ਜਲੰਧਰ (ਪੁਨੀਤ)– ਪੰਜਾਬ ਵਿਚ ਸਮਾਰਟ ਮੀਟਰ ਜ਼ਰੀਏ ਪ੍ਰੀ-ਪੇਡ ਬਿਜਲੀ ਸਪਲਾਈ ਸ਼ੁਰੂ ਹੋਣ ਦੀਆਂ ਖ਼ਬਰਾਂ ਸਵੇਰ ਤੋਂ ਜੰਗਲ ਦੀ ਅੱਗ ਵਾਂਗ ਫ਼ੈਲੀਆਂ ਰਹੀਆਂ ਅਤੇ ਇਨ੍ਹਾਂ ਗੱਲਾਂ ਨੂੰ ਲੈ ਕੇ ਕਾਫ਼ੀ ਹੋ-ਹੱਲਾ ਹੁੰਦਾ ਰਿਹਾ। ਆਮ ਆਦਮੀ ਪਾਰਟੀ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਯੋਜਨਾ ’ਤੇ ਕੇਂਦਰ ਸਰਕਾਰ ਵੱਲੋਂ ਰੋੜਾ ਅਟਕਾਇਆ ਜਾ ਰਿਹਾ ਹੈ, ਜਦਕਿ ਸੱਚਾਈ ਬਿਲਕੁਲ ਉਲਟ ਹੈ। ਕੇਂਦਰ ਦੀ ਕਈ ਸਾਲ ਪੁਰਾਣੀ ਯੋਜਨਾ ਮੁਤਾਬਕ ਦੇਸ਼ ਭਰ ਵਿਚ ਸਮਾਰਟ ਪ੍ਰੀ-ਪੇਡ ਮੀਟਰ ਲਾਏ ਜਾਣੇ ਹਨ। ਇਸੇ ਲੜੀ ਵਿਚ ਪੰਜਾਬ ਵਿਚ ਸਮਾਰਟ ਮੀਟਰ ਲਾਉਣ ਦੀ ਪ੍ਰਕਿਰਿਆ 2 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ ਪਰ ਅਜੇ ਤੱਕ ਪ੍ਰੀ-ਪੇਡ ਬਿਜਲੀ ਸ਼ੁਰੂ ਨਹੀਂ ਕੀਤੀ ਗਈ। ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਮੀਟਰ ਬਦਲੇ ਜਾ ਚੁੱਕੇ ਹਨ। ਮਹਾਨਗਰ ਜਲੰਧਰ ਵਿਚ 5500 ਦੇ ਲਗਭਗ ਥ੍ਰੀ-ਫੇਜ਼ ਕੁਨੈਕਸ਼ਨਾਂ ’ਤੇ ਸਮਾਰਟ ਮੀਟਰ ਲਾ ਦਿੱਤੇ ਗਏ ਅਤੇ ਅੱਗੇ ਵੀ ਰੁਟੀਨ ਵਿਚ ਮੀਟਰ ਬਦਲਣ ਦਾ ਕੰਮ ਚੱਲ ਰਿਹਾ ਹੈ।
ਇਸੇ ਲੜੀ ਵਿਚ ਸਿੰਗਲ ਫੇਜ਼ (ਆਮ ਘਰੇਲੂ ਕੁਨੈਕਸ਼ਨ) ਮੀਟਰਾਂ ਨੂੰ ਵੀ ਸਮਾਰਟ ਮੀਟਰ ਨਾਲ ਬਦਲਣ ਦੀ ਰੂਪ-ਰੇਖਾ ਤਿਆਰ ਹੋ ਚੁੱਕੀ ਹੈ। ਇਸ ਦੇ ਲਈ ਪੰਜਾਬ ਵਿਚ 3 ਲੱਖ ਛੋਟੇ ਸਮਾਰਟ ਮੀਟਰ (ਸਿੰਗਲ ਫੇਜ਼) ਮੰਗਵਾਏ ਜਾ ਰਹੇ ਹਨ। 