ਚੰਡੀਗੜ੍ਹ : ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਆਪਣਿਆਂ ਨਾਲ ਹੀ ਭਿੜਨ ਜਾ ਰਹੀ ਹੈ, ਜਿਸ ਕਾਰਨ ਚੋਣਾਂ 'ਚ ਮੁਕਾਬਲਾ ਰੋਮਾਂਚਕ ਹੋਵੇਗਾ। ਜਾਣਕਾਰੀ ਮੁਤਾਬਕ 'ਆਪ' ਦੇ 20 ਵਿਧਾਇਕ ਅਤੇ 4 ਸੰਸਦ ਮੈਂਬਰ ਹਨ, ਜੋ ਕਿ 6 ਹਿੱਸਿਆਂ 'ਚ ਵੰਡੇ ਗਏ ਹਨ। ਇਸ ਵੇਲੇ ਪਾਰਟੀ ਦੇ ਕੁੱਲ 20 ਵਿਧਾਇਕਾਂ 'ਚੋਂ ਸਿਰਫ 12 ਵਿਧਾਇਕ ਅਤੇ 4 ਸੰਸਦ ਮੈਂਬਰਾਂ 'ਚੋਂ ਸਿਰਫ 2 ਸੰਸਦ ਮੈਂਬਰ ਹੀ ਪਾਰਟੀ ਦੇ ਨਾਲ ਖੜ੍ਹੇ ਹਨ। ਜਦੋਂ ਪਾਰਟੀ ਨੇ ਸੁਖਪਾਲ ਸਿੰਘ ਖਹਿਰਾ ਤੋਂ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਖੋਹ ਲਈ ਸੀ ਤਾਂ ਖਹਿਰਾ ਬਾਗੀ ਹੋ ਗਏ ਸਨ ਅਤੇ ਪਾਰਟੀ ਦੇ 8 ਵਿਧਾਇਕ ਵੀ ਬਾਗੀ ਹੋ ਕੇ ਉਨ੍ਹਾਂ ਨਾਲ ਮਿਲ ਗਏ ਸਨ, ਹਾਲਾਂਕਿ ਬਾਅਦ 'ਚ ਰੁਪਿੰਦਰ ਕੌਰ ਰੂਬੀ ਅਤੇ ਜੈ ਕਿਸ਼ਨ ਰੋੜੀ ਨੇ ਪਾਰਟੀ 'ਚ ਵਾਪਸੀ ਕਰ ਲਈ ਸੀ।
ਭਗਵੰਤ ਮਾਨ ਧੜਾ
ਪਹਿਲੀ ਧਿਰ ਵਜੋਂ ਪਾਰਟੀ ਦੇ ਖੇਮੇ ਵਿਚਲੇ 12 ਵਿਧਾਇਕ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ਹੇਠ ਸਾਰੇ 13 ਹਲਕਿਆਂ 'ਚ ਕੰਮ ਕਰ ਰਹੇ ਹਨ।

ਸੁਖਪਾਲ ਖਹਿਰਾ ਧੜਾ
ਦੂਜੀ ਧਿਰ ਵਜੋਂ ਸੁਖਪਾਲ ਖਹਿਰਾ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੀ 'ਪੰਜਾਬੀ ਏਕਤਾ ਪਾਰਟੀ' ਬਣਾ 'ਪੰਜਾਬ ਡੈਮੋਕ੍ਰੇਟਿਕ ਅਲਾਇੰਸ' 'ਚ ਸ਼ਾਮਲ ਹੋ ਕੇ 3 ਲੋਕ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਹਨ। ਉਹ ਖੁਦ ਬਠਿੰਡਾ ਤੋਂ ਅਤੇ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਵਿਧਾਇਕ ਮਾਸਟਰ ਬਲਦੇਵ ਸਿੰਘ ਫਰੀਦਕੋਟ, ਜਦੋਂ ਕਿ ਬੀਬੀ ਪਰਮਜੀਤ ਕੌਰ ਖਾਲੜਾ ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਹਨ।

