ਜਲੰਧਰ (ਸੋਨੂੰ): ਫਿਲੌਰ ਵਿਚ ਇਕ ਸਵਿਫਟ ਕਾਰ ਅਤੇ ਕੈਂਟਰ ਟਰੱਕ ਵਿਚਕਾਰ ਇਕ ਭਿਆਨਕ ਟੱਕਰ ਹੋ ਗਈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਕੈਂਟਰ ਡਰਾਈਵਰ ਸਵਰਨਜੀਤ ਸਿੰਘ ਨੇ ਦੱਸਿਆ ਕਿ ਸਵਿਫਟ ਕਾਰ ਨਵਾਂਸ਼ਹਿਰ ਵੱਲੋਂ ਆ ਰਹੀ ਸੀ। ਉਹ ਰਾਏਕੋਟ ਤੋਂ ਪਸ਼ੂਆਂ ਦੀ ਫੀਡ ਭਰ ਕੇ ਰਾਹੋਂ ਵੱਲ ਜਾ ਰਿਹਾ ਸੀ। ਜਦੋਂ ਉਹ ਫਿਲੌਰ-ਨਵਾਂਸ਼ਹਿਰ ਰੋਡ 'ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੇ ਗਲਤ ਸਾਈਡ 'ਤੇ ਆ ਕੇ ਉਸ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿਚ ਕਾਰ ਵਿਚ ਸਵਾਰ 5 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਕਾਰ ਵਿੱਚ ਇੱਕ ਮਹਿਲਾ ਅਤੇ ਚਾਰ ਪੁਰਸ਼ ਸਵਾਰ ਸਨ। ਜ਼ਖਮੀਆਂ ਦੀ ਪਛਾਣ ਪਰਮਜੀਤ ਸਿੰਘ (ਪਿੰਡ ਖਾਨ ਖਾਨਾ), ਊਸ਼ਾ ਰਾਣੀ, ਰਾਜਵੀਰ ਸਿੰਘ ਅਤੇ ਸੁਖਜਿੰਦਰ ਸਿੰਘ ਵਜੋਂ ਹੋਈ ਹੈ।
ਜ਼ਖਮੀਆਂ ਨੂੰ 108 ਐਂਬੂਲੈਂਸ ਰਾਹੀਂ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ। ਡਿਊਟੀ ਡਾਕਟਰ ਰਾਜਵੀਰ ਕੌਰ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਉਨ੍ਹਾਂ ਦਾ ਮੁਢਲਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।
ਮੌਕੇ 'ਤੇ ਪਹੁੰਚੇ 112 ਦੇ ਡਿਊਟੀ ਅਫਸਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੈਂਟਰ ਡਰਾਈਵਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ, ਕਾਰ ਚਾਲਕ ਊਸ਼ਾ ਰਾਣੀ ਨੇ ਕਿਹਾ ਕਿ ਉਹ ਮੱਥਾ ਟੇਕਣ ਲਈ ਸੰਗਰੂਰ ਜਾ ਰਹੇ ਸਨ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਸੁਖਜਿੰਦਰ ਸਿੰਘ ਨੇ ਵੀ ਦੋਸ਼ ਲਾਇਆ ਕਿ ਟਰੱਕ ਡਰਾਈਵਰ ਨੇ ਸਾਹਮਣੇ ਤੋਂ ਆ ਕੇ ਟੱਕਰ ਮਾਰੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਧਾਗੇ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ! ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 60 ਗੱਡੀਆਂ
NEXT STORY