3 ਮਹੀਨਿਆਂ ਅੰਦਰ 20 ਹਜ਼ਾਰ ਘਰਾਂ ਵਿਚ ਮੀਟਰਾਂ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਸਮਾਰਟ ਮੀਟਰਾਂ ਨੂੰ ਲਾਇਆ ਜਾਵੇਗਾ। ਪ੍ਰੀ-ਪੇਡ ਬਿਜਲੀ ਮੁਹੱਈਆ ਕਰਵਾਉਣ ਦੀ ਗੱਲ ਕੀਤੀ ਜਾਵੇ ਤਾਂ ਸਮਾਰਟ ਮੀਟਰ ਦਾ ਪੂਰਾ ਕੰਟਰੋਲ ਮਹਿਕਮੇ ਕੋਲ ਹੈ। ਇਸ ਜ਼ਰੀਏ ਮਹਿਕਮਾ ਜਦੋਂ ਚਾਹੇ ਉਹ ਆਪਣੇ ਇਕ ਕਲਿੱਕ ’ਤੇ ਸਮਾਰਟ ਮੀਟਰਾਂ ਨੂੰ ਪੋਸਟ-ਪੇਡ ਦੀ ਥਾਂ ਪ੍ਰੀ-ਪੇਡ ਵਿਚ ਬਦਲ ਸਕਦਾ ਹੈ। ਕੇਂਦਰ ਸਰਕਾਰ ਦੀ ਪ੍ਰੀ-ਪੇਡ ਬਿਜਲੀ ਦੇਣ ਦੀ ਯੋਜਨਾ ’ਤੇ ਪੰਜਾਬ ਵੱਲੋਂ ਬਹੁਤ ਪਹਿਲਾਂ ਤੋਂ ਕੰਮ ਕੀਤਾ ਜਾ ਰਿਹਾ ਹੈ ਪਰ ਪ੍ਰੀ-ਪੇਡ ਕਰਨ ਦਾ ਕੰਮ ਕਰਨਾ ਬਾਕੀ ਹੈ।
ਇਹ ਵੀ ਪੜ੍ਹੋ: ਐਕਸ਼ਨ ਮੋਡ 'ਚ ਭਗਵੰਤ ਮਾਨ, ਭ੍ਰਿਸ਼ਟਾਚਾਰ ਵਿਰੁੱਧ ਮਿਲੀ ਸ਼ਿਕਾਇਤ ਸਬੰਧੀ ਤੁਰੰਤ ਜਾਂਚ ਦੇ ਦਿੱਤੇ ਹੁਕਮ
ਮਾਹਿਰਾਂ ਦਾ ਕਹਿਣਾ ਹੈ ਕਿ ਬਿਜਲੀ ਚੋਰੀ ਰੋਕਣ ਸਮੇਤ ਖ਼ੁਦ ਨੂੰ ਅਪਡੇਟ ਕਰਨ ਦੀ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਮੀਟਰਾਂ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਸਮਾਰਟ ਮੀਟਰ ਲਾਏ ਜਾ ਰਹੇ ਹਨ। ਪੰਜਾਬ ਵਿਚ ਇਸ ਪ੍ਰਾਜੈਕਟ ਦੀ ਸ਼ੁਰੂਆਤ ਮੋਹਾਲੀ ਅਤੇ ਲੁਧਿਆਣਾ ਤੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਦੂਜੇ ਪੜਾਅ ਵਿਚ ਜਲੰਧਰ ਨੂੰ ਚੁਣਿਆ ਗਿਆ ਸੀ। ਇਸ ਤਹਿਤ ਮਹਾਨਗਰ ਜਲੰਧਰ ਵਿਚ ਆਉਣ ਵਾਲੇ ਕੁਝ ਮਹੀਨਿਆਂ ਅੰਦਰ ਇਕ ਹਜ਼ਾਰ ਮੀਟਰਾਂ ਨੂੰ ਬਦਲਣ ਦਾ ਟੀਚਾ ਮਿੱਥਿਆ ਗਿਆ ਹੈ। ਮਹਿਕਮੇ ਨੂੰ ਇਹ ਮੀਟਰ 8000 ਰੁਪਏ ਵਿਚ ਪੈਂਦਾ ਹੈ, ਜਦਕਿ ਸੈਂਟਰ ਵੱਲੋਂ ਇਸ ਵਿਚ ਸਬਸਿਡੀ ਦਿੱਤੀ ਜਾਂਦੀ ਹੈ। ਖ਼ਪਤਕਾਰਾਂ ਕੋਲੋਂ ਇਸ ਦੇ ਲਈ ਫਿਲਹਾਲ ਕੋਈ ਪੈਸਾ ਚਾਰਜ ਨਹੀਂ ਕੀਤਾ ਜਾ ਰਿਹਾ। ਜਿਨ੍ਹਾਂ ਦਾ ਮੀਟਰ ਬਦਲਣ ਦੇ 2 ਸਾਲ ਬਾਅਦ ਖ਼ਰਾਬ ਹੋਵੇਗਾ, ਉਨ੍ਹਾਂ ਕੋਲੋਂ ਚਾਰਜ ਕੀਤੇ ਜਾਣ ਦੀ ਵਿਵਸਥਾ ਹੈ ਪਰ ਇਸ ਨੂੰ ਵੀ ਅਮਲੀਜਾਮਾ ਪਹਿਨਾਉਣਾ ਬਾਕੀ ਹੈ।
