ਸੰਗਰੂਰ (ਕੋਹਲੀ) : ਅਕਾਲੀ ਦਲ ਦੀਆਂ ਸੰਗਰੂਰ ਅਤੇ ਬਰਨਾਲਾ ਜ਼ਿਲਾ ਇਕਾਈਆਂ ਵਲੋਂ ਪਾਸ ਕੀਤੇ ਮਤੇ ਖਿਲਾਫ ਪਰਮਿੰਦਰ ਢੀਂਡਸਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਪਰਮਿੰਦਰ ਢੀਂਡਸਾ ਨੇ ਕਿਹਾ ਹੈ ਕਿ ਅਜਿਹਾ ਕਰਨ ਨਾਲ ਸਾਨੂੰ ਕੋਈ ਫਰਕ ਨਹੀਂ ਪਵੇਗਾ ਕਿਉਂਕਿ 80 ਫੀਸਦੀ ਵਰਕਰ ਸਾਡੇ ਨਾਲ ਹਨ, ਕੁਝ ਲੋਕ ਹੀ ਹਨ ਜਿਹੜੇ ਹਾਈ ਕਮਾਨ ਨੂੰ ਖੁਸ਼ ਕਰਨ ਲਈ ਅਜਿਹੇ ਬਿਆਨ ਦੇ ਰਹੇ ਹਨ। ਪਰਮਿੰਦਰ ਨੇ ਕਿਹਾ ਕਿ ਪਾਰਟੀ ਇਕ ਸਿਧਾਂਤ ਹੁੰਦੀ ਹੈ, ਪਾਰਟੀ ਦੇ ਉਦੇਸ਼ ਹੁੰਦੇ ਹਨ ਪਰ ਜਦੋਂ ਪਾਰਟੀ ਉਦੇਸ਼ਾਂ ਤੋਂ ਭਟਕ ਜਾਵੇ ਫਿਰ ਕਹਿਣ ਨੂੰ ਹੀ ਪਾਰਟੀ ਰਹਿ ਜਾਂਦੀ ਹੈ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਾਰਸ ਹਾਂ ਅਤੇ ਪਾਰਟੀ 'ਚ ਚੰਗੀ ਸੋਚ ਲੈ ਕੇ ਕੰਮ ਕਰਾਂਗੇ।
ਢੀਂਡਸਾ ਮੁਤਾਬਕ ਉਹ ਪਾਰਟੀ ਵਰਕਰਾਂ ਅਤੇ ਸ਼ੁੱਭ ਚਿੰਤਕਾਂ ਕੋਲ ਜਾਣਗੇ, ਉਨ੍ਹਾਂ ਕੋਲ ਆਪਣੀ ਗੱਲ ਰੱਖਣਗੇ ਅਤੇ ਉਨ੍ਹਾਂ ਨੂੰ ਨਾਲ ਆਉਣ ਦੀ ਅਪੀਲ ਕਰਨਗੇ। ਢੀਂਡਸਾ ਨੇ ਮੁੜ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਨਿੱਜੀ ਲੜਾਈ ਨਹੀਂ ਹੈ, ਉਹ ਸਿਰਫ ਪਾਰਟੀ ਦੀ ਮਜ਼ਬੂਤੀ ਲਈ ਸਿਧਾਂਤਾਂ ਦੀ ਲੜਾਈ ਲੜ ਰਹੇ ਹਨ। ਪਾਰਟੀ ਪੰਜਾਬ, ਪੰਜਾਬ ਦੇ ਲੋਕਾਂ ਅਤੇ ਪੰਥ 'ਤੇ ਪਹਿਰਾ ਦੇਵੇ ਇਹੋ ਸਾਡਾ ਮਕਸਦ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਪਾਰਟੀ ਦੀਆਂ ਸੰਗਰੂਰ ਅਤੇ ਬਰਨਾਲਾ ਜ਼ਿਲਾ ਇਕਾਈਆਂ ਵਲੋਂ ਢੀਂਡਸਾ ਪਿਤਾ-ਪੁੱਤਰ ਖ਼ਿਲਾਫ਼ ਮਤਾ ਪਾਸ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਗਈ ਸੀ ਕਿ ਦੋਵਾਂ ਨੂੰ ਪਾਰਟੀ 'ਚੋਂ ਬਰਖ਼ਾਸਤ ਕੀਤਾ ਜਾਵੇ। ਬੀਤੇ ਦਿਨੀਂ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਵਲੋਂ ਦੋਵੇਂ ਜ਼ਿਲਿਆਂ ਦੇ ਇੰਚਾਰਜ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਹਲਕਾ ਇੰਚਾਰਜਾਂ, ਸ਼੍ਰੋਮਣੀ ਕਮੇਟੀ ਮੈਂਬਰਾਂ, ਜ਼ਿਲਾ ਅਤੇ ਸਰਕਲ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਪਾਰਟੀ ਤੋਂ ਮੰਗ ਕੀਤੀ ਕਿ ਢੀਂਡਸਾ ਪਿਤਾ-ਪੁੱਤਰ ਖ਼ਿਲਾਫ਼ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਦੇ ਦੋਸ਼ ਹੇਠ ਅਨੁਸ਼ਾਸਨੀ ਕਾਰਵਾਈ ਕਰਦਿਆਂ ਦੋਵਾਂ ਨੂੰ ਪਾਰਟੀ 'ਚੋ ਬਰਖ਼ਾਸਤ ਕੀਤਾ ਜਾਵੇ। ਮਲੂਕਾ ਮੁਤਾਬਕ ਉਨ੍ਹਾਂ ਵਲੋਂ ਪਾਰਟੀ ਪ੍ਰਧਾਨ ਨੂੰ ਵਰਕਰਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਗਿਆ ਸੀ ਕਿ ਉਹ ਦੁਚਿੱਤੀ ਵਿਚ ਹਨ। ਮਲੂਕਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਪਾਰਟੀ ਦੀ ਕਿਸੇ ਮੀਟਿੰਗ ਵਿਚ ਭਾਗ ਨਹੀਂ ਲੈ ਰਹੇ ਸਗੋਂ ਪਾਰਟੀ 'ਚੋਂ ਕੱਢੇ ਹੋਏ ਪਾਰਟੀ ਵਿਰੋਧੀ ਆਗੂਆਂ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਹਨ।
ਵਾਹ ਓਏ ਡਿਜੀਟਲ ਇੰਡੀਆ, ਘਰ ਖੜ੍ਹੇ ਸਕੂਟਰ ਦਾ ਆਗਰਾ 'ਚ ਕੱਟਿਆ ਗਿਆ ਈ-ਚਲਾਨ
NEXT STORY