ਚੰਡੀਗੜ੍ਹ (ਪਾਲ) - ਪੀ. ਜੀ. ਆਈ. ਨੇ ਇਸ ਸਾਲ ਦਾ ਦੂਜਾ ਆਰਗਨ ਟਰਾਂਸਪਲਾਂਟ ਕਰਨ ਨਾਲ ਹੀ ਪਹਿਲੀ ਵਾਰ ਕਿਸੇ ਮਰੀਜ਼ ਨੂੰ ਇਕੱਠਿਆਂ ਲਿਵਰ ਤੇ ਕਿਡਨੀ ਟਰਾਂਸਪਲਾਂਟ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਹੁਣ ਤਕ ਪੀ. ਜੀ. ਆਈ. ਵਿਚ ਜਿੰਨੇ ਵੀ ਬਰੇਨ ਡੈੱਡ ਮਰੀਜ਼ਾਂ ਦੇ ਆਰਗਨ ਟਰਾਂਸਪਲਾਂਟ ਕੀਤੇ ਗਏ ਹਨ, ਉਨ੍ਹਾਂ ਵਿਚ ਕਿਸੇ ਵਿਚ ਵੀ ਇਕੱਠਿਆਂ ਲਿਵਰ ਤੇ ਕਿਡਨੀ ਟਰਾਂਸਪਲਾਂਟ ਨਹੀਂ ਹੋਇਆ ਸੀ। ਸਾਲ ਦੇ ਦੂਜੇ ਆਰਗਨ ਟਰਾਂਸਪਲਾਂਟ ਦੀ ਬਦੌਲਤ ਤਿੰਨ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ ਹੈ।
ਪੀ. ਜੀ. ਆਈ. ਡਾਇਰੈਕਟਰ ਪ੍ਰੋ. ਜਗਤ ਰਾਮ ਅਨੁਸਾਰ ਤਾਂ ਹੁਣ ਤਕ ਹਸਪਤਾਲ ਦੀ ਸਰਜਰੀ ਟੀਮ ਨੇ ਕਈ ਲੋਕਾਂ ਨੂੰ ਆਰਗਨ ਟਰਾਂਸਪਲਾਂਟ ਕੀਤੇ ਹਨ ਪਰ ਇਸ ਤਰ੍ਹਾਂ ਦੀ ਸਰਜਰੀ ਕਾਫੀ ਮੁਸ਼ਕਲ ਸੀ। ਜਿਹੜੇ 40 ਸਾਲਾ ਮਰੀਜ਼ ਨੂੰ ਆਰਗਨ ਟਰਾਂਸਪਲਾਂਟ ਕੀਤੇ ਗਏ ਹਨ, ਉਹ ਪ੍ਰਕਿਰਿਆ ਕਾਫੀ ਔਖੀ ਸੀ। ਡਾਕਟਰਾਂ ਅਨੁਸਾਰ ਇਕ ਆਰਗਨ ਟਰਾਂਸਪਲਾਂਟ ਕਰਨ ਵਿਚ ਹੀ ਕਾਫੀ ਦਿੱਕਤਾਂ ਆਉਂਦੀਆਂ ਹਨ ਤੇ ਅਜਿਹੇ 'ਚ ਕਿਸੇ ਮਰੀਜ਼ ਨੂੰ ਦੋ ਵੱਡੇ ਆਰਗਨ ਟਰਾਂਸਪਲਾਂਟ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ। ਮਰੀਜ਼ ਨੂੰ ਕਾਫੀ ਟੈਸਟਾਂ 'ਚੋਂ ਲੰਘਣਾ ਪਿਆ, ਜਿਸ ਤੋਂ ਬਾਅਦ ਕਿਤੇ ਜਾ ਕੇ ਉਸਨੂੰ ਇਸਦੇ ਲਈ ਚੁਣਿਆ ਗਿਆ। 12 ਤੋਂ ਜ਼ਿਆਦਾ ਸਰਜਨਾਂ ਦੀ ਟੀਮ ਦੇ ਨਾਲ ਹੀ ਜੂਨੀਅਰ ਰੈਜ਼ੀਡੈਂਟਸ, ਟੈਕਨੀਕਲ ਅਤੇ ਨਰਸਿੰਗ ਸਟਾਫ ਤੇ ਆਰਗਨ ਟਰਾਂਸਪਲਾਂਟ ਕੋਆਰਡੀਨੇਟਰ ਦੀ ਟੀਮ ਨੇ 10 ਘੰਟਿਆਂ ਦੀ ਮਿਹਨਤ ਤੋਂ ਬਾਅਦ ਇਸ ਟਰਾਂਸਪਲਾਂਟ ਨੂੰ ਪੂਰਾ ਕੀਤਾ ਹੈ।