ਇਸ ਮੀਟਰ ਦੀ ਖ਼ਾਸੀਅਤ ਇਹ ਹੈ ਕਿ ਇਸ ਦਾ ਡਾਟਾ ਸੈਂਟਰ ਪਟਿਆਲਾ ਵਿਚ ਬਣਾਇਆ ਗਿਆ ਹੈ, ਜਿਹੜਾ ਮੀਟਰ ’ਤੇ ਚੱਲਣ ਵਾਲੇ ਲੋਡ ਸਮੇਤ ਹੋਰ ਜਾਣਕਾਰੀਆਂ ਨਾਲ-ਨਾਲ ਦਿੰਦਾ ਰਹਿੰਦਾ ਹੈ। ਇਨ੍ਹਾਂ ਨਵੇਂ ਮੀਟਰਾਂ ਦਾ ਡਾਟਾ ਸਬੰਧਤ ਬਿਜਲੀ ਦਫ਼ਤਰ ਵਿਚ ਵੀ ਮੌਜੂਦ ਰਹੇਗਾ, ਜਿਸ ਕਾਰਨ ਗਲਤ ਬਿੱਲ ਬਣਨ ਦੀਆਂ ਸੰਭਾਵਨਾਵਾਂ ਨਹੀਂ ਰਹਿਣਗੀਆਂ। ਰੀਡਿੰਗ ਲੈਣ ਲਈ ਮੀਟਰ ਰੀਡਰ ਨੂੰ ਆਉਣ ਦੀ ਲੋੜ ਨਹੀਂ ਪਵੇਗੀ। ਇਸ ਦੇ ਲਈ ਸਿਸਟਮ ਖ਼ੁਦ-ਬ-ਖ਼ੁਦ ਬਿੱਲ ਬਣਾ ਦੇਵੇਗਾ।
ਇਹ ਵੀ ਪੜ੍ਹੋ: ਗੈਂਗਸਟਰਾਂ ਦੇ ਨਿਸ਼ਾਨੇ 'ਤੇ ਪੰਜਾਬੀ ਗਾਇਕ, ਗੈਂਗਸਟਰ ਲੱਕੀ ਪਟਿਆਲ ਦਾ ਖ਼ਾਸ ਗੁਰਗਾ ਹਥਿਆਰਾਂ ਸਣੇ ਗ੍ਰਿਫ਼ਤਾਰ
ਰੀਚਾਰਜ ਖ਼ਤਮ ਹੋਣ ’ਤੇ 6 ਤੋਂ 12 ਘੰਟੇ ਤੱਕ ਵੱਜੇਗੀ ਬੀਪ
ਪੰਜਾਬ ਵਿਚ ਅਜੇ ਪ੍ਰੀ-ਪੇਡ ਬਿਜਲੀ ਸ਼ੁਰੂ ਨਹੀਂ ਹੋਈ। ਇਹ ਸਮਾਰਟ ਮੀਟਰ ਜ਼ਰੀਏ ਹੀ ਦੇਣੀ ਸੰਭਵ ਹੈ। ਇਸ ਮੀਟਰ ਅੰਦਰ ਇਕ ਮੋਬਾਇਲ ਸਿਮ ਕਾਰਡ ਪਾਇਆ ਹੁੰਦਾ ਹੈ, ਜਿਸ ਜ਼ਰੀਏ ਉਹ ਆਨਲਾਈਨ ਕੰਮ ਕਰਦਾ ਹੈ। ਪ੍ਰੀ-ਪੇਡ ਬਿਜਲੀ ਕਈਆਂ ਲਈ ਸਹੂਲਤਾਂ ਵੀ ਲੈ ਕੇ ਆਵੇਗੀ। ਇਸ ਜ਼ਰੀਏ ਵਿਅਕਤੀ ਕਿਤੇ ਵੀ ਹੋਵੇ, ਜਿੰਨੇ ਦਾ ਵੀ ਚਾਹੇ ਰੀਚਾਰਜ ਕਰਵਾ ਸਕੇਗਾ। 10 ਦੇ ਲਗਭਗ ਯੂਨਿਟ ਬਾਕੀ ਬਚਣ ’ਤੇ ਮੋਬਾਇਲ ’ਤੇ ਮੈਸੇਜ ਆਵੇਗਾ ਅਤੇ ਰੀਚਾਰਜ ਖ਼ਤਮ ਹੋਣ ਤੋਂ ਬਾਅਦ 6 ਤੋਂ 2 ਘੰਟੇ ਤੱਕ ਬੀਪ ਵੱਜੇਗੀ। ਖ਼ਪਤਕਾਰ ਆਨਲਾਈਨ ਆਪਣਾ ਮੀਟਰ ਰੀਚਾਰਜ ਕਰ ਸਕੇਗਾ। ਇਸ ਜ਼ਰੀਏ ਨੌਕਰੀਪੇਸ਼ਾ, ਘਰਾਂ ਵਿਚੋਂ ਬਾਹਰ ਰਹਿਣ ਵਾਲੇ ਅਤੇ ਵਿਦੇਸ਼ ਵਿਚ ਰਹਿਣ ਵਾਲਿਆਂ ਨੂੰ ਬਹੁਤ ਲਾਭ ਹੋਵੇਗਾ।
