ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਯੂਨੀਵਰਸਿਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੀ. ਯੂ. ਵੱਲੋਂ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਸਤੰਬਰ ਦੇ ਪਹਿਲੇ ਹਫ਼ਤੇ ਕਰਵਾਉਣ ਲਈ ਯੂ. ਟੀ. ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲਸ ਤੋਂ ਮਨਜ਼ੂਰੀ ਮੰਗੀ ਗਈ ਹੈ। ਯੂਨੀਵਰਸਿਟੀ ਵੱਲੋਂ ਇਸ ਸਬੰਧੀ ਪ੍ਰਸਤਾਵ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਿਆ ਗਿਆ ਹੈ। ਸੂਤਰਾਂ ਮੁਤਾਬਕ 3 ਸਤੰਬਰ ਨੂੰ ਚੋਣਾਂ ਕਰਵਾਏ ਜਾਣ ਦੀ ਸਭ ਤੋਂ ਵੱਧ ਸੰਭਾਵਨਾ ਹੈ। ਯੂਨੀਵਰਸਿਟੀ ਦੇ ਇੱਕ ਅਧਿਕਾਰੀ ਅਨੁਸਾਰ ਯੂ. ਟੀ. ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲਸ ਤੋਂ ਚੋਣਾਂ ਕਰਵਾਉਣ ਦੀ ਮਨਜ਼ੂਰੀ ਮੰਗੀ ਗਈ ਹੈ। ਹਾਲਾਂਕਿ ਪ੍ਰਸਤਾਵ 'ਚ ਚੋਣਾਂ ਲਈ ਕੋਈ ਤੈਅ ਤਾਰੀਖ਼ ਨਹੀਂ ਦਿੱਤੀ ਗਈ। ਯੂਨੀਵਰਸਿਟੀ ਨੇ ਸਤੰਬਰ ਦੇ ਪਹਿਲੇ ਹਫ਼ਤੇ 'ਚ ਚੋਣਾਂ ਕਰਵਾਉਣ ਦੀ ਇਜਾਜ਼ਤ ਮੰਗੀ ਹੈ। ਦਰਅਸਲ, 4 ਸਤੰਬਰ ਨੂੰ ਜਨਮਾਸ਼ਟਮੀ ਦੀ ਛੁੱਟੀ ਹੈ। ਇਸ ਕਾਰਨ 2 ਸਤੰਬਰ ਬੁੱਧਵਾਰ ਜਾਂ 3 ਸਤੰਬਰ ਵੀਰਵਾਰ ਨੂੰ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਹੈ।
ਯੂਨੀਵਰਸਿਟੀ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਲੰਬੀ ਛੁੱਟੀ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਚੋਣਾਂ ਦੀ ਆਖ਼ਰੀ ਤਾਰੀਖ਼ ਯੂ. ਟੀ. ਪ੍ਰਸ਼ਾਸਨ ਦੇ ਹੋਮ ਵਿਭਾਗ ਵੱਲੋਂ ਤੈਅ ਕੀਤੀ ਜਾਵੇਗੀ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਚੋਣਾਂ ਸਬੰਧੀ ਪ੍ਰਸਤਾਵ ਪ੍ਰਾਪਤ ਹੋ ਗਿਆ ਹੈ ਅਤੇ ਇਸ ਨੂੰ ਹੋਮ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਹਰ ਸਾਲ ਚੋਣਾਂ ਦੀ ਤਾਰੀਖ਼ ਤੈਅ ਕਰਨ ਤੋਂ ਪਹਿਲਾਂ ਚੰਡੀਗੜ੍ਹ ਪੁਲਸ, ਪ੍ਰਸ਼ਾਸਨ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਵਿਚਕਾਰ ਮੀਟਿੰਗ ਕਰਕੇ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਬਾਰੇ ਚਰਚਾ ਕੀਤੀ ਜਾਂਦੀ ਹੈ। ਇਸ ਵਾਰ ਪੀ. ਯੂ. ਵਿਦਿਆਰਥੀ ਕੌਂਸਲ ਦੀਆਂ ਚੋਣਾਂ ਯੂਨੀਵਰਸਿਟੀ ਦੀ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਮੀਨਾਕਸ਼ੀ ਗੋਇਲ ਦੀ ਦੇਖ-ਰੇਖ ਹੇਠ ਹੋਣਗੀਆਂ। ਪ੍ਰੋ. ਗੋਇਲ, ਪ੍ਰੋ. ਰੇਣੂ ਵਿਗ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਕਾਰਜਕਾਰੀ ਵਾਈਸ ਚਾਂਸਲਰ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਹਨ।
ਪਿਛਲੇ ਸਾਲ ਪੀ. ਯੂ. ਵਿਦਿਆਰਥੀ ਕੌਂਸਲ ਦੀਆਂ ਚੋਣਾਂ 3 ਸਤੰਬਰ ਨੂੰ ਹੋਈਆਂ ਸਨ। ਉਸ ਸਮੇਂ 16,124 ਵਿਦਿਆਰਥੀ ਵੋਟ ਪਾਉਣ ਦੇ ਯੋਗ ਸਨ, ਜਿਨ੍ਹਾਂ ਵਿੱਚੋਂ 9,535 ਵਿਦਿਆਰਥੀਆਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਸੀ। ਪਿਛਲੀਆਂ ਚੋਣਾਂ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਪਹਿਲੀ ਵਾਰ ਪ੍ਰਧਾਨ ਦੇ ਅਹੁਦੇ 'ਤੇ ਜਿੱਤ ਦਰਜ ਕੀਤੀ ਸੀ। ਇਸ ਤੋਂ ਇਲਾਵਾ ਯੂਨੀਵਰਸਿਟੀ 'ਚ 20 ਸਤੰਬਰ ਨੂੰ ਪੀ. ਯੂ. ਸੈਨੇਟ ਚੋਣਾਂ ਵੀ ਪ੍ਰਸਤਾਵਿਤ ਹਨ। ਇਸ ਕਾਰਨ ਵਿਦਿਆਰਥੀ ਕੌਂਸਲ ਚੋਣਾਂ ਅਤੇ ਸੈਨੇਟ ਚੋਣਾਂ ਵਿਚਕਾਰ ਵੀ ਜ਼ਿਆਦਾ ਸਮਾਂ ਨਹੀਂ ਰਹੇਗਾ। ਚੋਣਾਂ ਦੀ ਤਾਰੀਖ਼ ਤੈਅ ਹੋਣ ਤੋਂ ਬਾਅਦ ਵਿਦਿਆਰਥੀ ਸੰਗਠਨਾਂ ਦੀਆਂ ਸਰਗਰਮੀਆਂ ਵੀ ਤੇਜ਼ ਹੋਣ ਦੀ ਸੰਭਾਵਨਾ ਹੈ।
Big Breaking : ਪੰਜਾਬ ਦੇ ਵੱਡੇ ਕਿਸਾਨ ਆਗੂ ਦੇ ਭਰਾ ਦਾ ਘਰ 'ਚ ਗੋਲ਼ੀਆਂ ਮਾਰ ਕੇ ਕਤਲ
NEXT STORY