17 ਸਾਲਾ ਲੜਕੀ ਦੇ ਆਰਗਨ ਟਰਾਂਸਪਲਾਂਟ
24 ਜਨਵਰੀ ਨੂੰ ਲੁਧਿਆਣਾ ਦੀ ਰਹਿਣ ਵਾਲੀ ਸੋਨਮ (ਬਦਲਿਆ ਹੋਇਆ ਨਾਂ) ਇਕ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਸੀ, ਜਿਸ ਤੋਂ ਬਾਅਦ 25 ਜਨਵਰੀ ਨੂੰ ਸਥਾਨਕ ਹਸਪਤਾਲ ਤੋਂ ਸੋਨਮ ਨੂੰ ਗੰਭੀਰ ਰੂਪ ਵਿਚ ਪੀ. ਜੀ. ਆਈ. ਰੈਫਰ ਕੀਤਾ ਗਿਆ ਸੀ। ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਇਲਾਜ ਦੇ ਬਾਵਜੂਦ ਉਸਨੂੰ ਡਾਕਟਰਾਂ ਨੇ 2 ਫਰਵਰੀ ਨੂੰ ਬਰੇਨ ਡੈੱਡ ਐਲਾਨ ਦਿੱਤਾ ਸੀ, ਜਿਸ ਤੋਂ ਬਾਅਦ ਪੀ. ਜੀ. ਆਈ. ਆਰਗਨ ਟਰਾਂਸਪਲਾਂਟ (ਰੋਟੋ) ਦੀ ਟੀਮ ਨੇ ਉਸਦੇ ਵਾਰਸਾਂ ਨੂੰ ਆਰਗਨ ਡੋਨੇਟ ਲਈ ਪੁੱਛਿਆ ਤਾਂ ਉਨ੍ਹਾਂ ਨੇ ਇਸਦੇ ਲਈ ਸਹਿਮਤੀ ਦਿੱਤੀ। 17 ਸਾਲਾ ਲੜਕੀ ਦੀ ਬਦੌਲਤ ਇਕ ਮਰੀਜ਼ ਨੂੰ ਲਿਵਰ ਤੇ ਕਿਡਨੀ, ਦੂਜੇ ਨੂੰ ਕਿਡਨੀ ਤੇ ਤੀਸਰੇ ਨੂੰ ਦਿਲ ਟਰਾਂਸਪਲਾਂਟ ਕੀਤਾ ਗਿਆ।
ਦਿਲ ਭੇਜਿਆ ਦਿੱਲੀ
ਲਿਵਰ ਤੇ ਕਿਡਨੀ ਟਰਾਂਸਪਲਾਂਟ ਕਰਨ ਤੋਂ ਬਾਅਦ ਦਿਲ ਦਾ ਮੈਚਿੰਗ ਰਿਸੀਪਿਐਂਟ ਡਾਕਟਰਾਂ ਨੂੰ ਪੀ. ਜੀ. ਆਈ. ਵਿਚ ਨਹੀਂ ਮਿਲ ਸਕਿਆ ਸੀ, ਜਿਸ ਲਈ ਰੋਟੋ ਨੇ ਨੈਸ਼ਨਲ ਆਰਗਨ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ (ਨੋਟੋ) ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਦਿੱਲੀ ਵਿਚ ਮੈਚਿੰਗ ਰਿਸੀਪਿਐਂਟ ਹੋਣ ਦਾ ਪਤਾ ਲੱਗਾ। ਪੀ. ਜੀ. ਆਈ. ਤੋਂ ਏਅਰਪੋਰਟ ਤਕ ਗਰੀਨ ਕੋਰੀਡੋਰ ਬਣਾ ਕੇ ਦਿਲ ਨੂੰ ਦਿੱਲੀ ਪਹੁੰਚਾਇਆ ਗਿਆ, ਜਿਥੇ ਮਰੀਜ਼ ਨੂੰ ਦਿਲ ਟਰਾਂਸਪਲਾਂਟ ਕੀਤਾ ਗਿਆ ਹੈ।
...ਮੈਂ ਉਡੀਕਦਾ ਰਿਹਾ ਪਰ ਅੰਮ੍ਰਿਤਪਾਲ ਨਾ ਆਇਆ
NEXT STORY