ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਦੇ ਹੱਲੋਮਾਜਰਾ ਚੌਂਕ ਨੇੜੇ ਬਹੁਤ ਹੀ ਅਜੀਬੋ-ਗਰੀਬ ਤੇ ਭਿਆਨਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ। ਇੱਥੇ ਰੇਲਵੇ ਓਵਰਬ੍ਰਿਜ ਤੋਂ ਲੰਘ ਰਹੀ ਇਕ ਚੱਲਦੀ ਰੇਲ (ਮਾਲ ਗੱਡੀ) ਦਾ ਦਰਵਾਜ਼ਾ ਅਚਾਨਕ ਟੁੱਟ ਕੇ ਹੇਠਾਂ ਸੜਕ ਤੋਂ ਲੰਘ ਰਹੀ ਕਾਰ ਉੱਪਰ ਜਾ ਡਿੱਗਿਆ। ਰੇਲ ਦੇ ਦਰਵਾਜ਼ੇ ਨੇ ਕਾਰ ਦੀ ਛੱਤ ਅਤੇ ਫਰੰਟ ਸ਼ੀਸ਼ਾ ਤੋੜ ਦਿੱਤਾ, ਜਿਸ ਨਾਲ ਕਾਰ ਦੇ ਪਰਖੱਚੇ ਉੱਡ ਗਏ ਅਤੇ ਅੰਦਰ ਬੈਠਾ ਪੂਰਾ ਪਰਿਵਾਰ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਇੱਕੋ ਪਰਿਵਾਰ ਦੇ 5 ਮੈਂਬਰ ਕਾਰ ’ਚ ਸਵਾਰ ਹੋ ਕੇ ਹੱਲੋਮਾਜਰਾ ਪੁਲ਼ ਹੇਠੋਂ ਲੰਘ ਰਹੇ ਸਨ। ਉਸੇ ਵੇਲੇ ਉੱਪਰ ਰੇਲਵੇ ਟਰੈਕ ਤੋਂ ਇਕ ਮਾਲ ਗੱਡੀ ਲੰਘ ਰਹੀ ਸੀ। ਅਚਾਨਕ ਮਾਲ ਗੱਡੀ ਦਾ ਇਕ ਬਹੁਤ ਹੀ ਭਾਰੀ ਲੋਹੇ ਦਾ ਦਰਵਾਜ਼ਾ ਉੱਖੜ ਕੇ ਸਿੱਧਾ ਹੇਠਾਂ ਆ ਰਹੀ ਕਾਰ ’ਤੇ ਆ ਡਿੱਗਿਆ। ਦਰਵਾਜ਼ਾ ਇੰਨਾ ਭਾਰੀ ਸੀ ਕਿ ਉਹ ਕਾਰ ਦਾ ਸ਼ੀਸ਼ਾ ਅਤੇ ਛੱਤ ਚੀਰਦਾ ਹੋਇਆ ਅੰਦਰ ਤੱਕ ਧੱਸ ਗਿਆ।
ਦਰਵਾਜ਼ਾ ਡਿੱਗਣ ਕਾਰਨ ਗੱਡੀ ’ਚ ਸਵਾਰ ਸਾਰੇ ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਇਕ 25 ਸਾਲਾ ਕੁੜੀ ਦੇ ਸਿਰ ਅਤੇ ਸਰੀਰ ’ਤੇ ਗੰਭੀਰ ਸੱਟਾਂ ਆਈਆਂ ਹਨ, ਜੋ ਕਿ ਮੌਕੇ 'ਤੇ ਬੇਹੋਸ਼ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਰਾਹਗੀਰਾਂ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਕਾਰ ’ਚੋਂ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਕਾਲਜ ਤੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਕੁੜੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਮਾਲ ਗੱਡੀ ਲੁਧਿਆਣਾ ਤੋਂ ਚੰਡੀਗੜ੍ਹ ਆ ਰਹੀ ਸੀ। ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੀ.ਸੀ.ਆਰ. ਨੇ ਕੁੜੀ ਨੂੰ ਜੀ.ਐੱਮ.ਸੀ.ਐੱਚ.-32 ’ਚ ਦਾਖ਼ਲ ਕਰਵਾਇਆ। ਉਸ ਦੇ ਸਿਰ ’ਚ ਸੱਟ ਲੱਗੀ ਹੈ। ਮਾਮਲੇ ਦੀ ਜਾਂਚ ਜੀ.ਆਰ.ਪੀ. ਤੇ ਸੈਕਟਰ-31 ਥਾਣੇ ਦੀ ਪੁਲਸ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਸੈਕਟਰ-35 ਦੀ ਰਹਿਣ ਵਾਲੀ ਪ੍ਰੀਤੀ ਆਪਣੀ ਦਾਦੀ ਨੂੰ ਹੱਲੋਮਾਜਰਾ ਵਿਖੇ ਮਿਲਣ ਤੋਂ ਬਾਅਦ ਪਰਿਵਾਰ ਸਮੇਤ ਕਾਰ ’ਚ ਘਰ ਵਾਪਸ ਜਾ ਰਹੀ ਸੀ। ਕਰੀਬ 4 ਵੱਜ ਕੇ 10 ਮਿੰਟ ’ਤੇ ਜਦੋਂ ਕਾਰ ਹੱਲੋਮਾਜਰਾ ਦੇ ਰੇਲਵੇ ਅੰਡਰਬ੍ਰਿਜ ਤੋਂ ਲੰਘਣ ਲੱਗੀ ਤਾਂ ਅਚਾਨਕ ਪੁਲ਼ ਉੱਪਰੋਂ ਲੰਘ ਰਹੀ ਮਾਲ ਗੱਡੀ ਦਾ ਲੋਹੇ ਦਾ ਦਰਵਾਜ਼ਾ ਟੁੱਟ ਕੇ ਕਾਰ ’ਤੇ ਡਿੱਗ ਪਿਆ। ਜੀ.ਆਰ.ਪੀ. ਦਾ ਕਹਿਣਾ ਹੈ ਕਿ ਇਹ ਮਾਮਲਾ ਚੰਡੀਗੜ੍ਹ ਪੁਲਸ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ ਤੇ ਚੰਡੀਗੜ੍ਹ ਪੁਲਸ ਵੱਲੋਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਸ ਅਨੁਸਾਰ ਅਜੇ ਤੱਕ ਇਸ ਸਬੰਧੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ।
ਕੌਣ ਕਰੇਗਾ ਕਾਰ ਦੇ ਨੁਕਸਾਨ ਦੀ ਭਰਪਾਈ?
ਮਾਲ ਗੱਡੀ ਦਾ ਦਰਵਾਜ਼ਾ ਟੁੱਟ ਕੇ ਕਾਰ ’ਤੇ ਡਿੱਗਣ ਕਾਰਨ ਵਾਹਨ ਦਾ ਕਾਫ਼ੀ ਨੁਕਸਾਨ ਹੋਇਆ ਹੈ। ਸਵਾਲ ਇਹ ਹੈ ਕਿ ਇਸ ਨੁਕਸਾਨ ਦੀ ਭਰਪਾਈ ਕੌਣ ਕਰੇਗਾ? ਇਸ ਤੋਂ ਇਲਾਵਾ ਕੁੜੀ ਦੇ ਸਿਰ ’ਚ ਵੀ ਸੱਟ ਲੱਗੀ ਹੈ। ਇਸ ਸੱਟ ਦੀ ਜ਼ਿੰਮੇਵਾਰੀ ਕੌਣ ਲਵੇਗਾ?
ਪੰਜਾਬ: ਸਕੂਲ ਨੇੜਿਓਂ ਖ਼ਾਲੀ ਪਲਾਟ 'ਚੋਂ ਮਿਲੀ ਅਸਾਲਟ ਰਾਈਫ਼ਲ! ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
NEXT STORY