ਬਠਿੰਡਾ (ਵਿਜੇ ਵਰਮਾ)- ਬਠਿੰਡਾ ਵਿਚ 43 ਲੱਖ 67 ਹਜ਼ਾਰ 300 ਰੁਪਏ ਦੀ ਕਥਿਤ ਲੁੱਟ ਦੇ ਮਾਮਲੇ ਵਿਚ ਅਜਿਹਾ ਖ਼ੁਲਾਸਾ ਹੋਇਆ ਹੈ, ਜਿਸ ਨੇ ਪੁਲਸ ਨੂੰ ਵੀ ਹੈਰਾਨ ਕਰ ਦਿੱਤਾ। ਜਿਸ ਮੁਲਾਜ਼ਮ ਨੇ ਖੁਦ ਨੂੰ ਹਥਿਆਰਬੰਦ ਲੁਟੇਰਿਆਂ ਦਾ ਸ਼ਿਕਾਰ ਦੱਸਦਿਆਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਉਹੀ ਇਸ ਪੂਰੀ ਸਾਜ਼ਿਸ਼ ਦਾ ਮਾਸਟਰਮਾਈਂਡ ਨਿਕਲਿਆ। ਅਸਲ ਵਿਚ ਲੁੱਟ ਦੀ ਕੋਈ ਵਾਰਦਾਤ ਹੋਈ ਹੀ ਨਹੀਂ ਸੀ, ਸਗੋਂ ਫਰਮ ਦੀ ਲੱਖਾਂ ਰੁਪਏ ਦੀ ਉਗਰਾਹੀ ਹੜੱਪਣ ਲਈ ਮੁਲਾਜ਼ਮ ਨੇ ਆਪਣੇ ਭਰਾ ਨਾਲ ਮਿਲ ਕੇ ਲੁੱਟ ਦਾ ਪੂਰਾ ਡਰਾਮਾ ਰਚਿਆ ਸੀ।
ਥਾਣਾ ਸਦਰ ਪੁਲਸ ਨੇ ਮਾਮਲੇ ਦੀਆਂ ਪਰਤਾਂ ਖੋਲ੍ਹਦਿਆਂ ਫਰਮ ਦੇ ਮੁਲਾਜ਼ਮ ਦਵਿੰਦਰ ਸਿੰਘ ਉਰਫ਼ ਦਵਿੰਦਰ ਕੁਮਾਰ ਅਤੇ ਉਸ ਦੇ ਭਰਾ ਸੁਮਿਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਜਾਂਚ ਅਨੁਸਾਰ ਮੁਲਜ਼ਮ ਨੇ ਉਗਰਾਹੀ ਦੀ ਵੱਡੀ ਰਕਮ ਆਪਣੇ ਭਰਾ ਦੇ ਹਵਾਲੇ ਕਰਕੇ ਸੁਰੱਖਿਅਤ ਥਾਂ ਭੇਜ ਦਿੱਤੀ ਅਤੇ ਖੁਦ ਥਾਣੇ ਪਹੁੰਚ ਕੇ ਲੁੱਟ ਦੀ ਝੂਠੀ ਕਹਾਣੀ ਸੁਣਾ ਦਿੱਤੀ, ਤਾਂ ਜੋ ਰਕਮ ਗਾਇਬ ਹੋਣ ਦਾ ਦੋਸ਼ ਕਥਿਤ ਲੁਟੇਰਿਆਂ ਦੇ ਸਿਰ ਮੜ੍ਹਿਆ ਜਾ ਸਕੇ।
ਫੋਨ 'ਤੇ ਸੁਣਾਈ ਹਥਿਆਰਬੰਦ ਲੁਟੇਰਿਆਂ ਦੀ ਮਨਘੜਤ ਕਹਾਣੀ
ਗ੍ਰੀਨ ਸਿਟੀ ਫੇਜ਼-4 ਦੇ ਰਹਿਣ ਵਾਲੇ ਖੁਸ਼ਵੀਰ ਜਿੰਦਲ ਦੀ ਬਲੇਜ਼ਿੰਗ ਸਟਾਰ ਪੈਲੇਸ ਦੇ ਸਾਹਮਣੇ ਸਥਿਤ ਫਰਮ 'ਸੂਰਜ ਸਟੀਲ ਸੇਲਜ਼' ਵਿਚ ਦਵਿੰਦਰ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਕੰਮ ਕਰ ਰਿਹਾ ਸੀ। ਉਹ ਫਰਮ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਵਿਕਰੀ ਦੀ ਰਕਮ ਅਤੇ ਉਗਰਾਹੀ ਇਕੱਠੀ ਕਰਦਾ ਸੀ। ਸ਼ਿਕਾਇਤ ਅਨੁਸਾਰ 28 ਨਵੰਬਰ ਨੂੰ ਉਹ ਚਿੱਟੇ ਰੰਗ ਦੀ ਕਰੇਟਾ ਕਾਰ ਨੰਬਰ PB-03BC-8198 ਲੈ ਕੇ ਮੌੜ, ਮਾਨਸਾ ਅਤੇ ਸੁਨਾਮ ਤੋਂ ਉਗਰਾਹੀ ਕਰਨ ਗਿਆ ਸੀ।
ਸ਼ਾਮ ਕਰੀਬ 5:30 ਤੋਂ 5:45 ਵਜੇ ਦਰਮਿਆਨ ਉਸ ਨੇ ਫੋਨ ਕਰਕੇ ਦਾਅਵਾ ਕੀਤਾ ਕਿ ਆਈ-10 ਕਾਰ ਵਿੱਚ ਆਏ ਤਿੰਨ ਅਣਪਛਾਤੇ ਹਥਿਆਰਬੰਦ ਵਿਅਕਤੀ ਉਸ ਨੂੰ 400-ਕਿੱਲਾ ਗ੍ਰੋਥ ਸੈਂਟਰ ਲੈ ਗਏ ਅਤੇ ਉੱਥੇ ਉਸ ਕੋਲੋਂ 43 ਲੱਖ 67 ਹਜ਼ਾਰ 300 ਰੁਪਏ ਲੁੱਟ ਕੇ ਫਰਾਰ ਹੋ ਗਏ। ਇੰਨੀ ਵੱਡੀ ਰਕਮ ਦੀ ਲੁੱਟ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮਹਿਕਮੇ ਵਿੱਚ ਹੜਕੰਪ ਮਚ ਗਿਆ ਸੀ।
ਘਟਨਾ ਸਥਾਨ ਅਤੇ ਬਿਆਨਾਂ ਵਿਚ ਵਿਰੋਧਾਭਾਸ ਨੇ ਖੋਲ੍ਹੀ ਪੋਲ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਇੰਡਸਟਰੀਅਲ ਏਰੀਆ ਚੌਕੀ ਦੇ ਇੰਚਾਰਜ ਏਐਸਆਈ ਪ੍ਰਦੀਪ ਕੁਮਾਰ ਦੀ ਕਾਰਵਾਈ ਤੋਂ ਬਾਅਦ ਥਾਣਾ ਸਦਰ ਵਿੱਚ ਐਫਆਈਆਰ ਨੰਬਰ 0299 ਦਰਜ ਕੀਤੀ ਗਈ। ਇਸ ਵਿੱਚ ਬੀਐਨਐਸ ਦੀਆਂ ਧਾਰਾਵਾਂ 304, 3(5) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਸ ਨੇ ਜਦੋਂ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਸ਼ਿਕਾਇਤਕਰਤਾ ਦੇ ਬਿਆਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਕਈ ਅਜਿਹੇ ਤੱਥ ਸਾਹਮਣੇ ਆਏ, ਜਿਨ੍ਹਾਂ ਨੇ ਪੂਰੀ ਕਹਾਣੀ 'ਤੇ ਸਵਾਲ ਖੜ੍ਹੇ ਕਰ ਦਿੱਤੇ। ਇਸ ਤੋਂ ਬਾਅਦ ਪੁਲਸ ਨੇ ਮੁਲਾਜ਼ਮ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਕਥਿਤ ਲੁੱਟ ਦੇ ਡਰਾਮੇ ਦਾ ਪਰਦਾਫਾਸ਼ ਹੋ ਗਿਆ।
