ਚੰਡੀਗੜ੍ਹ (ਅੰਕੁਰ ਤਾਂਗੜੀ): ਪੰਜਾਬ ਦੀ ਸਿਆਸਤ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋਣ ਦੇ ਨਾਲ ਹੀ ਪੰਥਕ ਸਿਆਸਤ ਦਾ ਰੰਗ ਵੀ ਗੂੜ੍ਹਾ ਹੁੰਦਾ ਜਾ ਰਿਹਾ ਹੈ। ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ ਅਜਨਾਲਾ ਹਲਕੇ ਤੋਂ ਦਲਜੀਤ ਸਿੰਘ ਕਲਸੀ ਅਤੇ ਮੋਗਾ ਤੋਂ ਗੁਰਮੀਤ ਸਿੰਘ ਬੁੱਕਣਵਾਲਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਪਾਰਟੀ ਵੱਲੋਂ ਐਲਾਨੇ ਗਏ ਦੋਵੇਂ ਉਮੀਦਵਾਰ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਮਾਮਲੇ ਕਾਰਨ ਚਰਚਾ ਵਿਚ ਰਹੇ ਹਨ। ਦਲਜੀਤ ਸਿੰਘ ਕਲਸੀ ਅਤੇ ਗੁਰਮੀਤ ਸਿੰਘ ਬੁੱਕਣਵਾਲਾ ਦੋਵੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਬੰਦ ਰਹਿ ਚੁੱਕੇ ਹਨ। ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵਿਰੁੱਧ ਕਾਰਵਾਈ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਦਲਜੀਤ ਸਿੰਘ ਕਲਸੀ ਦਾ ਨਾਂ ਪੰਜਾਬੀ ਫਿਲਮ ਉਦਯੋਗ ਨਾਲ ਵੀ ਜੁੜਿਆ ਰਿਹਾ ਹੈ। ਉਹ ਪੰਜਾਬੀ ਫਿਲਮਾਂ ਵਿਚ ਅਦਾਕਾਰੀ ਕਰ ਚੁੱਕੇ ਹਨ ਅਤੇ ਦੀਪ ਸਿੱਧੂ ਨਾਲ ਵੀ ਸਰਗਰਮ ਰਹੇ ਹਨ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਲਸੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਉੱਤੇ ਕਥਿਤ ਤੌਰ ’ਤੇ ਫੰਡਿੰਗ ਨਾਲ ਜੁੜੇ ਦੋਸ਼ ਲਗਾਏ ਗਏ ਸਨ। ਇਸ ਮਾਮਲੇ ਤਹਿਤ ਉਨ੍ਹਾਂ ’ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾਇਆ ਗਿਆ ਸੀ।
ਹੁਣ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਉਨ੍ਹਾਂ ਨੂੰ ਅਜਨਾਲਾ ਵਰਗੇ ਅਹਿਮ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਅਜਨਾਲਾ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਘਟਨਾਕ੍ਰਮ ਦੌਰਾਨ ਅਜਨਾਲਾ ਥਾਣੇ ਦੇ ਬਾਹਰ ਵੱਡਾ ਵਿਵਾਦ ਖੜ੍ਹਾ ਹੋਇਆ ਸੀ। ਇਸੇ ਪਿਛੋਕੜ ਕਾਰਨ ਇਸ ਹਲਕੇ ਤੋਂ ਕਲਸੀ ਦੀ ਉਮੀਦਵਾਰੀ ਨੂੰ ਪੰਥਕ ਸਿਆਸਤ ਦੇ ਨਜ਼ਰੀਏ ਨਾਲ ਵੀ ਅਹਿਮ ਮੰਨਿਆ ਜਾ ਰਿਹਾ ਹੈ।
