ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਵੱਲੋਂ ਗੁੱਪ-ਚੁੱਪ ਤਰੀਕੇ ਨਾਲ ਵਧਾਏ ਗਏ ਬੱਸ ਭਾੜੇ ਦੀ ਤਿੱਖੀ ਆਲੋਚਨਾ ਕੀਤੀ ਹੈ। ਪਾਰਟੀ ਬੁਲਾਰਾ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਦੇ ਦਬਾਅ ਹੇਠ ਕਾਂਗਰਸ ਸਰਕਾਰ ਨੇ ਬੱਸਾਂ ਦੇ ਕਿਰਾਏ 'ਚ ਵਾਧਾ ਕੀਤਾ ਹੈ। ਇਸ ਨਾਲ ਇਕ ਪਾਸੇ ਆਮ ਲੋਕਾਂ ਦੀਆਂ ਜੇਬਾਂ 'ਤੇ ਸਿੱਧਾ ਅਸਰ ਪਵੇਗਾ, ਉਥੇ ਹੀ ਦੂਜੇ ਪਾਸੇ ਸੂਬੇ ਦੇ 'ਟਰਾਂਸਪੋਰਟ ਮਾਫ਼ੀਆ ਕਿੰਗ ਬਾਦਲਾਂ' ਦੀਆਂ ਜੇਬਾਂ ਹੋਰ ਭਰਨਗੀਆਂ।
ਜਾਰੀ ਬਿਆਨ 'ਚ ਬਲਜਿੰਦਰ ਕੌਰ ਅਤੇ ਰੁਪਿੰਦਰ ਰੂਬੀ ਨੇ ਕਿਹਾ ਕਿ ਕੈਪਟਨ ਸਰਕਾਰ ਜੋ ਵੀ ਫ਼ੈਸਲਾ ਲੈਂਦੀ ਹੈ, ਉਹ ਸਿੱਧਾ-ਅਸਿੱਧਾ ਲੋਕ ਵਿਰੋਧੀ ਹੋ ਕੇ ਬਾਦਲਾਂ ਦੇ ਹੱਕ 'ਚ ਜਾਂਦਾ ਹੈ ਅਤੇ ਅਜਿਹਾ ਕੋਈ ਫ਼ੈਸਲਾ ਅੰਜਾਮ ਤੱਕ ਨਹੀਂ ਲੈ ਕੇ ਜਾਂਦੇ, ਜਿਸ ਨਾਲ ਬਾਦਲ-ਪਰਿਵਾਰ ਦਾ ਨਿੱਜੀ ਸਿਆਸੀ ਨੁਕਸਾਨ ਹੁੰਦਾ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਤ ਬਰਗਾੜੀ-ਬਹਿਬਲ ਕਲਾਂ ਅਤੇ ਡਰੱਗ, ਸ਼ਰਾਬ, ਰੇਤ, ਕੇਬਲ ਅਤੇ ਟਰਾਂਸਪੋਰਟ ਮਾਫ਼ੀਆ ਨਾਲ ਜੁੜੇ ਕੇਸਾਂ ਪ੍ਰਤੀ ਢਿੱਲਾ ਅਤੇ ਡੰਗ-ਟਪਾਊ ਰਵੱਈਆ ਇਸ ਦੀਆਂ ਪ੍ਰਤੱਖ ਉਦਾਹਰਣਾਂ ਹਨ। ਹੈਰਾਨੀ ਇਸ ਗੱਲ ਦੀ ਹੈ ਕਿ 'ਆਪ' ਦੇ ਇਨ੍ਹਾਂ ਦੋਸ਼ਾਂ ਦੀ ਸਦਨ ਦੇ ਅੰਦਰ ਅਤੇ ਬਾਹਰ ਸੱਤਾਧਾਰੀ ਕਾਂਗਰਸੀ ਹੀ ਸਮੇਂ-ਸਮੇਂ 'ਤੇ ਪੁਸ਼ਟੀ ਕਰਦੀ ਰਹੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਨੂੰ ਹੱਥ ਪਾਉਣ ਲਈ ਟੱਸ ਤੋਂ ਮੱਸ ਨਹੀਂ ਹੋ ਰਹੇ।”'