ਮੋਹਾਲੀ (ਜੱਸੀ) - ਅਜੋਕੇ ਸਮੇਂ ’ਚ ਵੀ ਕੁਝ ਲੋਕ ਲੜਕਾ ਨਾ ਹੋਣ ’ਤੇ ਨੂੰਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਜਿਸ ਤੋਂ ਦੁਖੀ ਹੋ ਕੇ ਪੀੜਤਾ ਫਾਹਾ ਲੈ ਲੈਂਦੀ ਹੈ, ਨਹੀਂ ਤਾਂ ਸਾਰੀ ਉਮਰ ਤਸ਼ੱਦਦ ਸਹਿੰਦੀ ਰਹਿੰਦੀ ਹੈ। ਅਜਿਹਾ ਹੀ ਮਾਮਲਾ ਪਿੰਡ ਮਟੌਰ ’ਚ ਆਇਆ ਹੈ ਜਿੱਥੇ ਔਰਤ ਨੂੰ ਲੜਕੀ ਪੈਦਾ ਹੋਣ ’ਤੇ ਤਾਅਨੇ-ਮਿਹਣੇ ਮਾਰਦੇ ਹਨ। ਇਸ ਤੋਂ ਤੰਗ ਵਿਆਹੁਤਾ ਵੱਲੋਂ ਫਾਹਾ ਲੈ ਕੇ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ। ਕਾਜਲ ਵੱਲੋਂ ਜਦੋਂ ਖੁਦਕੁਸ਼ੀ ਕੀਤੀ ਗਈ ਤਾਂ ਉਹ 5 ਮਹੀਨਿਆਂ ਦੀ ਗਰਭਵਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪਹਿਲਾਂ ਤੋਂ ਦੋ ਬੇਟੀਆਂ (5 ਤੇ 2 ਸਾਲ) ਹਨ। ਮ੍ਰਿਤਕਾ ਦੀ ਭੈਣ ਨੇ ਦੱਸਿਆ ਕਿ ਕਾਜਲ ਮੁੜ ਤੋਂ ਗਰਭਵਤੀ ਸੀ। ਸਹੁਰਾ ਪਰਿਵਾਰ ਦਬਾਅ ਪਾ ਰਿਹਾ ਸੀ ਕਿ ਇਸ ਬਾਰ ਲੜਕਾ ਹੋਣਾ ਚਾਹੀਦਾ ਹੈ, ਜੇਕਰ ਲੜਕੀ ਹੋਈ ਤਾਂ ਉਹ ਘਰੋਂ ਬਾਹਰ ਕੱਢ ਦੇਣਗੇ। ਜੀਜੇ ਨੇ ਤਲਾਕ ਦੇਣ ਦੀ ਧਮਕੀ ਦਿੱਤੀ ਸੀ। ਸਹੁਰੇ ਪਰਿਵਾਰ ਵੱਲੋਂ ਅਕਸਰ ਭੈਣ ਨਾਲ ਝਗੜਾ ਕੀਤਾ ਜਾਂਦਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਪਿਤਾ ਕੰਵਰਪਾਲ ਨੇ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਕਾਜਲ ਦਾ ਵਿਆਹ ਅੰਕਿਤ ਨਾਲ ਕੀਤਾ ਸੀ। ਜਦੋਂ ਕਾਜਲ ਘਰ ਦੋ ਲੜਕੀਆਂ ਨੇ ਜਨਮ ਲਿਆ ਤਾਂ ਉਸ ਸਮੇਂ ਤੋਂ ਹੀ ਸਹੁਰਾ ਪਰਿਵਾਰ ਉਸ ਨੂੰ ਲੜਕਾ ਪੈਦਾ ਕਰਨ ਲਈ ਤਾਅਨੇ ਮਾਰਦਾ ਰਹਿੰਦਾ ਸੀ। ਇਨ੍ਹਾਂ ਤਾਅਨਿਆਂ ਅਤੇ ਰੋਜ ਦੇ ਝਗੜਿਆਂ ਤੋਂ ਦੁਖੀ ਹੋ ਕੇ ਕੁੜੀ ਨੇ ਖ਼ੁਦਕੁਸ਼ੀ ਕਰ ਲਈ। ਥਾਣਾ ਮਟੌਰ ਮੁਖੀ ਅਮਨਦੀਪ ਸਿੰਘ ਕੰਬੋਜ ਅਨੁਸਾਰ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ’ਚ ਰਖਵਾ ਦਿੱਤਾ ਹੈ। ਮ੍ਰਿਤਕਾ ਦੇ ਮਾਪਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ।
ਅੰਮ੍ਰਿਤਸਰ ’ਚ ਫੈਲਿਆ ਸਪਾ ਸੈਂਟਰਾਂ ਦਾ ਗੋਰਖ ਧੰਦਾ, ਰਸ਼ੀਅਨ-ਥਾਈ ਲੜਕੀਆਂ ਦੀ ਭਾਰੀ ਡਿਮਾਂਡ
NEXT STORY