ਅੰਮ੍ਰਿਤਸਰ- ਅੱਜ ਵੱਖ-ਵੱਖ ਪੰਥਕ ਮੁੱਦਿਆਂ ਨੂੰ ਲੈ ਕੇ 5 ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਗਈ। ਇਸ ਮੀਟਿੰਗ 'ਚ ਕਈ ਅਹਿਮ ਫ਼ੈਸਲੇ ਲਏ ਗਏ ਹਨ। ਜਿਸ 'ਚ ਪਹਿਲਾ ਫ਼ੈਸਲਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਹੋਏ ਆਦੇਸ਼ਾਂ ‘ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਇੰਦੌਰ ਦੀ ਕਰਵਾਈ ਜਾਣ ਵਾਲੀ ਚੋਣ ਪ੍ਰਕਿਰਿਆ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਜਗਜੀਤ ਸਿੰਘ (ਸੁਗਾ) ਨਾਮਜਦ ਮੈਂਬਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਇੰਦੌਰ, ਮੱਧ ਪ੍ਰਦੇਸ਼ ਨੂੰ ਵਾਰ-ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਣ ਲਈ ਬੁਲਾਇਆ ਗਿਆ ਪਰ ਹਰ ਵਾਰ ਇਹ ਆਨਾਕਾਨੀ ਕਰਕੇ ਹਾਜ਼ਰ ਨਹੀਂ ਹੋਇਆ। ਜਿਸ ‘ਤੇ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਦੀ ਪ੍ਰਬੰਧਕ ਕਮੇਟੀ ਵਿਚੋਂ ਮੈਂਬਰਸ਼ਿਪ ਖਾਰਜ ਕੀਤੀ ਜਾਂਦੀ ਹੈ ਅਤੇ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿੰਨੀ ਦੇਰ ਤੱਕ ਜਗਜੀਤ ਸਿੰਘ ਗੁਰਦੁਆਰਾ ਚੋਣ ਸਬੰਧੀ ਕੀਤੇ ਕੇਸ ਵਾਪਸ ਨਹੀਂ ਲੈਂਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣੀ ਭੁੱਲ ਨਹੀਂ ਬਖਸ਼ਾਉਂਦਾ ਉਨ੍ਹੀ ਦੇਰ ਤੱਕ ਸੰਗਤਾਂ ਇਸ ਨੂੰ ਮੂੰਹ ਨਾ ਲਗਾਉਣ।
ਇਹ ਵੀ ਪੜ੍ਹੋ- ਤਰਨਤਾਰਨ ਸ਼ਹਿਰ 'ਚ ਦੇਹ ਵਪਾਰ ਲਈ ਸੁਰੱਖਿਅਤ ਸਥਾਨ ਬਣੇ ਹੋਟਲ, ਰੋਜ਼ਾਨਾ ਲੱਖਾਂ ਰੁਪਏ ਦਾ ਖੇਡਿਆ ਜਾਂਦਾ ਜੂਆ
2. ਗੁਰਦੁਆਰਾ ਕਲਗੀਧਰ ਸਾਹਿਬ, ਕੈਨਾਲ ਕਲੋਨੀ, ਮੁਲਤਾਨੀਆਂ ਰੋਡ, ਬਠਿੰਡਾ ਵਿਖੇ ਦੋ ਲੜਕੀਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਲਾਵਾਂ ਕਰਵਾ ਕੇ ਸਮਲਿੰਗੀ ਵਿਆਹ (ਅਨੰਦ ਕਾਰਜ) ਕਰਵਾਉਣ ਸਬੰਧੀ ਕੇਸ ਵਿਚ ਇਹ ਫ਼ੈਸਲਾ ਹੋਇਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਦਾ ਲਈ ਪ੍ਰਬੰਧ ਚਲਾਉਣ ਵਿਚ ਅਯੋਗ ਕਰਾਰ ਕੀਤਾ ਜਾਂਦਾ ਹੈ, ਇਹ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿਚ ਨਹੀਂ ਆਉਣਗੇ। ਸੰਗਤਾਂ ਜਲਦ ਹੀ ਨਵੀਂ ਅੰਮ੍ਰਿਤਧਾਰੀ ਪ੍ਰਬੰਧਕ ਕਮੇਟੀ ਦੀ ਚੋਣ ਕਰਨ ਅਤੇ ਮੁੱਖ ਗ੍ਰੰਥੀ ਹਰਦੇਵ ਸਿੰਘ, ਗ੍ਰੰਥੀ ਅਜੈਬ ਸਿੰਘ, ਰਾਗੀ ਸਿਕੰਦਰ ਸਿੰਘ, ਤਬਲਾ ਵਾਦਕ ਸਤਨਾਮ ਸਿੰਘ ਨੂੰ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕਰਨ ਦੇ ਦੋਸ਼ ਵਜੋਂ ਪੰਜ ਸਾਲ ਲਈ ਬਲੈਕ ਲਿਸਟ ਕੀਤਾ ਜਾਂਦਾ ਹੈ। ਇਹ ਕਿਸੇ ਵੀ ਗੁਰਦੁਆਰਾ ਸਾਹਿਬਾਨ ਅਤੇ ਧਾਰਮਿਕ ਸਮਾਗਮਾਂ ‘ਚ ਡਿਊਟੀ ਨਹੀਂ ਕਰਨਗੇ।
