਹਾ ਕੋਈ ਡਰਾਫਟ ਜਾਰੀ ਨਹੀਂ ਕੀਤਾ । ਸ਼ਿਕਾਇਤਕਰਤਾ ਨੇ ਦੱਸਿਆ ਕਿ ਫਰਜ਼ੀ ਡਰਾਫਟ ਦੇਕੇ ਉਕਤ ਵਿਅਕਤੀਆਂ ਵਲੋਂ ਧੋਖਾਦੇਹੀ ਦੀ ਕੋਸ਼ਿਸ਼ ਕੀਤੀ ਹੈ । ਐੱਸ. ਐੱਸ. ਪੀ. ਕਪੂਰਥਲਾ ਨੇ ਪੂਰੇ ਮਾਮਲੇ ਨੂੰ ਆਰਥਿਕ ਅਪਰਾਧ ਸ਼ਾਖਾ ਨੂੰ ਜਾਂਚ ਦੇ ਹੁਕਮ ਦਿੱਤੇ ਹਨ ਜਾਂਚ ਦੌਰਾਨ ਦੋਵੇਂ ਮੁਲਜ਼ਮਾਂ ਤਜਿੰਦਰ ਸਿੰਘ ਤੇ ਡੈਨੀਅਲ ਖਿਲਾਫ ਲੱਗੇ ਸਾਰੇ ਦੋਸ਼ ਠੀਕ ਪਾਏ ਗਏ । ਜਿਸ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਥਾਣਾ ਸਿਟੀ 'ਚ ਮਾਮਲਾ ਦਰਜ ਕਰ ਲਿਆ ਗਿਆ ।
ਡਾ. ਅੰਬੇਡਕਰ ਦੇ ਬੁੱਤ ਤੋੜਣ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਕੱਢੀ ਭੜਾਸ
NEXT STORY