ਫਿਰੋਜ਼ਪੁਰ, (ਮਲਹੋਤਰਾ)— ਕੈਂਟ ਬੋਰਡ ਦੇ ਮੈਂਬਰ ਸੁਨੀਲ ਗੋਇਲ ਉਰਫ ਸ਼ੀਲਾ ਖਿਲਾਫ ਹਫਤੇ ਵਿਚ ਲਗਾਤਾਰ ਤੀਜਾ ਪਰਚਾ ਦਰਜ ਹੋ ਗਿਆ ਹੈ। ਇਹ ਪਰਚਾ ਵਕੀਲ ਕਿਰਨ ਪਾਂਡੇ ਨੇ ਆਪਣੇ ਗੋਦਾਮ ਵਿਚ ਵਿਸਫੋਟਕ ਸਾਮਾਨ ਰੱਖਣ ਦੇ ਦੋਸ਼ ਹੇਠ ਦਰਜ ਕਰਵਾਇਆ ਹੈ।
ਥਾਣਾ ਕੈਂਟ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਕਿਰਨ ਪਾਂਡੇ ਪੁੱਤਰ ਧਰਮ ਚੰਦ ਨੇ ਸ਼ਿਕਾਇਤ ਦਿੱਤੀ ਹੈ ਕਿ ਅੱਡਾ ਲਾਲ ਕੁੜਤੀ ਸਥਿਤ ਉਸ ਦੇ ਗੋਦਾਮ, ਜਿਸ 'ਤੇ ਕੋਈ ਤਾਲਾ ਨਹੀਂ ਲੱਗਾ ਹੋਇਆ, ਵਿਚ 2 ਫਰਵਰੀ ਦੀ ਰਾਤ ਕੈਂਟ ਬੋਰਡ ਮੈਂਬਰ ਸ਼ੀਲਾ ਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਪੀ. ਏ. ਬਲਜਿੰਦਰ ਸਿੰਘ ਨੇ ਮਨੁੱਖੀ ਜ਼ਿੰਦਗੀ ਲਈ ਘਾਤਕ ਮੰਨੀ ਜਾਂਦੀ ਵਿਸਫੋਟਕ ਸਮੱਗਰੀ ਲੁਕੋ ਕੇ ਰੱਖ ਦਿੱਤੀ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਗੋਦਾਮ ਦੀ ਜਾਂਚ ਕੀਤੀ ਗਈ ਤਾਂ ਪੰਜ ਪੇਟੀਆਂ ਵਿਸਫੋਟਕ ਸਮੱਗਰੀ ਦੀਆਂ ਬਰਾਮਦ ਹੋਈਆਂ। ਦੋਵਾਂ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਭਾਲ ਜਾਰੀ ਹੈ।ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਕੈਂਟ ਬੋਰਡ ਮੈਂਬਰ ਸ਼ੀਲਾ ਖਿਲਾਫ 31 ਜਨਵਰੀ ਨੂੰ ਥਾਣਾ ਮੱਖੂ ਪੁਲਸ ਨੇ ਮੋਟਰਸਾਈਕਲ ਚੋਰੀ ਦਾ ਪਰਚਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਥਾਣਾ ਮੱਖੂ ਦੀ ਟੀਮ ਜਦੋਂ ਉਸ ਨੂੰ ਗ੍ਰਿਫਤਾਰ ਕਰਨ ਆਈ ਤਾਂ ਸ਼ੀਲਾ ਤੇ ਉਸ ਦੇ ਸਮਰੱਥਕਾਂ ਨੇ ਪੁਲਸ ਨਾਲ ਕੁੱਟ-ਮਾਰ ਕੀਤੀ ਤੇ ਫਰਾਰ ਹੋ ਗਏ ਸਨ। ਇਸ ਸਬੰਧ ਵਿਚ ਥਾਣਾ ਕੁਲਗੜ੍ਹੀ ਪੁਲਸ ਨੇ 1 ਫਰਵਰੀ ਨੂੰ ਸ਼ੀਲਾ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਜਿੰਦੂ ਦੇ ਦੋਵਾਂ ਪੁੱਤਰਾਂ ਸੁਰਿੰਦਰ ਸਿੰਘ ਬੱਬੂ ਤੇ ਰੋਹਿਤ ਗਿੱਲ, ਪੀ. ਏ. ਬਲਜਿੰਦਰ ਸਿੰਘ, ਰਜੇਸ਼, ਮੇਜਰ ਤੇ 15 ਅਣਪਛਾਤੇ ਲੋਕਾਂ ਖਿਲਾਫ ਪੁਲਸ ਦੀ ਡਿਊਟੀ ਵਿਚ ਵਿਘਨ ਪਾਉਣ, ਵਰਦੀ ਪਾੜਨ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਸੀ।
ਹੁਣ ਥਾਣਾ ਛਾਉਣੀ ਪੁਲਸ ਵੱਲੋਂ ਸ਼ੀਲਾ ਖਿਲਾਫ ਐਕਸਪਲੋਸਿਵ ਐਕਟ ਦਾ ਪਰਚਾ ਦਰਜ ਕਰਨ ਤੋਂ ਬਾਅਦ ਪਿਛਲੇ ਪੰਜ ਦਿਨਾਂ ਵਿਚ ਸ਼ੀਲਾ ਖਿਲਾਫ ਲਗਾਤਾਰ ਤਿੰਨ ਪਰਚੇ ਦਰਜ ਹੋ ਚੁੱਕੇ ਹਨ।
ਯੂਥ ਕਾਂਗਰਸੀਆਂ ਵਲੋਂ ਬਜਟ ਦਾ ਵਿਰੋਧ, ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ
NEXT STORY