ਤੀਜੀ ਧਿਰ
ਤੀਜੀ ਧਿਰ ਵਲੋਂ ਸੁਖਪਾਲ ਖਹਿਰਾ ਨਾਲ ਹੀ ਚੱਲ ਰਹੇ 5 ਬਾਗੀ ਵਿਧਾਇਕ ਕੰਵਰ ਸੰਧੂ, ਨਾਜ਼ਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਅਤੇ ਜਗਦੇਵ ਸਿੰਘ ਕਮਾਲੂ ਨੇ ਖਹਿਰਾ ਵਲੋਂ ਆਪਣੀ ਪਾਰਟੀ ਬਣਾਉਣ ਤੋਂ ਬਾਅਦ ਆਪਣੀ ਵੱਖਰੀ ਧਿਰ ਬਣਾ ਲਈ ਹੈ। ਭਾਵੇਂ ਸੁਖਪਾਲ ਖਹਿਰਾ ਵਲੋਂ ਬਠਿੰਡਾ ਹਲਕੇ 'ਚ ਕੱਢੇ ਰੋਡ ਸ਼ੋਅ 'ਚ 3 ਬਾਗੀ ਵਿਧਾਇਕ ਮਾਨਸ਼ਾਹੀਆ, ਖਾਲਸਾ ਤੇ ਕਮਾਲੂ ਸ਼ਾਮਲ ਹੋਏ ਸਨ ਪਰ ਇਨ੍ਹਾਂ 5 ਵਿਧਾਇਕਾਂ ਨੇ ਹਾਲੇ ਤੱਕ ਸੁਖਪਾਲ ਖਹਿਰਾ ਨੂੰ ਅਧਿਕਾਰਤ ਤੌਰ 'ਤੇ ਹਮਾਇਤ ਕਰਨ ਦਾ ਕੋਈ ਸਾਂਝਾ ਫੈਸਲਾ ਨਹੀਂ ਲਿਆ।

ਐੱਚ. ਐੱਸ. ਫੂਲਕਾ
ਚੌਥੀ ਧਿਰ ਵਜੋਂ ਪਾਰਟੀ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਐੱਚ. ਐੱਸ. ਫੂਲਕਾ ਇਕੱਲੇ ਹੀ ਆਪਣੇ ਸਿਆਸੀ ਘੋੜੇ ਦੌੜਾ ਰਹੇ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਅਜੇ ਫੂਲਕਾ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਹੈ।

ਧਰਮਵੀਰ ਗਾਂਧੀ
ਪੰਜਵੀਂ ਧਿਰ ਵਜੋਂ ਪਾਰਟੀ 'ਚੋਂ ਲੰਬੇ ਸਮੇਂ ਤੋਂ ਮੁਅੱਤਲ ਕੀਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਆਪਣੀ 'ਨਵਾਂ ਪੰਜਾਬ ਪਾਰਟੀ' ਬਣਾ ਕੇ ਪੀਡੀਏ ਨਾਲ ਸਾਂਝ ਪਾ ਕੇ ਮੁੜ ਪਟਿਆਲਾ ਤੋਂ ਹੀ ਚੋਣ ਲੜ ਰਹੇ ਹਨ।

ਹਰਿੰਦਰ ਸਿੰਘ ਖਾਲਸਾ
ਪਾਰਟੀ ਦੀ ਛੇਵੀਂ ਧਿਰ ਵਜੋਂ ਪਾਰਟੀ 'ਚੋਂ ਲੰਬੇ ਸਮੇਂ ਤੋਂ ਮੁਅੱਤਲ ਕੀਤੇ ਗਏ ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਪਾਰਟੀ ਨੂੰ ਅਲਵਿਦਾ ਕਹਿ ਕੇ ਇਨ੍ਹਾਂ ਚੋਣਾਂ 'ਚ ਭਾਜਪਾ ਦਾ ਝੰਡਾ ਚੁੱਕ ਚੁੱਕੇ ਹਨ।

ਵਿਦਿਆ ਬਾਲਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ
NEXT STORY