ਭਵਾਨੀਗੜ੍ਹ (ਕਾਂਸਲ) : ਸੰਗਰੂਰ-ਪਟਿਆਲਾ ਮੁੱਖ ਸੜਕ ’ਤੇ ਪਿੰਡ ਰਾਮਪੁਰਾ ਨੂੰ ਜਾਂਦੀ ਸੜਕ ਨੇੜੇ ਡਿਵਾਈਡਰ ’ਤੇ ਪੇਂਟ ਕਰਨ ਦਾ ਕੰਮ ਕਰ ਰਹੇ ਤਿੰਨ ਕਾਰੀਗਰ ਇੱਕ ਬੇਕਾਬੂ ਟਿੱਪਰ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਪੇਂਟ ਦੇ ਸਾਮਾਨ ਨਾਲ ਭਰੀ ਪਿਕਅੱਪ ਗੱਡੀ ਵੀ ਨੁਕਸਾਨੀ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਸਥਾਨਕ ਥਾਣੇ ਦੇ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਟੋਲ ਪਲਾਜ਼ਾ ਪ੍ਰਬੰਧਕਾਂ ਵੱਲੋਂ ਸੰਗਰੂਰ-ਪਟਿਆਲਾ ਮੁੱਖ ਸੜਕ ਦੇ ਡਿਵਾਈਡਰ ’ਤੇ ਪੇਂਟ ਕਰਵਾਇਆ ਜਾ ਰਿਹਾ ਸੀ। ਇਸ ਕੰਮ ਵਿੱਚ ਲੱਗੇ ਕਾਰੀਗਰਾਂ ਦੀ ਪੇਂਟ ਦੇ ਸਾਮਾਨ ਵਾਲੀ ਪਿਕਅੱਪ ਗੱਡੀ ਸੜਕ ਕਿਨਾਰੇ ਖੜ੍ਹੀ ਸੀ। ਇਸ ਦੌਰਾਨ ਸੰਗਰੂਰ ਵਾਲੇ ਪਾਸਿਓਂ ਭਵਾਨੀਗੜ੍ਹ ਵੱਲ ਆ ਰਿਹਾ ਇੱਕ ਟਿੱਪਰ ਬੇਕਾਬੂ ਹੋ ਕੇ ਖੜ੍ਹੀ ਪਿਕਅੱਪ ਗੱਡੀ ਨਾਲ ਟਕਰਾ ਗਿਆ। ਇਸ ਹਾਦਸੇ ਦੌਰਾਨ ਤਿੰਨ ਕਾਰੀਗਰ ਟਿੱਪਰ ਅਤੇ ਪਿਕਅੱਪ ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਪੁਲਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ 'ਤੇ ਗੋਲ਼ੀਬਾਰੀ ਕਰਨ ਵਾਲਾ ਮੁੱਖ ਸ਼ੂਟਰ ਗ੍ਰਿਫ਼ਤਾਰ
ਸਥਾਨਕ ਸਰਕਾਰੀ ਹਸਪਤਾਲ ਦੇ ਡਾਕਟਰ ਜਸਨਦੀਪ ਸਿੰਘ ਨੇ ਦੱਸਿਆ ਕਿ ਨਿੱਜੀ ਐਂਬੂਲੈਂਸ ਰਾਹੀਂ ਰੋਹਿਤ, ਆਕਾਸ਼ ਅਤੇ ਰਵੀ ਨਾਂ ਦੇ ਤਿੰਨ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਇਨ੍ਹਾਂ ਵਿੱਚੋਂ ਰੋਹਿਤ ਅਤੇ ਆਕਾਸ਼ ਦੇ ਢਿੱਡ ਉੱਪਰੋਂ ਵਾਹਨ ਲੰਘਣ ਕਾਰਨ ਗੰਭੀਰ ਸੱਟਾਂ ਲੱਗੀਆਂ ਸਨ, ਜਦਕਿ ਰਵੀ ਦੀ ਇੱਕ ਲੱਤ ਟੁੱਟ ਗਈ ਸੀ। ਤਿੰਨਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇੱਕ ਹੋਰ ਵਿਅਕਤੀ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਹਸਪਤਾਲ ਲੈ ਕੇ ਆਈ ਸੀ, ਜਿਸ ਦੀ ਹਾਲਤ ਸਥਿਰ ਸੀ ਅਤੇ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਝੋਟਾ ਦੇ ਪਿਤਾ ਦਾ ਵੱਡਾ ਬਿਆਨ
NEXT STORY