3. ਗੁਰਦੁਆਰਾ ਸਿੰਘ ਸਭਾ, ਮਿਆਣੀ ਰੋਡ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੇਸ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਾਰ-ਵਾਰ ਬੁਲਾਉਣ ‘ਤੇ ਹਾਜ਼ਰ ਨਹੀਂ ਹੋਈ। ਜਿਸ ‘ਤੇ ਪੰਜ ਸਿੰਘ ਸਾਹਿਬਾਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ, ਮੀਤ ਪ੍ਰਧਾਨ ਜੋਗਿੰਦਰ ਸਿੰਘ ਅਤੇ ਸਕੱਤਰ ਕਮਲਪ੍ਰੀਤ ਸਿੰਘ ਨੂੰ ਪ੍ਰਬੰਧ ਚਲਾਉਣ ਵਿਚ ਅਯੋਗ ਕਰਾਰ ਕੀਤਾ ਹੈ।ਸਮੂਹ ਸੰਗਤਾਂ ਨੂੰ ਆਦੇਸ਼ ਹੈ ਕਿ ਇਨ੍ਹਾਂ ਨੂੰ ਕੋਈ ਮੂੰਹ ਨਾ ਲਗਾਵੇ।
ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਮਾਂ ਦੀ ਮੌਤ, ਸੜਕ ਕਿਨਾਰੇ ਵਿਲਕਦੇ ਰਹੇ ਬੱਚੇ
4. ਦਰਸ਼ਨ ਸਿੰਘ ਗੁਮਟਾਲੇ ਦੇ ਕੇਸ ਵਿਚ ਪੰਜ ਸਿੰਘ ਸਾਹਿਬਾਨ ਨੇ ਫ਼ੈਸਲਾ ਕੀਤਾ ਕਿ ਇਹ ਵਿਅਕਤੀ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸੰਗਤ ਵਿਚ ਖਲੋ ਕੇ ਆਪਣੇ ਕੀਤੇ ਬੱਜਰ ਗੁਨਾਹ ਕਬੂਲੇ ਤੇ ਗੁਰੂ ਪੰਥ, ਗੁਰੂ ਗ੍ਰੰਥ ਅਤੇ ਸੰਗਤ ਪਾਸੋਂ ਮੁਆਫ਼ੀ ਮੰਗੇ। ਜਿੰਨਾ ਚਿਰ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਪੰਜ ਸਿੰਘ ਸਾਹਿਬਾਨ ਦੀ ਹਾਜਰੀ ਵਿਚ ਸੰਗਤ ਸਾਹਮਣੇ ਮੁਆਫ਼ੀ ਨਹੀਂ ਮੰਗਦਾ ਉਨ੍ਹਾਂ ਚਿਰ ਇਹ ਕਥਾ-ਕੀਰਤਨ ਕਰਨ ਦਾ ਅਧਿਕਾਰੀ ਨਹੀਂ ਅਤੇ ਨਾ ਹੀ ਸੰਗਤ ਇਸ ਨੂੰ ਮੂੰਹ ਲਗਾਵੇ ਅਤੇ ਇਸ ਨਾਲ ਹਰ ਪੱਖ ਤੋਂ ਕੋਈ ਸਾਂਝ ਨਾ ਰੱਖੀ ਜਾਵੇ। ਜੇਕਰ ਇਹ ਕਥਾ-ਕੀਰਤਨ ਕਰਦਾ ਸਾਹਮਣੇ ਆਇਆ ਤਾਂ ਇਸ ਦੇ ਖ਼ਿਲਾਫ਼ ਮਰਯਾਦਾ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਆਪਣੇ ਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਅਧਿਕਾਰੀ ਵੀ ਨਹੀਂ ਹੈ।
5. ਸੰਗਤਾਂ ਵਲੋਂ ਪੁੱਜੀਆਂ ਸ਼ਿਕਾਇਤਾਂ ਅਨੁਸਾਰ ਕੁਝ ਵਿਅਕਤੀ ਮਰਯਾਦਾ ਦੀ ਉਲੰਘਣਾ ਕਰਦਿਆ ਸਮੁੰਦਰਾਂ ਦੇ ਕੰਢੇ ਬੀਚਾਂ/ਰਿਜ਼ੋਰਟਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਨੰਦ ਕਾਰਜ (ਵਿਆਹ) ਕਰਦੇ ਹਨ। ਜਿਸ ‘ਤੇ ਪੰਜ ਸਿੰਘ ਸਾਹਿਬਾਨ ਨੇ ਫ਼ੈਸਲਾ ਕਰਕੇ ਸਮੁੰਦਰਾਂ ਦੇ ਕੰਢੇ ਬੀਚਾਂ, ਰਿਜ਼ੋਰਟਾਂ ਆਦਿ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਨੰਦ ਕਾਰਜ (ਡੈਸਟੀਨੇਸ਼ਨ ਵੈਡਿੰਗ) ਕਰਨ ’ਤੇ ਰੋਕ ਲਗਾਈ ਹੈ।
ਇਹ ਵੀ ਪੜ੍ਹੋ- ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਿਲੇ CM ਮਾਨ, ਸੌਂਪਿਆ 1 ਕਰੋੜ ਦਾ ਚੈੱਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨ ਤੇ ਸੁਰੱਖਿਆ ਕਰਮਚਾਰੀਆਂ ’ਤੇ ਹਮਲਾ, ਸੈਲਫ਼ ਡਿਫ਼ੈਂਸ ’ਚ ਚਲਾਈਆਂ ਗੋਲੀਆਂ
NEXT STORY