ਡੇਹਲੋਂ, (ਡਾ. ਪ੍ਰਦੀਪ)— ਥਾਣਾ ਡੇਹਲੋਂ ਦੇ ਪਿੰਡ ਰਣੀਆਂ ਦੇ 3 ਵਿਅਕਤੀਆਂ ਸਣੇ 4 ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਜਾਣ ਦੀ ਖਬਰ ਹੈ, ਜਦਕਿ ਇਕ ਵਿਅਕਤੀ ਲੁਧਿਆਣਾ ਦੇ ਇਕ ਹਸਪਤਾਲ ਵਿਖੇ ਜ਼ੇਰੇ ਇਲਾਜ ਦੱਸਿਆ ਜਾਂਦਾ ਹੈ।
ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਡੇਹਲੋਂ ਪੁਲਸ ਨੇ ਇਕ ਵਿਅਕਤੀ ਸੁਖਵਿੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਰਣੀਆਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ, ਜਦਕਿ ਤਿੰਨ ਦੇ ਵਾਰਸਾਂ ਵੱਲੋਂ ਪੁਲਸ ਨੂੰ ਇਤਲਾਹ ਦੇਣ ਤੋਂ ਬਿਨਾਂ ਹੀ ਮ੍ਰਿਤਕਾਂ ਦਾ ਸਸਕਾਰ ਕਰ ਦਿੱਤਾ ਗਿਆ। ਇਸ ਸਬੰਧੀ ਡੇਹਲੋਂ ਪੁਲਸ ਵਲੋਂ ਇਕ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੂੰ ਪਤਾ ਉਦੋਂ ਲੱਗਾ, ਜਦ ਲੁਧਿਆਣਾ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਹਸਪਤਾਲ ਵਾਲਿਆਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ, ਨਹੀਂ ਤਾਂ ਇਸ ਘਟਨਾ ਦਾ ਸ਼ਾਇਦ ਪਤਾ ਵੀ ਨਾ ਲੱਗਦਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਹਲੋਂ ਦੇ ਐਡੀਸ਼ਨਲ ਥਾਣਾ ਮੁਖੀ ਮੁਹੰਮਦ ਰਸ਼ੀਦ ਨੇ ਦੱਸਿਆ ਕਿ ਪਤਾ ਲੱਗਿਆ ਹੈ ਕਿ ਇਨ੍ਹਾਂ ਸਾਰਿਆਂ ਨੇ ਇਕ ਕਟਿੰਗ ਦੀ ਦੁਕਾਨ 'ਤੇ ਬੈਠ ਕੇ ਸ਼ਰਾਬ ਪੀਤੀ ਅਤੇ ਸ਼ਰਾਬ ਪੀਣ ਤੋਂ ਬਾਅਦ ਇਨ੍ਹਾਂ ਸਾਰਿਆਂ ਦੀ ਤਬੀਅਤ ਵਿਗੜ ਗਈ, ਜਿਨ੍ਹਾਂ ਨੂੰ ਇਨ੍ਹਾਂ ਦੇ ਘਰਦਿਆਂ ਵਲੋਂ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ, ਜਿੱਥੇ 2 ਦਿਨਾਂ 'ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕੀਤੇ ਸੁਖਵਿੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਰਣੀਆਂ ਦੀ ਮੌਤ ਨਾਲ ਇਹ ਸਾਰਾ ਭੇਤ ਖੁੱਲ੍ਹ ਗਿਆ। ਇਸ ਸਬੰਧੀ ਅੱਜ ਸਬ ਇੰਸਪੈਕਟਰ ਮੁਹੰਮਦ ਰਸ਼ੀਦ ਪਿੰਡ ਰਣੀਆਂ ਗਏ ਅਤੇ ਜਾਣਕਾਰੀ ਇਕੱਤਰ ਕੀਤੀ। ਉਨ੍ਹਾਂ ਕਿਹਾ ਕਿ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਤਫਤੀਸ਼ ਤੋਂ ਬਾਅਦ ਹੀ ਪੂਰਾ ਪਤਾ ਲੱਗ ਸਕੇਗਾ।
ਹੈਰੋਇਨ ਤੇ ਨਸ਼ੇ ਵਾਲੀਆਂ ਗੋਲੀਆਂ ਸਣੇ 5 ਗ੍ਰਿਫਤਾਰ
NEXT STORY