ਪੰਚਕੂਲਾ, (ਮੁਕੇਸ਼)- ਭਾਜਪਾ ਨੇਤਾ ਅਤੇ ਜ਼ਿਲਾ ਪ੍ਰੀਸ਼ਦ ਦੇ ਮੈਂਬਰ ਭਾਗ ਸਿੰਘ ਦਮਦਮਾ ਸਮੇਤ 6 ਲੋਕਾਂ ਸੋਮਨਾਥ ਧੀਮਾਨ ਉਰਫ ਸੋਮਾ ਪਟਵਾਰੀ, ਸੋਮਨਾਥ ਦੀ ਸੱਸ ਕ੍ਰਿਸ਼ਨਾ, ਪਿੰਜੌਰ ਵਾਸੀ ਹੇਮਰਾਜ, ਹੇਮਰਾਜ ਦੀ ਪਤਨੀ ਜਸਪਾਲ ਅਤੇ ਬਲਬੀਰ ਸਿੰਘ ਖਿਲਾਫ ਪਿੰਜੌਰ ਪੁਲਸ ਥਾਣੇ 'ਚ ਸਾਜ਼ਿਸ਼ ਤਹਿਤ ਧੋਖਾਦੇਹੀ ਦੀ ਐੱਫ. ਆਈ. ਆਰ. ਦਰਜ ਕੀਤੀ ਹੈ। ਫਿਲਹਾਲ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਪੁਲਸ ਵਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਮੁਤਾਬਿਕ ਪੰਚਕੂਲਾ ਦੇ ਸੈਕਟਰ-25 'ਚ ਰਹਿਣ ਵਾਲੇ ਪਰਮਿੰਦਰ ਸਿੰਘ ਨੇ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ ਸਾਲ 2006 'ਚ ਉਨ੍ਹਾਂ ਨੇ ਜ਼ਮੀਨ ਖਰੀਦਣ ਲਈ ਕੁਝ ਪੈਸਿਆਂ ਦਾ ਨਿਵੇਸ਼ ਕਰਨਾ ਸੀ। ਇਸ ਦੌਰਾਨ ਉਸਦੀ ਮੁਲਾਕਾਤ ਸੋਮਨਾਥ ਪਟਵਾਰੀ ਨਾਲ ਹੋਈ, ਜੋ ਕਿ ਉਸ ਸਮੇਂ ਪਿੰਜੌਰ 'ਚ ਵੀ ਤਾਇਨਾਤ ਸੀ। ਸੋਮਨਾਥ ਪਟਵਾਰੀ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਉਸਦੇ ਦੋਸਤ ਤੇ ਬਿਜ਼ਨੈੱਸ ਪਾਰਟਨਰ ਭਾਗ ਸਿੰਘ ਦਮਦਮਾ ਅਤੇ ਹੇਮਰਾਜ ਕੋਲ ਪਿੰਡ ਫਿਰੋਜ਼ਪੁਰ 'ਚ 8 ਬਿਸਵਾ ਜ਼ਮੀਨ ਹੈ।
ਸ਼ਿਕਾਇਤਕਰਤਾ ਦਾ ਭਰੋਸਾ ਜਿੱਤਣ ਲਈ ਪਟਵਾਰੀ ਨੇ ਜ਼ਮੀਨ ਦਾ ਮਾਲੀਆ ਰਿਕਾਰਡ ਕੱਢ ਕੇ ਉਸਨੂੰ ਦਿਖਾਇਆ। ਉਦੋਂ ਪਤਾ ਲੱਗਾ ਕਿ ਜ਼ਮੀਨ ਸੋਮਨਾਥ ਪਟਵਾਰੀ ਦੀ ਸੱਸ ਕ੍ਰਿਸ਼ਨਾ, ਹੇਮਰਾਜ ਤੇ ਉਸਦੀ ਪਤਨੀ ਜਸਪਾਲ ਕੌਰ ਅਤੇ ਭਾਗ ਸਿੰਘ ਦੇ ਨਾਂ 'ਤੇ ਹੈ। ਪਟਵਾਰੀ ਨੇ ਉਸਨੂੰ ਇਹ ਵੀ ਕਿਹਾ ਕਿ ਕਿਉਂਕਿ ਉਹ ਸਰਕਾਰੀ ਕਰਮਚਾਰੀ ਹੈ, ਇਸ ਲਈ ਉਸਨੇ ਜ਼ਮੀਨ ਆਪਣੀ ਸੱਸ ਦੇ ਨਾਂ 'ਤੇ ਲਈ ਹੋਈ ਹੈ। ਕ੍ਰਿਸ਼ਨਾ ਨਾਲ ਬਾਕਾਇਦਾ ਮੁਲਾਕਾਤ ਕਰਵਾਈ ਗਈ। ਇਸ 'ਤੇ ਕ੍ਰਿਸ਼ਨਾ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਜੇਕਰ ਸੋਮਨਾਥ ਜ਼ਮੀਨ ਵੇਚਣੀ ਚਾਹੁੰਦਾ ਹੈ ਤਾਂ ਉਸਨੂੰ ਕੋਈ ਇਤਰਾਜ਼ ਨਹੀਂ ਹੈ।
ਜ਼ਮੀਨ ਦਾ ਸੌਦਾ 27 ਲੱਖ ਰੁਪਏ 'ਚ ਤੈਅ ਹੋ ਗਿਆ। ਸ਼ਿਕਾਇਤਕਰਤਾ ਨੇ 23 ਲੱਖ 75 ਹਜ਼ਾਰ ਰੁਪਏ ਅਦਾ ਕਰ ਦਿੱਤੇ ਅਤੇ ਬਾਕੀ 3 ਲੱਖ 25 ਹਜ਼ਾਰ ਰੁਪਏ ਰਜਿਸਟਰੀ ਦੇ ਸਮੇਂ ਦੇਣਾ ਤੈਅ ਹੋਇਆ ਪਰ ਉਸ ਜ਼ਮੀਨ 'ਤੇ ਨਗਰ ਨਿਗਮ ਵਲੋਂ ਨਾਜਾਇਜ਼ ਨਾਲੇ ਦਾ ਨਿਰਮਾਣ ਕਰਵਾਇਆ ਗਿਆ ਸੀ, ਜਿਸ ਨੂੰ ਲੈ ਕੇ ਕਾਲਕਾ ਦੇ ਐੱਸ. ਡੀ. ਐੱਮ. ਨੇ ਵੀ ਨਿਰਦੇਸ਼ ਜਾਰੀ ਕੀਤੇ ਹੋਏ ਸਨ ਅਤੇ ਨਿਗਮ ਦੇ ਈ. ਓ. ਨੂੰ ਵੀ ਸ਼ਿਕਾਇਤਕਰਤਾ ਨੇ ਮੌਕੇ 'ਤੇ ਲਿਜਾ ਕੇ ਦਿਖਾਇਆ ਪਰ ਇਸੇ ਦੌਰਾਨ ਸ਼ਿਕਾਇਤਕਰਤਾ ਨੂੰ ਬਲਬੀਰ ਸਿੰਘ ਨਾਮਕ ਵਿਅਕਤੀ ਦਾ ਕਈ ਵਾਰ ਫੋਨ ਆਇਆ ਅਤੇ ਉਸਨੇ ਕਿਹਾ ਕਿ ਉਹ ਉਸਦੀ ਜ਼ਮੀਨ ਖਰੀਦਣ 'ਚ ਰੁਚੀ ਰੱਖਦਾ ਹੈ ਪਰ ਸ਼ਿਕਾਇਤਕਰਤਾ ਨੇ ਜ਼ਮੀਨ ਵੇਚਣ ਤੋਂ ਮਨ੍ਹਾ ਕਰ ਦਿੱਤਾ। ਕੁਝ ਸਮੇਂ ਬਾਅਦ ਉਸਨੂੰ ਪਤਾ ਲੱਗਾ ਕਿ ਸੋਮਨਾਥ ਪਟਵਾਰੀ, ਭਾਗ ਸਿੰਘ ਦਮਦਮਾ, ਹੇਮਰਾਜ, ਜਸਪਾਲ ਕੌਰ ਨੇ ਮਿਲ ਕੇ ਜ਼ਮੀਨ ਫਰਜ਼ੀ ਆਧਾਰ 'ਤੇ ਬਲਬੀਰ ਸਿੰਘ ਨੂੰ ਵੇਚ ਦਿੱਤੀ ਹੈ।
ਪੁਲਸ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ
NEXT STORY