ਸੁਲਤਾਨਪੁਰ ਲੋਧੀ (ਧੀਰ, ਸੋਢੀ, ਅਸ਼ਵਨੀ) - ਵਿਦੇਸ਼ਾਂ ਦੀ ਚਮਕ-ਧਮਕ ਅਤੇ ਸੁਨਿਹਰੇ ਸੁਫਨੇ ਅੱਜ ਕਈ ਭਾਰਤੀ ਲੜਕੀਆਂ ਲਈ ਨਰਕ ਸਾਮਾਨ ਸਾਬਤ ਹੋ ਰਹੇ ਹਨ। ਖਾਸ ਤੌਰ ’ਤੇ ਓਮਾਨ ਵਰਗੇ ਦੇਸ਼ਾਂ ’ਚ ਨੌਕਰੀ ਦੇ ਝੂਠੇ ਵਾਅਦਿਆਂ ਰਾਹੀਂ ਮਨੁੱਖੀ ਸਮੱਗਲਿੰਗ ਦਾ ਇਕ ਭਿਆਨਕ ਜਾਲ ਫੈਲ ਚੁੱਕਾ ਹੈ, ਜਿਸ ਦਾ ਸ਼ਿਕਾਰ ਅਕਸਰ ਗਰੀਬ ਅਤੇ ਮਜ਼ਬੂਰ ਪਰਿਵਾਰਾਂ ਦੀਆਂ ਧੀਆਂ ਬਣ ਰਹੀਆਂ ਹਨ। ਦੁੱਖਦਾਈ ਗੱਲ ਇਹ ਹੈ ਕਿ ਕਈ ਮਾਮਲਿਆਂ ’ਚ ਇਸ ਦਲਦਲ ਵਿਚ ਧੱਕਣ ਵਾਲਾ ਕੋਈ ਆਪਣੇ ਹੀ ਨਜ਼ਦੀਕੀ ਸਬੰਧੀ ਨਿਕਲਦਾ ਹੈ।
ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਲਗਾਤਾਰ ਯਤਨਾਂ ਸਦਕਾ ਓਮਾਨ ਵਿਚ ਫਸੀਆਂ 4 ਹੋਰ ਭਾਰਤੀ ਲੜਕੀਆਂ ਦੀ ਸੁਰੱਖਿਅਤ ਭਾਰਤ ਵਾਪਸੀ ਸੰਭਵ ਹੋ ਸਕੀ ਹੈ। ਇਨ੍ਹਾਂ ਵਿਚ 3 ਲੜਕੀਆਂ ਪੰਜਾਬ ਅਤੇ ਇਕ ਕੇਰਲ ਨਾਲ ਸੰਬੰਧਿਤ ਹੈ। ਇਸ ਨਾਲ ਸੰਤ ਸੀਚੇਵਾਲ ਵੱਲੋਂ ਹੁਣ ਤਕ ਵਾਪਸ ਲਿਆਂਦੀਆਂ ਗਈਆਂ ਲੜਕੀਆਂ ਦੀ ਗਿਣਤੀ 130 ਤੱਕ ਪਹੁੰਚ ਗਈ ਹੈ।
ਪੀੜਤਾ ਨੇ ਦੱਸਿਆ ਕਿ ਭਾਰੀ ਮਿਹਨਤ ਦੇ ਬਾਵਜੂਦ ਉਸਨੂੰ ਤਨਖਾਹ ਨਹੀਂ ਦਿੱਤੀ ਗਈ। ਛੋਟੀਆਂ-ਛੋਟੀਆਂ ਗੱਲਾਂ ’ਤੇ ਮਾਰਕੁੱਟ, ਤਸ਼ੱਦਦ ਅਤੇ ਅਣਮਨੁੱਖੀ ਸਲੂਕ ਸਹਿਣਾ ਪੈਂਦਾ ਸੀ। ਜਦੋਂ ਉਸਨੇ ਭਾਰਤ ਵਾਪਸ ਜਾਣ ਦੀ ਮੰਗ ਕੀਤੀ ਤਾਂ ਸਪਾਂਸਰਾਂ ਵੱਲੋਂ ਲੱਖਾਂ ਰੁਪਏ ਦੀ ਮੰਗ ਕੀਤੀ ਗਈ ਜਾਂ ਹੋਰ ਲੜਕੀਆਂ ਭੇਜਣ ਲਈ ਦਬਾਅ ਬਣਾਇਆ ਗਿਆ।
ਪੀੜਤਾ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਓਮਾਨ ਵਿਚ ਅਜੇ ਵੀ ਕਰੀਬ 100 ਭਾਰਤੀ ਲੜਕੀਆਂ ਇਸੇ ਤਰ੍ਹਾਂ ਫਸੀਆਂ ਹੋਈਆਂ ਹਨ। ਉਸਨੇ ਦੱਸਿਆ ਕਿ ਜਿਵੇਂ ਹੀ ਇਕ ਲੜਕੀ ਵਾਪਸ ਜਾਂਦੀ ਹੈ, ਗਿਰੋਹ ਉਸਦੀ ਥਾਂ ਹੋਰ ਲੜਕੀਆਂ ਨੂੰ ਫਸਾ ਲੈਂਦੇ ਹਨ। ਕਾਨੂੰਨੀ ਸਖ਼ਤੀ ਵਧਣ ਕਾਰਨ ਹੁਣ ਬਿਨਾਂ ਸਪਾਂਸਰ ਦੀ ਮਨਜ਼ੂਰੀ ਦੇ ਭਾਰਤ ਵਾਪਸੀ ਲਗਭਗ ਅਸੰਭਵ ਬਣ ਚੁੱਕੀ ਹੈ।
ਰਿਸ਼ਤੇ ਤਾਰ-ਤਰ : ਭੈਣ ਨੇ ਹੀ ਸੀ ਫਸਾਇਆ ਫਿਰ ਆਪ ਆ ਗਈ ਭਾਰਤ
