ਲੁਧਿਆਣਾ (ਸਲੂਜਾ) - ਦੇਸ਼ ਦੇ ਅੰਨ ਭੰਡਾਰ 'ਚ ਹਰ ਸਾਲ ਆਪਣਾ ਹਿੱਸਾ ਪਾਉਂਦੇ ਆ ਰਹੇ ਕਿਸਾਨ ਦੀ ਆਰਥਿਕ ਤੌਰ 'ਤੇ ਹਾਲਤ ਇੰਨੀ ਮਾੜੀ ਤੇ ਡਾਵਾਂਡੋਲ ਹੋ ਗਈ ਹੈ ਕਿ ਉਹ ਖੁਦਕੁਸ਼ੀਆਂ ਦੇ ਰਾਹ ਤੁਰ ਪਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੰਨ 2000 ਤੋਂ ਅਪ੍ਰੈਲ 2017 ਤਕ ਦੇਸ਼ ਭਰ 'ਚ 4 ਲੱਖ ਦੇ ਲਗਭਗ ਕਿਸਾਨਾਂ ਨੇ ਖੁਦਕੁਸ਼ੀਆਂ ਕਰ ਕੇ ਆਪਣੀ ਜ਼ਿੰਦਗੀ ਦਾ ਬੇਹੱਦ ਦੁਖਦਾਈ ਅੰਤ ਕਰ ਲਿਆ। ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਇਥੋਂ ਦਾ ਕਿਸਾਨ ਵੀ ਲਾਗਤ ਦੇ ਹਿਸਾਬ ਨਾਲ ਫਸਲਾਂ ਦੇ ਸਹੀ ਭਾਅ ਨਾ ਮਿਲਣ ਕਾਰਨ ਆਰਥਿਕ ਸੰਕਟ 'ਚ ਘਿਰ ਜਾਣ ਮਗਰੋਂ ਖੁਦਕੁਸ਼ੀਆਂ ਕਰਨ ਲੱਗਾ ਹੈ। ਪੰਜਾਬ 'ਚ ਪਿਛਲੇ ਸਾਲ 6932 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ । ਅੱਜ ਹਾਲਾਤ ਇਹ ਹਨ ਕਿ ਪੰਜਾਬ 'ਚ ਹਰ ਰੋਜ਼ 2 ਤੋਂ 3 ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਇਸ 'ਚ ਸਭ ਤੋਂ ਵੱਧ ਕਪਾਹ ਪੱਟੀ ਦੇ ਕਿਸਾਨ ਸ਼ਾਮਿਲ ਹਨ। ਜਿਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਚਿੱਟੀ ਮੱਖੀ ਦੇ ਹਮਲੇ ਨੇ ਬੁਰੀ ਤਰ੍ਹਾਂ ਕੰਗਾਲ ਕਰ ਕੇ ਰੱਖ ਦਿੱਤਾ ਸੀ। ਅੱਜ ਵੀ ਇਸ ਇਲਾਕੇ ਦੇ ਕਿਸਾਨ ਕਰਜ਼ੇ ਦੀ ਪੰਡ ਭਾਰੀ ਹੋਣ ਕਾਰਨ ਬੜੇ ਹੀ ਔਖੇ ਦੌਰ 'ਚੋਂ ਲੰਘ ਰਹੇ ਹਨ।
ਪੰਜਾਬ ਦੇ ਮਾਲਵਾ ਇਲਾਕੇ 'ਚ ਸਭ ਤੋਂ ਵੱਧ ਖੁਦਕੁਸ਼ੀਆਂ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਆਰਥਿਕ ਸੰਕਟ ਕਾਰਨ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਪੰਜਾਬ ਦੇ ਮਾਲਵਾ ਇਲਾਕੇ ਦੇ ਤਹਿਤ ਪੈਂਦੇ ਬਠਿੰਡਾ, ਮਾਨਸਾ, ਮੋਗਾ, ਬਰਨਾਲਾ, ਸ੍ਰੀ ਮੁਕਤਸਰ ਸਾਹਿਬ, ਅਬੋਹਰ, ਫਾਜ਼ਿਲਕਾ, ਲੁਧਿਆਣਾ ਆਦਿ ਸ਼ਹਿਰਾਂ/ਪਿੰਡਾਂ ਦੇ ਕਿਸਾਨਾਂ ਵਲੋਂ ਕੀਤੀਆਂ ਗਈਆਂ ਹਨ। ਇਹ ਦੌਰ ਲਗਾਤਾਰ ਜਾਰੀ ਹੈ।
