ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਪੰਜਾਬ ਦੀ ਰਾਜਨੀਤੀ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਮੁੜ ਗਠਜੋੜ ਨੂੰ ਲੈ ਕੇ ਲਗਾਤਾਰ ਅਟਕਲਾਂ ਦਾ ਬਾਜ਼ਾਰ ਗਰਮ ਹੈ। ਇਨ੍ਹਾਂ ਕਿਆਸਰਾਈਆਂ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਵਿਖੇ ਆਯੋਜਿਤ 'ਵਪਾਰੀ ਮਿਲਣੀ' ਸਮਾਗਮ ਦੌਰਾਨ ਇੱਕ ਅਜਿਹਾ ਸੰਕੇਤ ਦਿੱਤਾ, ਜਿਸ ਨੇ ਸਿਆਸੀ ਗਲਿਆਰਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ।
ਬਰਨਾਲਾ ਵਿਖੇ ਵਪਾਰੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਜੋਰਦਾਰ ਅਪੀਲ ਕੀਤੀ। ਉਨ੍ਹਾਂ ਨੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਵਪਾਰੀ ਵਰਗ ਨੂੰ ਪੂਰਨ ਸੁਰੱਖਿਆ ਅਤੇ ਸਹੂਲਤਾਂ ਦੇਣ ਦਾ ਭਰੋਸਾ ਦਿਵਾਇਆ। ਹਾਲਾਂਕਿ, ਭਾਸ਼ਣ ਦੇ ਆਖਰੀ ਪੜਾਅ 'ਚ ਉਨ੍ਹਾਂ ਦਾ ਰੂਪ-ਰੇਖਾ ਕੁਝ ਵੱਖਰੀ ਹੀ ਨਜ਼ਰ ਆਈ।
ਸੁਖਬੀਰ ਬਾਦਲ ਨੇ ਆਪਣੇ ਭਾਸ਼ਣ ਦੇ ਅੰਤ ਵਿੱਚ ਸਥਾਨਕ ਸੀਨੀਅਰ ਆਗੂਆਂ ਕੁਲਵੰਤ ਸਿੰਘ ਕੰਤਾ, ਸੰਜੀਵ ਸ਼ੋਰੀ ਅਤੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਦੇ ਨਾਂ ਤਾਂ ਮੰਚ ਤੋਂ ਲਏ, ਪਰ ਰਵਾਇਤੀ ਸ਼ੈਲੀ ਤੋਂ ਹਟ ਕੇ ਉਨ੍ਹਾਂ ਨੇ ਬਰਨਾਲਾ ਹਲਕੇ ਤੋਂ ਕਿਸੇ ਖਾਸ ਆਗੂ ਦਾ ਨਾਂ ਲੈ ਕੇ 'ਜਿਤਾਉਣ' ਜਾਂ 'ਵੋਟਾਂ ਪਾਉਣ' ਦੀ ਸਪੱਸ਼ਟ ਅਪੀਲ ਨਹੀਂ ਕੀਤੀ। ਆਮ ਤੌਰ 'ਤੇ ਸਿਆਸੀ ਰੈਲੀਆਂ 'ਚ ਪਾਰਟੀ ਪ੍ਰਧਾਨ ਆਪਣੇ ਉਮੀਦਵਾਰ ਦੇ ਹੱਕ 'ਚ ਸਪੱਸ਼ਟ ਫਤਵਾ ਮੰਗਦੇ ਹਨ, ਪਰ ਸੁਖਬੀਰ ਬਾਦਲ ਵੱਲੋਂ ਅਜਿਹਾ ਨਾ ਕਰਨਾ ਬਰਨਾਲਾ ਦੀ ਸਿਆਸਤ ਵਿੱਚ ਵੱਡੇ ਬਦਲਾਅ ਵਲ ਇਸ਼ਾਰਾ ਕਰ ਰਿਹਾ ਹੈ।
ਸਿਆਸੀ ਮਾਹਰਾਂ ਅਤੇ ਸਥਾਨਕ ਲੋਕਾਂ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਦੀ ਇਹ ਚੁੱਪ ਅਤੇ ਇਸ਼ਾਰਾ ਇਸ ਗੱਲ ਦਾ ਪੁਖਤਾ ਸੰਕੇਤ ਹੈ ਕਿ ਸੰਭਾਵੀ ਗਠਜੋੜ ਦੇ ਸਮਝੌਤੇ ਤਹਿਤ ਬਰਨਾਲਾ ਸੀਟ ਭਾਜਪਾ ਦੇ ਖਾਤੇ ਵਿੱਚ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਪਾਰਟੀ ਪ੍ਰਧਾਨ ਨੇ ਇੱਥੋਂ ਕਿਸੇ ਅਕਾਲੀ ਆਗੂ ਨੂੰ ਉਮੀਦਵਾਰ ਵਜੋਂ ਪੇਸ਼ ਕਰਨ ਤੋਂ ਗੁਰੇਜ਼ ਕੀਤਾ। ਇਸ ਘਟਨਾਕ੍ਰਮ ਤੋਂ ਬਾਅਦ ਜਿੱਥੇ ਅਕਾਲੀ ਦਲ ਦੇ ਸਥਾਨਕ ਆਗੂਆਂ ਵਿੱਚ ਅੰਦਰੂਨੀ ਖਿੱਚੋਤਾਣ ਅਤੇ ਉਲਝਣ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਭਾਜਪਾ ਖੇਮੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਅਕਾਲੀ-ਭਾਜਪਾ ਗਠਜੋੜ ਦਾ ਉਪਚਾਰਿਕ ਐਲਾਨ ਹੁੰਦਾ ਹੈ ਜਾਂ ਨਹੀਂ, ਪਰ ਸੁਖਬੀਰ ਬਾਦਲ ਦੇ ਇਸ 'ਸੰਕੇਤ' ਨੇ ਬਰਨਾਲਾ ਦੀ ਰਾਜਨੀਤੀ ਵਿੱਚ ਵੱਡੀਆਂ ਤਬਦੀਲੀਆਂ ਦੀ ਨੀਂਹ ਜ਼ਰੂਰ ਰੱਖ ਦਿੱਤੀ ਹੈ।
ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਦੀ ਰਿਸੈਪਸ਼ਨ 'ਚ ਪਹੁੰਚੇ ਸੁਖਬੀਰ, ਹਰਸਿਮਰਤ ਤੇ ਕੇਵਲ ਢਿੱਲੋਂ ਸਣੇ ਵੱਡੇ ਲੀਡਰ
NEXT STORY