ਅੱਜ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿਚ ਸੰਤ ਸੀਚੇਵਾਲ ਨੂੰ ਮਿਲਣ ਪਹੁੰਚੀ ਕਪੂਰਥਲਾ ਜ਼ਿਲੇ ਦੀ ਇਕ ਪੀੜਤਾ ਨੇ ਆਪਣੀ ਦਰਦਨਾਕ ਹੱਡਬੀਤੀ ਸਾਂਝੀ ਕੀਤੀ। ਉਸਨੇ ਦੱਸਿਆ ਕਿ ਉਹ ਮਈ 2024 ਵਿਚ ਆਪਣੀ ਇਕ ਰਿਸ਼ਤੇਦਾਰ ਭੈਣ ਦੇ ਕਹਿਣ ’ਤੇ ਓਮਾਨ ਗਈ ਸੀ ਪਰ ਉਹ ਭੈਣ ਨੇ ਉਸਨੂੰ ਉੱਥੇ ਫਸਾ ਕੇ ਖੁਦ ਭਾਰਤ ਵਾਪਸੀ ਆ ਗਈ।
ਉਸਨੇ ਦੱਸਿਆ ਕਿ ਓਮਾਨ ਪਹੁੰਚਦੇ ਹੀ ਉਸਦਾ ਪਾਸਪੋਰਟ ਜ਼ਬਰਦਸਤੀ ਖੋਹ ਲਿਆ ਗਿਆ ਅਤੇ ਦੋ ਸਾਲਾਂ ਦੇ ਜ਼ਬਰਦਸਤੀ ਇਕਰਾਰਨਾਮਿਆਂ ’ਤੇ ਦਸਤਖ਼ਤ ਕਰਵਾ ਲਏ ਗਏ।
ਜ਼ਿਕਰਯੋਗ ਹੈ ਕਿ ਦਸੰਬਰ ਮਹੀਨੇ ਦੌਰਾਨ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਲਗਭਗ 70 ਲੜਕੀਆਂ ਬਾਰੇ ਲਿਖਤੀ ਜਾਣਕਾਰੀ ਦਿੱਤੀ ਗਈ ਸੀ। ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਦਿੱਲੀ ਏਅਰਪੋਰਟ ’ਤੇ ਵਧੀ ਸਖ਼ਤੀ ਕਾਰਨ ਇਹ ਗਿਰੋਹ ਲੜਕੀਆਂ ਨੂੰ ਮੁੰਬਈ ਰਾਹੀਂ ਵਿਦੇਸ਼ ਭੇਜ ਰਹੇ ਹਨ, ਤਾਂ ਜੋ ਕਾਨੂੰਨੀ ਜਾਂਚ ਤੋਂ ਬਚਿਆ ਜਾ ਸਕੇ।
ਬਿਨਾਂ ਪੂਰੀ ਜਾਂਚ-ਪੜਤਾਲ ਕੀਤੇ ਕਿਸੇ ਏਜੰਟ ’ਤੇ ਭਰੋਸਾ ਨਾ ਕਰੋ : ਸੰਤ ਸੀਚੇਵਾਲ
ਵਿਦੇਸ਼ ਮੰਤਰਾਲੇ ਅਤੇ ਓਮਾਨ ਸਥਿਤ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦਿਆਂ ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅੰਤਰਰਾਸ਼ਟਰੀ ਮਨੁੱਖੀ ਸਮੱਗਲਿੰਗ ਵਿਚ ਸ਼ਾਮਲ ਗਿਰੋਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਬਿਨਾਂ ਪੂਰੀ ਜਾਂਚ-ਪੜਤਾਲ ਕਿਸੇ ਏਜੰਟ ਜਾਂ ਝੂਠੇ ਵਾਅਦਿਆਂ ’ਤੇ ਭਰੋਸਾ ਕਰਕੇ ਆਪਣੀਆਂ ਧੀਆਂ ਨੂੰ ਵਿਦੇਸ਼ ਨਾ ਭੇਜਿਆ ਜਾਵੇ। ਉਨ੍ਹਾਂ ਦੱਸਿਆ ਕਿ ਜਾਗਰੂਕਤਾ ਹੀ ਇਸ ਭਿਆਨਕ ਅਪਰਾਧ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ।
ਪੰਜਾਬ ਸਰਕਾਰ ਤੋਂ ਉੱਠਿਆ ਲੋਕਾਂ ਦਾ ਭਰੋਸਾ : ਪੰਜਾਬ ਕਾਂਗਰਸ
NEXT STORY