ਅਬੋਹਰ (ਸੁਨੀਲ) : ਬੀਤੀ ਰਾਤ ਪਿੰਡ ਰੁਹੇੜੀਆਂਵਾਲੀ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਪਿੰਡ ਆਲਮਗੜ੍ਹ ਤੋਂ ਕੁੱਝ ਦੂਰੀ ’ਤੇ ਇਕ ਤੇਜ਼ ਰਫ਼ਤਾਰ ਅਣਪਛਾਤੇ ਡੰਪਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਇਸ ਹਾਦਸੇ ’ਚ ਉਸਦਾ ਦੋਸਤ ਵਾਲ-ਵਾਲ ਬਚ ਗਿਆ। ਸਦਰ ਥਾਣਾ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰੱਖਵਾ ਦਿੱਤਾ ਹੈ। ਮ੍ਰਿਤਕ ਨੌਜਵਾਨ ਦਾ ਭਰਾ ਜੈਸਲਮੇਰ ’ਚ ਫ਼ੌਜ ’ਚ ਤਾਇਨਾਤ ਹੈ। ਜਾਣਕਾਰੀ ਅਨੁਸਾਰ 25 ਸਾਲਾ ਵਿਕਰਮ ਪਿੰਡ ਰੁਹੇੜੀਆਂਵਾਲੀ ਦੇ ਵਸਨੀਕ ਮਦਨ ਲਾਲ ਦਾ ਪੁੱਤਰ ਸੀ, ਜੋ ਕਿ ਪਿੰਡ ਸੈਦਾਂਵਾਲੀ ਦੇ ਕਿੰਨੂ ਵੈਕਸਿੰਗ ਪਲਾਂਟ ’ਚ ਕੰਮ ਕਰਦਾ ਸੀ।
ਬੀਤੀ ਸ਼ਾਮ ਆਪਣੇ ਦੋਸਤ ਭੈਰੋ ਨਾਲ ਰਾਤ ਦੀ ਡਿਊਟੀ ਲਈ ਮੋਟਰਸਾਈਕਲ ’ਤੇ ਸੈਦਾਂਵਾਲੀ ਜਾ ਰਿਹਾ ਸੀ। ਜਦੋਂ ਦੋਵੇਂ ਆਲਮਗੜ੍ਹ ਤੋਂ ਕਰੀਬ ਇਕ ਕਿਲੋਮੀਟਰ ਅੱਗੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਡੰਪਰ ਦੇ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਕਾਰਨ ਵਿਕਰਮ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦਾ ਸਾਥੀ ਭੈਰੋ ਸੜਕ ਦੇ ਕਿਨਾਰੇ ਕੱਚੀ ਥਾਂ ’ਤੇ ਡਿੱਗਣ ਕਾਰਨ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਸਦਰ ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ। ਸਹਾਇਕ ਸਬ-ਇੰਸਪੈਕਟਰ ਓਮ ਪ੍ਰਕਾਸ਼ ਨੇ ਮ੍ਰਿਤਕ ਦੇ ਚਚੇਰੇ ਭਰਾ ਰਣਵੀਰ ਸਿੰਘ ਦੇ ਬਿਆਨ ’ਤੇ ਅਣਪਛਾਤੇ ਡੰਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਕੈਬਨਿਟ ਦੀ ਤਾਰੀਖ਼ ਬਦਲੀ, ਹੁਣ 6 ਦੀ ਬਜਾਏ 10 ਫਰਵਰੀ ਨੂੰ ਹੋਵੇਗੀ ਅਹਿਮ ਮੀਟਿੰਗ
NEXT STORY