ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਅਤੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸੂਬੇ ਅੰਦਰ ਦਿਨ ਪ੍ਰਤੀ ਦਿਨ ਦਲਿਤਾਂ ਅਤੇ ਆਮ ਲੋਕਾਂ 'ਤੇ ਵੱਧ ਰਹੇ ਅੱਤਿਆਚਾਰ ਅਤੇ ਹੋ ਰਹੀਆਂ ਬੇਇਨਸਾਫ਼ੀਆਂ ਵੱਡੀ ਚਿੰਤਾ ਦਾ ਵਿਸ਼ਾ ਹਨ ਪਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਘੂਕ ਸੁੱਤੀ ਪਈ ਹੈ। ਨਤੀਜੇ ਵਜੋਂ ਜਿਥੇ ਚੰਗਾਲੀਵਾਲਾ ਵਰਗੇ ਘਿਨੌਣੇ ਕਾਂਡ ਵਾਪਰ ਰਹੇ ਹਨ, ਉਥੇ ਜ਼ੁਲਮਾਂ ਅਤੇ ਭੇਦਭਾਵ ਦਾ ਸ਼ਿਕਾਰ ਹੋਏ ਅਣਗਿਣਤ ਦਲਿਤ ਅਤੇ ਆਮ ਗ਼ਰੀਬ ਲੋਕ ਇਨਸਾਫ਼ ਲਈ ਥਾਣੇ-ਕਚਹਿਰੀਆਂ ਅਤੇ ਸੱਤਾਧਾਰੀ ਲੀਡਰਾਂ ਕੋਲ ਭਟਕ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਦੀ ਪੁਸ਼ਟੀ ਐੱਸ. ਸੀ. ਕਮਿਸ਼ਨ ਪੰਜਾਬ ਖ਼ੁਦ ਕਰ ਰਿਹਾ ਹੈ। ਬੁੱਧ ਰਾਮ ਨੇ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ਅਤੇ ਹੁਣ ਕਾਂਗਰਸ ਦੇ ਲੀਡਰ ਸੱਤਾ ਦੇ ਨਸ਼ੇ 'ਚ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਕੰਮਕਾਜ 'ਚ ਦਖ਼ਲ ਦੇ ਰਹੇ ਹਨ।
ਬੁੱਧ ਰਾਮ ਅਤੇ ਬੀਬੀ ਮਾਣੂੰਕੇ ਨੇ ਕਿਹਾ ਕਿ ਐੱਸ. ਸੀ. ਕਮਿਸ਼ਨ ਪੰਜਾਬ ਦੀ ਚੇਅਰਪਰਸਨ ਅਤੇ ਸਾਬਕਾ ਆਈ. ਏ. ਐੱਸ. ਅਧਿਕਾਰੀ ਤੇਜਿੰਦਰ ਕੌਰ ਇਸ ਮਾਮਲੇ 'ਤੇ ਖ਼ੁਦ ਬੇਵਸੀ ਪ੍ਰਗਟਾ ਰਹੀ ਹੈ ਅਤੇ ਮਾਮਲਾ ਡੀ. ਜੀ. ਪੀ. ਪੰਜਾਬ ਕੋਲ ਉਠਾਉਣ ਦੀਆਂ ਗੱਲਾਂ ਕਰ ਰਹੀ ਹੈ। ਐੱਸ. ਸੀ. ਕਮਿਸ਼ਨ ਪੰਜਾਬ ਦੇ ਦੂਸਰੇ ਮੈਂਬਰ ਵੀ ਬੇਹੱਦ ਨਿਰਾਸ਼ਾਜਨਕ ਖ਼ੁਲਾਸੇ ਕਰ ਰਹੇ ਹਨ। 'ਆਪ' ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਚੁੱਕੀ ਹੈ, ਜਿਸ ਲਈ ਸਿੱਧੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਖ਼ੁਦ ਜ਼ਿੰਮੇਵਾਰ ਹਨ। 'ਆਪ' ਆਗੂਆਂ ਨੇ ਮੰਗ ਕੀਤੀ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਗ਼ਰੀਬਾਂ, ਦਲਿਤਾਂ ਅਤੇ ਆਮ ਲੋਕਾਂ ਨੂੰ ਇਨਸਾਫ਼ ਨਹੀਂ ਦੇ ਸਕਦੇ ਤਾਂ ਉਹ ਅਸਤੀਫ਼ਾ ਦੇ ਕੇ ਸਿਆਸਤ ਤੋਂ ਸੇਵਾਮੁਕਤ ਹੋ ਜਾਣ।
ਜਲੰਧਰ: ਜੋਤੀ ਚੌਕ 'ਚ ਲੱਗੇ ਧਰਨੇ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਬਦਲਿਆ ਰੂਟ
NEXT STORY