ਮਹਿਲ ਕਲਾਂ (ਹਮੀਦੀ): ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਪਿੰਡ ਗੰਗੋਹਰ ਨੇੜੇ ਬੱਸ ਅਤੇ ਕਾਰ ਵਿਚਕਾਰ ਹੋਈ ਜ਼ਬਰਦਸਤ ਟੱਕਰ ਨੇ ਇਕ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ਵਿਚ ਬਦਲ ਦਿੱਤੀਆਂ। ਇਸ ਦਰਦਨਾਕ ਸੜਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬੱਸ ਵਿਚ ਸਵਾਰ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੱਕਰ ਤੋਂ ਬਾਅਦ ਦੋਵੇਂ ਵਾਹਨ ਸੜਕ ਤੋਂ ਬੇਕਾਬੂ ਹੋ ਕੇ ਖੇਤਾਂ ਵਿਚ ਜਾ ਡਿੱਗੇ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਮਿਲੀ ਜਾਣਕਾਰੀ ਅਨੁਸਾਰ ਸਵਾਰੀਆਂ ਨਾਲ ਭਰੀ ਇਕ ਨਿੱਜੀ ਕੰਪਨੀ ਦੀ ਬੱਸ ਬਰਨਾਲਾ ਤੋਂ ਲੁਧਿਆਣਾ ਵੱਲ ਜਾ ਰਹੀ ਸੀ, ਜਦਕਿ ਦੂਜੇ ਪਾਸੇ ਤੋਂ ਲੁਧਿਆਣਾ ਵੱਲੋਂ ਇਕ ਕਾਰ ਬਰਨਾਲਾ ਵੱਲ ਆ ਰਹੀ ਸੀ। ਜਿਵੇਂ ਹੀ ਦੋਵੇਂ ਵਾਹਨ ਪਿੰਡ ਗੰਗੋਹਰ ਨੇੜੇ ਪਹੁੰਚੇ ਤਾਂ ਉਨ੍ਹਾਂ ਵਿਚਕਾਰ ਭਿਆਨਕ ਟੱਕਰ ਹੋ ਗਈ। ਟੱਕਰ ਦੌਰਾਨ ਕਾਰ ਬੱਸ ਦੇ ਹੇਠਾਂ ਜਾ ਵੜੀ ਅਤੇ ਦੋਵੇਂ ਵਾਹਨ ਸੜਕ ਕਿਨਾਰੇ ਖੇਤਾਂ ਵਿਚ ਜਾ ਡਿੱਗੇ। ਇਸ ਹਾਦਸੇ ਵਿਚ ਕਾਰ ਚਾਲਕ ਨੌਜਵਾਨ ਦੀ ਜਾਨ ਚਲੀ ਗਈ, ਜਦਕਿ ਬੱਸ ਵਿਚ ਸਵਾਰ ਚਾਰ ਵਿਅਕਤੀ ਜ਼ਖ਼ਮੀ ਹੋ ਗਏ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਹਿਲ ਕਲਾਂ ਦੀ ਪੁਲਸ ਦੇ ਏ.ਐੱਸ.ਆਈ. ਜਗਜੀਵਨ ਸਿੰਘ ਅਤੇ ਮੁਣਸ਼ੀ ਜਗਦੀਪ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ। ਪੁਲਸ ਵੱਲੋਂ ਸਥਿਤੀ ਦਾ ਜਾਇਜ਼ਾ ਲੈਂਦਿਆਂ ਹਾਦਸੇ ਦੀ ਜਾਂਚ ਸ਼ੁਰੂ ਕੀਤੀ ਗਈ। ਪੁਲਸ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਗਗਨਦੀਪ ਸਿੰਘ ਵਾਸੀ ਫਤਿਆਵਾਦ, ਹਰਿਆਣਾ ਵਜੋਂ ਹੋਈ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਹਾਦਸੇ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਾਇਆ ਗਿਆ, ਜਦਕਿ ਮ੍ਰਿਤਕ ਦੀ ਲਾਸ਼ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ। ਪੁਲਸ ਅਨੁਸਾਰ ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਵੱਡੀ ਖ਼ਬਰ: 4 ਦਿਨ ਪਹਿਲਾਂ ਪੰਜਾਬ ਆਈ NRI ਮਹਿਲਾ ਦਾ ਕਤਲ!
NEXT STORY