ਭਰਾ ਨੂੰ ਸੌਂਪੀ ਰਕਮ, ਖੁਦ ਬਣ ਗਿਆ ਲੁੱਟ ਦਾ ਸ਼ਿਕਾਇਤਕਰਤਾ
ਪੁਲਸ ਜਾਂਚ ਵਿੱਚ ਸਾਹਮਣੇ ਆਇਆ ਕਿ ਦਵਿੰਦਰ ਨੇ ਆਪਣੇ ਭਰਾ ਸੁਮਿਤ ਨਾਲ ਮਿਲ ਕੇ ਉਗਰਾਹੀ ਦੀ ਰਕਮ ਹੜੱਪਣ ਦੀ ਯੋਜਨਾ ਬਣਾਈ ਸੀ। ਕਥਿਤ ਤੌਰ 'ਤੇ ਨਕਦੀ ਭਰਾ ਦੇ ਹਵਾਲੇ ਕਰਕੇ ਉਸ ਨੂੰ ਸੁਰੱਖਿਅਤ ਥਾਂ ਭੇਜ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਦਵਿੰਦਰ ਖੁਦ ਪੁਲਸ ਕੋਲ ਪਹੁੰਚ ਕੇ ਲੁੱਟ ਦੀ ਸੂਚਨਾ ਦੇਣ ਲੱਗ ਪਿਆ। ਉਸ ਦਾ ਮਕਸਦ ਫਰਮ ਮਾਲਕ ਨੂੰ ਇਹ ਯਕੀਨ ਦਿਵਾਉਣਾ ਸੀ ਕਿ ਲੱਖਾਂ ਰੁਪਏ ਦੀ ਰਕਮ ਹਥਿਆਰਬੰਦ ਲੁਟੇਰੇ ਖੋਹ ਕੇ ਲੈ ਗਏ ਹਨ।
ਫਿਲਹਾਲ ਪੁਲਸ ਨੇ ਦੋਵੇਂ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਪੁਲਿਸ ਸਾਹਮਣੇ ਸਭ ਤੋਂ ਵੱਡੀ ਚੁਣੌਤੀ 43.67 ਲੱਖ ਰੁਪਏ ਦੀ ਪੂਰੀ ਰਕਮ ਬਰਾਮਦ ਕਰਨਾ ਅਤੇ ਸਾਜ਼ਿਸ਼ ਨਾਲ ਜੁੜੇ ਹੋਰ ਪਹਿਲੂਆਂ ਦਾ ਪਤਾ ਲਗਾਉਣਾ ਹੈ। ਜਿਸ ਮਾਮਲੇ ਵਿੱਚ ਪੁਲਸ ਸ਼ੁਰੂ ਵਿੱਚ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਦੀ ਭਾਲ ਕਰ ਰਹੀ ਸੀ, ਉਸੇ ਮਾਮਲੇ ਵਿੱਚ ਹੁਣ ਸ਼ਿਕਾਇਤਕਰਤਾ ਹੀ ਮੁਲਜ਼ਮ ਬਣ ਕੇ ਸਲਾਖਾਂ ਪਿੱਛੇ ਪਹੁੰਚ ਗਿਆ ਹੈ।
ਪੰਜਾਬ: ਭਿਆਨਕ ਹਾਦਸੇ 'ਚ ਆਲਟੋ ਕਾਰ ਦੇ ਉੱਡੇ ਪਰਖੱਚੇ, ਇਕ ਨੌਜਵਾਨ ਦੀ ਦਰਦਨਾਕ ਮੌਤ
NEXT STORY