ਛੇੜਛਾੜ ਹੁੰਦੇ ਹੀ ਡਾਟਾ ਸੈਂਟਰ ’ਚ ਮੈਸੇਜ ਭੇਜੇਗਾ ਮੀਟਰ
ਪਾਵਰ ਨਿਗਮ ਵੱਲੋਂ ਪਹਿਲਾਂ ਵੀ ਕਈ ਵਾਰ ਮੀਟਰ ਬਦਲੇ ਜਾ ਚੁੱਕੇ ਹਨ। ਵਿਭਾਗ ਦੇ ਇਕ ਅਤਿ-ਆਧੁਨਿਕ ਮੀਟਰ ’ਤੇ ਲੋਕਾਂ ਨੇ ਰਿਮੋਟ ਤੱਕ ਲੁਆ ਲਏ ਸਨ ਅਤੇ ਜਦੋਂ ਚਾਹੁੰਦੇ ਸਨ ਮੀਟਰ ਨੂੰ ਰੋਕ ਦਿੰਦੇ ਸਨ। ਅਜਿਹੇ ਕਈ ਕੇਸ ਸਾਹਮਣੇ ਵੀ ਆ ਚੁੱਕੇ ਹਨ, ਜਿਸ ਵਿਚ ਮੀਟਰ ਨਾਲ ਛੇੜਛਾੜ ਕਰ ਕੇ ਉਸਨੂੰ ਰਿਮੋਟ ਡਿਵਾਈਸ ਨਾਲ ਜੋੜਿਆ ਗਿਆ ਸੀ। ਇਸ ਨਵੇਂ ਸਮਾਰਟ ਮੀਟਰ ਦੀ ਵਰਕਿੰਗ ਦਾ ਢੰਗ ਵੱਖ ਹੈ। ਕੋਈ ਵੀ ਖਪਤਕਾਰ ਬਿਜਲੀ ਚੋਰੀ ਜਾਂ ਹੋਰ ਕਿਸੇ ਢੰਗ ਨਾਲ ਮੀਟਰ ਨਾਲ ਛੇੜਛਾੜ ਕਰੇਗਾ ਤਾਂ ਮੀਟਰ ਵੱਲੋਂ ਇਕ ਮੈਸੇਜ ਡਾਟਾ ਸੈਂਟਰ ਵਿਚ ਜਾਵੇਗਾ। ਇਸ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਸਬੰਧਤ ਅਧਿਕਾਰੀ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਮੀਟਰ ਨਾਲ ਹੋਣ ਵਾਲੀ ਛੇੜਛਾੜ ਤੁਰੰਤ ਪ੍ਰਭਾਵ ਨਾਲ ਪਕੜ ਵਿਚ ਆ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ ਵਿਖੇ ਵੰਡਰਲੈਂਡ ’ਚ ਮੌਜ ਮਸਤੀ ਕਰਨ ਆਏ 15 ਸਾਲਾ ਬੱਚੇ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੁਖਜਿੰਦਰ ਰੰਧਾਵਾ ਸਣੇ ਵਿਰੋਧੀ ਧਿਰ ਨੇ ਭਗਵੰਤ ਮਾਨ ਦੇ ਪੈਨਸ਼ਨ ਸਬੰਧੀ ਫ਼ੈਸਲੇ ਦਾ ਕੀਤਾ ਸੁਆਗਤ
NEXT STORY