ਤਿੰਨ ਯੂਨੀਵਰਸਿਟੀਆਂ ਦੇ ਵਿਗਿਆਨੀ ਖੁਦਕੁਸ਼ੀਆਂ ਦੇ ਕਾਰਨਾਂ ਦਾ ਪਤਾ ਲਾਉਣ 'ਚ ਲੱਗੇ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜੀ ਵਿਗਿਆਨੀਆਂ ਦੇ ਮਾਹਿਰਾਂ 'ਤੇ ਆਧਾਰਿਤ ਟੀਮ ਵਲੋਂ ਖੁਦਕੁਸ਼ੀਆਂ ਦੇ ਕਾਰਨਾਂ ਦਾ ਪਤਾ ਲਗਾ ਕੇ ਬਕਾਇਦਾ ਸਰਕਾਰ ਨੂੰ ਰਿਪੋਰਟ ਸੌਂਪੀ ਜਾ ਰਹੀ ਹੈ। ਇਨ੍ਹਾਂ ਕਾਰਨਾਂ 'ਚ ਪ੍ਰਮੁੱਖ ਤੌਰ 'ਤੇ ਗਰੀਬੀ ਕਰਜ਼ਾ, ਫਸਲਾਂ ਦਾ ਸਹੀ ਮੁੱਲ ਤੇ ਮੰਡੀਕਰਨ ਨਾ ਹੋਣਾ, ਨਸ਼ੇ ਤੇ ਅਨਪੜ੍ਹਤਾ ਆਦਿ ਸ਼ਾਮਿਲ ਹਨ। ਇਸ ਦੇ ਲਈ ਸਰਕਾਰ ਇਸ ਟੀਮ ਨੂੰ ਲੱਖਾਂ ਰੁਪਏ ਦਾ ਫੰਡ ਵੀ ਮੁਹੱਈਆ ਕਰਵਾ ਰਹੀ ਹੈ।
ਪੀ. ਏ. ਯੂ. ਦੇ ਵਿਗਿਆਨਿਕ ਕਿਸਾਨਾਂ ਨੂੰ ਮੋਟੀਵੇਟ ਕਰਨ ਲੱਗੇ
ਕੇਂਦਰ ਸਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੇ. ਏ. ਯੂ.) ਦੇ ਵਿਗਿਆਨਿਕਾਂ ਨੂੰ ਇਕ ਅਜਿਹਾ ਪ੍ਰਾਜੈਕਟ ਦਿੱਤਾ ਹੈ ਜਿਸ ਦੇ ਤਹਿਤ ਉਹ ਆਰਥਿਕ ਸੰਕਟ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਵਾਲੇ ਕਿਸਾਨਾਂ ਨੂੰ ਇਕ ਖੁਸ਼ਹਾਲ ਜੀਵਨ ਜੀਊਣ ਲਈ ਮੋਟੀਵੇਟ ਕਰਨ 'ਚ ਲੱਗੇ ਹਨ। ਉਨ੍ਹਾਂ ਨੂੰ ਵਿਗਿਆਨਿਕ ਇਹ ਟਿਪਸ ਦੇ ਰਹੇ ਹਨ ਕਿ ਉਹ ਕਿਸ ਤਰ੍ਹਾਂ ਆਪਣੀ ਆਮਦਨ ਮੁਤਾਬਕ ਖਰਚ ਕਰ ਕੇ ਜ਼ਿੰਦਗੀ ਜੀਊਣ ਨਾਲ ਭਵਿੱਖ ਲਈ ਬੱਚਤ ਵੀ ਕਰ ਸਕਦੇ ਹਨ। ਇਹ ਵੀ ਸਮਝਾਇਆ ਜਾ ਰਿਹਾ ਹੈ ਕਿ ਦਿਖਾਵੇ 'ਚ ਕੁੱਝ ਨਹੀਂ ਰੱਖਿਆ, ਇਸ ਲਈ ਉਹ ਵਿਆਹ ਜਾਂ ਬਿਨਾਂ ਲੋੜ ਦੇ ਟ੍ਰੈਕਟਰ ਦੀ ਖਰੀਦ ਲਈ ਕਰਜ਼ਾ ਨਾ ਲੈਣ। ਨਸ਼ਿਆਂ ਤੋਂ ਦੂਰ ਰਹਿਣ।
ਕਿਸਾਨ ਖੁਦਕੁਸ਼ੀਆਂ ਰੋਕਣ 'ਚ ਮੋਦੀ ਸਰਕਾਰ ਫੇਲ : ਕਾਂਗਰਸ
NEXT STORY