ਆਪ' ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਸੱਚਮੁੱਚ ਟਰਾਂਸਪੋਰਟ ਮਾਫ਼ੀਆ ਖ਼ਤਮ ਕਰਕੇ ਸਰਕਾਰੀ ਬੱਸਾਂ ਨੂੰ ਘਾਟੇ 'ਚੋਂ ਕੱਢਣਾ ਚਾਹੁੰਦ ਹੁੰਦੀ ਹੈ ਤਾਂ ਕਿਰਾਇਆ ਵਧਾਉਣ ਦੀ ਥਾਂ ਰੂਟਾਂ ਅਤੇ ਟਾਈਮ ਟੇਬਲਾਂ ਨੂੰ ਬਾਦਲਾਂ ਦੇ ਗ਼ਲਬੇ 'ਚੋਂ ਬਾਹਰ ਕੱਢਣਾ ਚਾਹੀਦਾ ਹੈ ਕਿਉਂਕਿ ਅੱਜ ਵੀ ਸਾਰੇ ਮੁਨਾਫ਼ੇ ਵਾਲੇ ਰੂਟਾਂ ਅਤੇ ਬੱਸ ਅੱਡਿਆਂ 'ਚ ਟਾਈਮ-ਟੇਬਲਾਂ ਲਈ ਬਾਦਲਾਂ ਦਾ ਦਬਦਬਾ ਹੈ।
'ਆਪ' ਆਗੂਆਂ ਨੇ ਕਿਹਾ ਕਿ ਵਧਾਏ ਗਏ ਬੱਸ ਕਿਰਾਏ ਤਹਿਤ ਏੇ. ਸੀ. ਅਤੇ ਸੁਪਰ-ਇੰਟੈਗਰਿਲ ਏ. ਸੀ. ਕੋਚਾਂ ਦੇ ਕਿਰਾਏ ਦੀ ਵਾਧਾ ਦਰ ਮੂਲ ਵਾਧੇ ਦੇ ਮੁਕਾਬਲੇ 80 ਤੋਂ 100 ਫ਼ੀਸਦੀ ਵਾਧਾ ਕੀਤਾ ਗਿਆ ਹੈ। ਜਿਸਦਾ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਨਾਲੋਂ ਕਿਤੇ ਵੱਧ ਫ਼ਾਇਦਾ ਬਾਦਲਾਂ ਅਤੇ ਹੋਰ ਪ੍ਰਮੁੱਖ ਸਿਆਸਤਦਾਨਾਂ ਦੀਆਂ ਬੱਸਾਂ ਨੂੰ ਮਿਲਣਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸੂਬੇ 'ਚ ਟਰਾਂਸਪੋਰਟ ਮਾਫ਼ੀਆ ਨੂੰ ਨਕੇਲ ਅਤੇ ਇਸ ਦੀ ਜਾਂਚ ਲਈ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਅਗਵਾਈ ਹੇਠ ਇਕ ਉੱਚ-ਪੱਧਰੀ ਕਮੇਟੀ ਗਠਿਤ ਕੀਤੀ ਜਾਵੇ ਅਤੇ ਬੱਸ ਕਿਰਾਏ 'ਚ ਤਾਜ਼ਾ ਵਾਧਾ ਤੁਰੰਤ ਵਾਪਸ ਲਿਆ ਜਾਵੇ।
ਦਿਲ ਦਾ ਦੌਰਾ ਪੈਣ ਕਾਰਨ ਪੁਲਸ ਮੁਲਾਜ਼ਮ ਦੀ ਮੌਤ, ਬਰਥ ਡੇ ਵਾਲੇ ਦਿਨ ਹੋਇਆ ਸਸਕਾਰ
NEXT STORY