ਦੂਜੇ ਪਾਸੇ ਮੋਗਾ ਤੋਂ ਗੁਰਮੀਤ ਸਿੰਘ ਬੁੱਕਣਵਾਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਬੁੱਕਣਵਾਲਾ ਵੀ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਮਾਮਲੇ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਰਹਿ ਚੁੱਕੇ ਹਨ। ਪਾਰਟੀ ਵੱਲੋਂ ਦੋਵਾਂ ਉਮੀਦਵਾਰਾਂ ਦੇ ਐਲਾਨ ਨਾਲ ਇਹ ਸੰਕੇਤ ਮਿਲਦਾ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ 2027 ਦੀਆਂ ਚੋਣਾਂ ਵਿੱਚ ਪੰਥਕ ਮੁੱਦਿਆਂ ਨੂੰ ਕੇਂਦਰ ਵਿੱਚ ਰੱਖ ਕੇ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਹੁਣ ਤੱਕ ਕੁੱਲ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਾਰਟੀ ਨੇ ਪਠਾਨਕੋਟ ਹਲਕੇ ਤੋਂ ਸਤਵੰਤ ਸਿੰਘ ਨੂੰ ਉਮੀਦਵਾਰ ਐਲਾਨਿਆ ਸੀ। ਸਤਵੰਤ ਸਿੰਘ, ਕੇਹਰ ਸਿੰਘ ਦੇ ਪੁੱਤਰ ਹਨ। ਕੇਹਰ ਸਿੰਘ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਸਾਜ਼ਿਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।
ਪਾਰਟੀ ਵੱਲੋਂ ਪਹਿਲਾਂ ਹੀ ਇਹ ਗੱਲ ਕਹੀ ਗਈ ਹੈ ਕਿ ਸਿੱਖ ਕੌਮ ਲਈ ਕੁਰਬਾਨੀਆਂ ਦੇਣ ਵਾਲਿਆਂ ਅਤੇ ਸ਼ਹੀਦ ਪਰਿਵਾਰਾਂ ਨੂੰ ਸਿਆਸੀ ਨੁਮਾਇੰਦਗੀ ਦੇਣ ਲਈ ਟਿਕਟਾਂ ਦਿੱਤੀਆਂ ਜਾਣਗੀਆਂ। ਇਸੇ ਕਾਰਨ ਪਹਿਲੇ ਤਿੰਨ ਉਮੀਦਵਾਰਾਂ ਦੇ ਐਲਾਨ ਨੂੰ ਪੰਥਕ ਸਿਆਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹੁਣ ਅਜਨਾਲਾ ਅਤੇ ਮੋਗਾ ਦੋਵਾਂ ਹਲਕਿਆਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰਾਂ ਦੀ ਟੱਕਰ ਮੌਜੂਦਾ ਸਿਆਸੀ ਧਿਰਾਂ ਨਾਲ ਹੋਵੇਗੀ। ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਹਨ, ਜਦਕਿ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ ਵਿਧਾਇਕ ਹਨ। ਅਜਨਾਲਾ ਤੋਂ ਦਲਜੀਤ ਸਿੰਘ ਕਲਸੀ ਦੀ ਉਮੀਦਵਾਰੀ ਨੇ ਇਸ ਹਲਕੇ ਦੀ ਸਿਆਸੀ ਚਰਚਾ ਨੂੰ ਹੋਰ ਭਖਾ ਦਿੱਤਾ ਹੈ।
ਹੁਣ ਸਭ ਦੀਆਂ ਨਜ਼ਰਾਂ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਕੀਤੇ ਜਾਣ ਵਾਲੇ ਅਗਲੇ ਐਲਾਨਾਂ ’ਤੇ ਟਿਕੀਆਂ ਹਨ। ਤਿੰਨ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਥਕ ਮੁੱਦੇ ਇੱਕ ਵਾਰ ਫਿਰ ਕੇਂਦਰੀ ਭੂਮਿਕਾ ਨਿਭਾਉਣਗੇ। ਜਿਸ ਤਰ੍ਹਾਂ ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ, ਉਸ ਤੋਂ ਇਹ ਜ਼ਰੂਰ ਸਾਫ਼ ਹੁੰਦਾ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਆਪਣੀ ਸਿਆਸਤ ਵਿੱਚ ਪੰਥਕ ਏਜੰਡੇ ਨੂੰ ਖਾਸ ਥਾਂ ਦੇਣ ਦੀ ਰਣਨੀਤੀ ’ਤੇ ਅੱਗੇ ਵਧ ਰਿਹਾ ਹੈ।
ਆਜ਼ਾਦੀ ਦਿਹਾੜੇ ਤੋਂ ਪਹਿਲਾਂ DGP ਦੇ ਸਖ਼ਤ ਹੁਕਮ, ਅਧਿਕਾਰੀਆਂ ਨੂੰ ਚੌਕਸੀ ਵਧਾਉਣ ਦੇ ਦਿੱਤੇ ਨਿਰਦੇਸ਼
NEXT STORY