ਅੰਮ੍ਰਿਤਸਰ (ਵੈੱਬ ਡੈਸਕ): ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਪੁਲਸ ਮੁਕਾਬਲੇ ਵਿਚ ਮਾਰੇ ਗਏ 19 ਸਾਲਾ ਨੌਜਵਾਨ ਰਣਜੀਤ ਸਿੰਘ ਦੇ ਘਰ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਵੰਡਾਇਆ। ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਇਸ ਪੁਲਸ ਮੁਕਾਬਲੇ ਦੀ ਕਹਾਣੀ 'ਤੇ ਸਵਾਲ ਚੁੱਕੇ ਅਤੇ ਨਾਲ ਹੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਪਰਿਵਾਰ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ ਤੇ ਆਖਿਆ ਕਿ ਜੇ ਹਾਈ ਕੋਰਟ ਤੇ ਸੁਪਰੀਮ ਕੋਰਟ ਜਾਣ ਦੀ ਲੋੜ ਵੀ ਪਈ ਤਾਂ ਉਹ ਪਰਿਵਾਰ ਦਾ ਸਾਥ ਦੇਣਗੇ।
ਸੁਖਪਾਲ ਸਿੰਘ ਖਹਿਰਾ ਨੇ ਪੁਲਸ ਅਫ਼ਸਰਾਂ ਵੱਲੋਂ ਇਸ ਮੁਕਾਬਲੇ ਬਾਰੇ ਦਿੱਤੇ ਬਿਆਨਾਂ ਨੂੰ ਕਹਾਣੀ ਦੱਸਦਿਆਂ ਸਵਾਲ ਪੁੱਛੇ ਕਿ ਜੇ ਗੱਡੀ ਪਲਟ ਗਈ ਤਾਂ ਰਣਜੀਤ ਸਿੰਘ ਦੇ ਕੋਈ ਸੱਟ-ਫੇਟ ਕਿਉਂ ਨਹੀਂ ਲੱਗੀ? ਉਹ ਹਥਕੜੀ ਸਮੇਤ ਹਥਿਆਰ ਤੇ ਮੋਟਰਸਾਈਕਲ ਲੱਭ ਕੇ 24 ਕਿੱਲੋਮੀਟਰ ਦੂਰ ਕਿਵੇਂ ਪਹੁੰਚ ਗਿਆ, ਜਦਕਿ ਪੁਲਸ ਵੱਲੋਂ ਉੱਥੇ ਰੈੱਡ ਅਲਰਟ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪੁਲਸ ਨੇ ਪਿੰਡ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਡੀ.ਵੀ.ਆਰ. ਕੱਢ ਲਏ ਅਤੇ ਕੈਮਰੇ ਭੰਨ੍ਹ ਦਿੱਤੇ ਤਾਂ ਜੋ ਇਹ ਸਬੂਤ ਨਸ਼ਟ ਕੀਤਾ ਜਾ ਸਕੇ ਕਿ ਰਣਜੀਤ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ। ਖਹਿਰਾ ਅਨੁਸਾਰ, ਪਿੰਡ ਵਾਸੀਆਂ ਨੇ ਗਵਾਹੀ ਦਿੱਤੀ ਹੈ ਕਿ ਰਣਜੀਤ ਸਿੰਘ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ ਅਤੇ ਨਾ ਹੀ ਉਹ ਕੋਈ ਨਸ਼ਾ ਕਰਦਾ ਸੀ।
ਕਾਂਗਰਸੀ ਵਿਧਾਇਕ ਨੇ ਕਿਹਾ ਕਿ ਇਹ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਕੀਤਾ ਗਿਆ 42ਵਾਂ ਪੁਲਸ ਮੁਕਾਬਲਾ ਹੈ, ਜਿਸ ਵਿਚ ਅਜਿਹੀ ਹੀ ਕਹਾਣੀ ਸੁਣਾਈ ਜਾਂਦੀ ਹੈ। ਖਹਿਰਾ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਅਤੇ ਡੀ.ਜੀ.ਪੀ. ਸੱਚੇ ਹਨ, ਤਾਂ ਇਸ ਮਾਮਲੇ ਦੀ CBI ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦੇ ਨਾਲ ਹਨ ਅਤੇ ਜੇਕਰ ਲੋੜ ਪਈ ਤਾਂ ਹਾਈਕੋਰਟ ਜਾਂ ਸੁਪਰੀਮ ਕੋਰਟ ਤੱਕ ਦੀ ਲੜਾਈ ਵਿਚ ਵੀ ਮਦਦ ਕਰਨਗੇ।
PUNJAB : ਭਾਣਜੀ ਨੂੰ ਬਚਾਉਂਦਿਆਂ ਨਹਿਰ 'ਚ ਰੁੜ੍ਹਿਆ ਮਾਮਾ! ਮੌਕੇ 'ਤੇ ਪਿਆ ਚੀਕ-ਚਿਹਾੜਾ, ਰੈਸਕਿਊ ਜਾਰੀ
NEXT STORY