ਫ਼ਾਜ਼ਿਲਕਾ (ਕ੍ਰਿਸ਼ਨ): ਬੀਤੀ ਰਾਤ ਵਾਪਰੀ ਇਕ ਸਨਸਨੀਖੇਜ਼ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ, ਜੋ ਕਿ ਪਿੰਡ ਰਾਣਾ ਦੀ ਦੱਸੀ ਜਾ ਰਹੀ ਹੈ। ਸਾਹਮਣੇ ਆਈ ਇਸ ਵੀਡੀਓ ਵਿਚ ਰਾਤ ਸਮੇਂ ਬਾਜ਼ਾਰ ਵਿੱਚ ਦੁਕਾਨਾਂ ਦੇ ਬਿਲਕੁਲ ਸਾਹਮਣੇ ਸੜਕ ਦੇ ਵਿਚਕਾਰ ਇਕ ਮੋਟਰਸਾਈਕਲ ਨੂੰ ਅੱਗ ਲਗਾਈ ਹੋਈ ਦਿਖਾਈ ਦੇ ਰਹੀ ਹੈ, ਜਿਸ ਵਿੱਚੋਂ ਤੇਜ਼ ਲਪਟਾਂ ਨਿਕਲ ਰਹੀਆਂ ਹਨ।
ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਮੋਟਰਸਾਈਕਲ ਨੂੰ ਅੱਗ ਦੇ ਹਵਾਲੇ ਕਰਨ ਤੋਂ ਬਾਅਦ ਇੱਕ ਨੌਜਵਾਨ ਹੱਥ ਵਿੱਚ ਲੋਹੇ ਦੀ ਰਾਡ ਜਾਂ ਕੋਈ ਹਥਿਆਰ ਲੈ ਕੇ ਗੁੱਸੇ ਵਿੱਚ ਸੜਦੇ ਹੋਏ ਮੋਟਰਸਾਈਕਲ 'ਤੇ ਲਗਾਤਾਰ ਜ਼ੋਰਦਾਰ ਵਾਰ ਕਰ ਰਿਹਾ ਹੈ। ਇਸ ਦੌਰਾਨ ਕੋਲ ਖੜ੍ਹੇ ਇੱਕ ਵਿਅਕਤੀ ਵੱਲੋਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਇੱਕ ਹੋਰ ਨੌਜਵਾਨ ਅੱਗੇ ਵਧ ਕੇ ਉਸਨੂੰ ਫੜ ਕੇ ਸਾਈਡ 'ਤੇ ਲੈ ਜਾਂਦਾ ਹੈ।
ਘਟਨਾ ਸਮੇਂ ਆਸ-ਪਾਸ ਦੀਆਂ ਦੁਕਾਨਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਇਕੱਠੇ ਹੋ ਕੇ ਇਹ ਸਾਰਾ ਮੰਜ਼ਰ ਦੇਖਦੇ ਰਹੇ। ਸੜਕ ਦੇ ਐਨ ਵਿਚਕਾਰ ਮੋਟਰਸਾਈਕਲ ਸੜਦਾ ਹੋਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਉੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਬੜੀ ਸਾਵਧਾਨੀ ਨਾਲ ਸਾਈਡ ਤੋਂ ਲੰਘਣਾ ਪਿਆ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮੋਟਰਸਾਈਕਲ ਨੂੰ ਅੱਗ ਕਿਸ ਵੱਲੋਂ ਲਗਾਈ ਗਈ ਅਤੇ ਇਸ ਝਗੜੇ ਪਿੱਛੇ ਅਸਲ ਕਾਰਨ ਕੀ ਸੀ। ਇਹ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ।
ਪੁੱਤ ਨੂੰ ਬਚਾਉਣ ਗਏ ਪਿਤਾ ਦਾ ਕਤਲ! 5 ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ
NEXT STORY