ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਦੇ ਬੇਹੜਾ ਰੋਡ ’ਤੇ ਥਾਪਰ ਯੂਨੀਵਰਸਿਟੀ ਅਤੇ ਮੀਟ ਪਲਾਂਟ ਨੇੜੇ ਐਤਵਾਰ ਸ਼ਾਮ ਵਾਪਰੇ ਸੜਕ ਹਾਦਸੇ 'ਚ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਪਰਾਲੀ ਦੀਆਂ ਗੱਠਾਂ ਨਾਲ ਲੱਦੀ ਟਰੈਕਟਰ-ਟਰਾਲੀ ਨੂੰ ਓਵਰਟੇਕ ਕਰਦਿਆਂ ਕਾਰ ਬੇਕਾਬੂ ਹੋ ਕੇ ਟਰਾਲੀ ਦੇ ਪਿਛਲੇ ਹਿੱਸੇ ਵਿੱਚ ਜਾ ਵੱਜੀ। ਮ੍ਰਿਤਕ ਦੀ ਪਛਾਣ ਅਜੈ ਮਿਸ਼ਰਾ (22) ਪੁੱਤਰ ਗੋਪਾਲ ਮਿਸ਼ਰਾ, ਮੂਲ ਵਾਸੀ ਅਮੇਠੀ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਹ ਹਰਿਆਣਾ ਦੀ ਇਕ ਗਲਾਸ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਦੋਸਤਾਂ ਨੂੰ ਮਿਲਣ ਲਈ ਡੇਰਾਬਸੀ ਆਇਆ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਕੁੱਝ ਸਮਾਂ ਪਹਿਲਾਂ ਹੀ ਉਸ ਦੀ ਮੰਗਣੀ ਹੋਈ ਸੀ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਦਿਲਬਾਗ ਸਿੰਘ ਅਨੁਸਾਰ ਅਜੈ ਐਤਵਾਰ ਸ਼ਾਮ ਆਪਣੇ ਦੋਸਤ ਨਾਲ ਯੂ.ਪੀ. ਨੰਬਰ ਦੀ ਕਾਰ ਵਿੱਚ ਸਫ਼ਰ ਕਰ ਰਿਹਾ ਸੀ। ਕਾਰ ਉਸ ਦਾ ਦੋਸਤ ਚਲਾ ਰਿਹਾ ਸੀ, ਜਦਕਿ ਅਜੈ ਅਗਲੀ ਸੀਟ ’ਤੇ ਬੈਠਾ ਸੀ।
ਥਾਪਰ ਯੂਨੀਵਰਸਿਟੀ ਤੋਂ ਕਰੀਬ 100 ਗਜ਼ ਅੱਗੇ ਕਾਰ ਚਾਲਕ ਨੇ ਅੱਗੇ ਜਾ ਰਹੀ ਪਰਾਲੀ ਨਾਲ ਲੱਦੀ ਟਰੈਕਟਰ-ਟਰਾਲੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਮੁਤਾਬਕ ਇਸੇ ਦੌਰਾਨ ਸਾਹਮਣਿਓਂ ਆ ਰਹੇ ਇਕ ਅਣਪਛਾਤੇ ਵਾਹਨ ਦੀਆਂ ਤੇਜ਼ ਲਾਈਟਾਂ ਕਾਰ ਚਾਲਕ ਦੀਆਂ ਅੱਖਾਂ ’ਤੇ ਪੈਣ ਕਾਰਨ ਉਸ ਨੂੰ ਅੱਗੇ ਦੇਖਣ ਵਿੱਚ ਦਿੱਕਤ ਆਈ। ਉਸ ਨੇ ਬਚਾਅ ਲਈ ਬ੍ਰੇਕ ਲਾਈ ਤਾਂ ਕਾਰ ਬੇਕਾਬੂ ਹੋ ਕੇ ਘੁੰਮ ਗਈ ਅਤੇ ਕੰਡਕਟਰ ਵਾਲੇ ਪਾਸਿਓਂ ਟਰਾਲੀ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਖੱਬਾ ਪਾਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸੇ ਪਾਸੇ ਬੈਠੇ ਅਜੈ ਮਿਸ਼ਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲਿਆ ਅਤੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ। ਏ.ਐੱਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਪੁਲਸ ਨੇ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ 'ਚ ਪੰਡਤ ਧਿਰੇਂਦਰ ਸ਼ਾਸਤਰੀ ਦੀ ਕਥਾ 'ਚ ਹੈਰਾਨ ਕਰਨ ਵਾਲੀ ਘਟਨਾ, ਮਾਮਲਾ ਜਾਣ ਉਡਣਗੇ ਹੋਸ਼
NEXT STORY