ਫਿਰੋਜ਼ਪੁਰ/ਗੁਰੂਹਰਸਹਾਏ, (ਕੁਮਾਰ, ਮਲਹੋਤਰਾ, ਆਵਲਾ)— ਥਾਣਾ ਸਦਰ ਜ਼ੀਰਾ, ਅਮੀਰਖਾਸ ਅਤੇ ਕੈਂਟ ਫਿਰੋਜ਼ਪੁਰ ਦੀ ਪੁਲਸ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿਚ ਨਸ਼ੇ ਵਾਲੀਆਂ ਗੋਲੀਆਂ, ਚੂਰਾ-ਪੋਸਤ ਅਤੇ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇਕ ਅਣਪਛਾਤਾ ਮੋਟਰਸਾਈਕਲ ਸਵਾਰ ਵਿਅਕਤੀ ਫਰਾਰ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਜ਼ੀਰਾ ਦੇ ਏ. ਐੱਸ. ਆਈ. ਜੁਗਰਾਜ ਸਿੰਘ ਨੇ ਦੱਸਿਆ ਕਿ ਪਿੰਡ ਮਹੀਆਂ ਵਾਲਾ ਕਲਾਂ ਦੇ ਇਲਾਕੇ ਵਿਚ ਪੁਲਸ ਨੇ ਜਗਜੀਤ ਸਿੰਘ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 1200 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਦੂਸਰੇ ਪਾਸੇ ਥਾਣਾ ਅਮੀਰਖਾਸ ਦੇ ਪੁਲਸ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੋਰਗਾ ਦੇ ਇਲਾਕੇ ਵਿਚ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 2 ਵਿਅਕਤੀਆਂ ਨੂੰ ਢਾਈ-ਢਾਈ ਕਿਲੋ ਚੂਰਾ-ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਦੀਪ ਸਿੰਘ ਅਤੇ ਜੁਗਰਾਜ ਸਿੰਘ ਦੇ ਰੂਪ ਵਿਚ ਹੋਈ ਹੈ।
ਇਸੇ ਤਰ੍ਹਾਂ ਥਾਣਾ ਫਿਰੋਜ਼ਪੁਰ ਕੈਂਟ ਦੀ ਪੁਲਸ ਨੇ ਹੌਲਦਾਰ ਜਗਤਾਰ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ 40 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦੇਖਦੇ ਹੀ ਅਣਪਛਾਤਾ ਮੋਟਰਸਾਈਕਲ ਸਵਾਰ ਵਿਅਕਤੀ ਸ਼ਰਾਬ ਅਤੇ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ, ਜਿਸ ਦੀ ਭਾਲ ਲਈ ਪੁਲਸ ਕਾਰਵਾਈ ਕਰ ਰਹੀ ਹੈ। ਨਾਮਜ਼ਦ ਵਿਅਕਤੀਆਂ ਖਿਲਾਫ ਪੁਲਸ ਨੇ ਮੁਕੱਦਮੇ ਦਰਜ ਕੀਤੇ ਹਨ।
ਕੁੱਟ-ਮਾਰ ਦੀਆਂ ਘਟਨਾਵਾਂ 'ਚ ਅੱਧਾ ਦਰਜਨ ਵਿਅਕਤੀ ਫੱਟੜ
NEXT STORY