ਚੰਡੀਗੜ੍ਹ (ਅੰਕੁਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ’ਚ ਪੇਪਰ ਲੀਕ ਮਾਮਲੇ ਨੂੰ ਲੈ ਕੇ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੇਪਰ ਲੀਕ ਕਰਵਾਉਣ ਦੇ ਬਦਲੇ ਪੈਸੇ ਵਸੂਲਣ ਦਾ ਘਪਲਾ ਡੂੰਘੀਆਂ ਜੜ੍ਹਾਂ ਪੱਕੀਆਂ ਕਰ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਸਰਪ੍ਰਸਤੀ ਹੇਠ ਬੇਈਮਾਨ ਤੱਤਾਂ ਦੀ ਮਦਦ ਨਾਲ 11 ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰ ਚੋਣਵੇਂ ਤਰੀਕੇ ਨਾਲ ਲੀਕ ਕਰ ਕੇ ‘ਮੈਨੇਜ’ ਕੀਤੇ ਗਏ। ‘ਆਪ’ ਦੀ ਪੂਰੀ ਲੀਡਰਸ਼ਿਪ ਇਸ ਘਪਲੇ ਦਾ ਡਟ ਕੇ ਬਚਾਅ ਕਰ ਰਹੀ ਹੈ। ਪਹਿਲਾਂ ਟੀ. ਈ. ਟੀ. ਦਾ ਪੇਪਰ ਲੀਕ ਹੋਣ ਦੀ ਗੱਲ ਮੰਨਣ ਦੇ ਬਾਵਜੂਦ ਹੁਣ ਉਹ ਖੁੱਲ੍ਹ ਕੇ ਇਹ ਦਾਅਵਾ ਕਰ ਰਹੇ ਹਨ ਕਿ ਕੋਈ ਵੀ ਪੇਪਰ ਲੀਕ ਨਹੀਂ ਹੋਇਆ। ਇਹ ਸਭ ਪੇਪਰ ਲੀਕ ਤੋਂ ਲਾਭ ਲੈਣ ਵਾਲਿਆਂ ਨੂੰ ਬਚਾਉਣ ਅਤੇ ਉਨ੍ਹਾਂ ਤੋਂ ਇਕੱਠੇ ਕੀਤੇ ਗਏ ਪੈਸੇ ਵਾਪਸ ਨਾ ਕਰਨ ਦੀ ਨੀਅਤ ਨਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਕੁੱਝ ਭਰਤੀ ਪ੍ਰੀਖਿਆਵਾਂ 'ਤੇ ਰੋਕ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਕਾਲੀ ਦਲ 'ਤੇ ਪੂਰਾ ਭਰੋਸਾ ਹੈ, ਇਸੇ ਲਈ ਉਹ ਪਾਰਟੀ ਕੋਲ ਇਨਸਾਫ਼ ਦੀ ਉਮੀਦ ਨਾਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਨੌਜਵਾਨਾਂ ਦੇ ਨਾਲ ਖੜ੍ਹੇ ਰਹੇ ਹਾਂ ਅਤੇ ਪੇਪਰ ਲੀਕ ਕਾਰਨ ਪ੍ਰਭਾਵਿਤ ਹੋਏ 5 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰਾਂਗੇ। ਨਾਲ ਹੀ ਇਸ ਰੈਕੇਟ ’ਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿਵਾਉਣ ਲਈ ਸੰਘਰਸ਼ ਵੀ ਕਰਾਂਗੇ। ਉਨ੍ਹਾਂ ਐਲਾਨ ਕੀਤਾ ਕਿ ਇਸ ਮੁੱਦੇ 'ਤੇ ਸੂਬਾ ਸਰਕਾਰ ਖ਼ਿਲਾਫ਼ ਅਗਲੀ ਰਣਨੀਤੀ ਤੈਅ ਕਰਨ ਲਈ ਪਾਰਟੀ ਵੀਰਵਾਰ ਨੂੰ ਐਮਰਜੈਂਸੀ ਮੀਟਿੰਗ ਕਰੇਗੀ। ਸੱਤਾਧਿਰ ਦੇ ਨੁਮਾਇੰਦਿਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ ਸੌਂਪੇ ਗਏ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਦੇ ਸਪੱਸ਼ਟੀਕਰਨ ਅਤੇ ਸੋਧੇ ਹੋਏ ਖਰੜੇ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ ਸੋਧੇ ਹੋਏ ਖਰੜੇ ਦੀ ਜਾਂਚ ਕਰਨਗੇ ਕਿ ਕੀ ਧਾਰਮਿਕ ਇਤਰਾਜ਼ਾਂ ਨੂੰ ਦੂਰ ਕੀਤਾ ਗਿਆ ਹੈ ਜਾਂ ਨਹੀਂ।
ਚੋਰਾਂ ਦੇ ਹੌਸਲੇ ਬੁਲੰਦ: ਦਿਨ-ਦਿਹਾੜੇ ਘਰ ਦੀ ਕੰਧ ਟੱਪ ਕੇ 20 ਤੋਲੇ ਸੋਨਾ ਅਤੇ ਨਕਦੀ ਕੀਤੀ ਚੋਰੀ
NEXT STORY